ਸਰਾਵਾਂ ’ਤੇ ਟੈਕਸ ਲਾਉਣ ਦਾ ‘ਆਪ’ ਵੱਲੋਂ ਵਿਰੋਧ

ਸਰਾਵਾਂ ’ਤੇ ਟੈਕਸ ਲਾਉਣ ਦਾ ‘ਆਪ’ ਵੱਲੋਂ ਵਿਰੋਧ

ਸਰਾਵਾਂ ’ਤੇ ਟੈਕਸ ਲਾਉਣ ਦਾ ‘ਆਪ’ ਵੱਲੋਂ ਵਿਰੋਧ
ਅੰਮ੍ਰਿਤਸਰ-ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ’ਤੇ ਕੇਂਦਰ ਸਰਕਾਰ ਵਲੋਂ 12 ਫ਼ੀਸਦ ਜੀਐੱਸਟੀ ਲਾਉਣ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਅੱਜ ਇੱਥੇ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਅਤੇ ਮਾਰਚ ਕੀਤਾ ਗਿਆ। ਰੋਸ ਮਾਰਚ ਵਿੱਚ ‘ਆਪ’ ਆਗੂਆਂ, ਵਾਲੰਟੀਅਰਾਂ ਅਤੇ ਸਿੱਖ ਸੰਗਤ ਨੇ ਸ਼ਮੂਲੀਅਤ ਕੀਤੀ। ਸੂਬਾ ਪੱਧਰੀ ਰੋਸ ਵਿਖਾਵੇ ਦੀ ਅਗਵਾਈ ਸੂਬਾ ਸਕੱਤਰ ਗੁਰਦੇਵ ਸਿੰਘ ਲਾਖਣਾ, ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ, ਖਡੂਰ ਸਾਹਿਬ ਲੋਕ ਸਭਾ ਇੰਚਾਰਜ ਬਲਜੀਤ ਸਿੰਘ ਖਹਿਰਾ ਅਤੇ ਸਕੱਤਰ ਜਸਪ੍ਰੀਤ ਸਿੰਘ ਵੱਲੋਂ ਕੀਤੀ ਗਈ। ਪ੍ਰਦਰਸ਼ਨਕਾਰੀ ਪਹਿਲਾਂ ਭੰਡਾਰੀ ਪੁਲ ’ਤੇ ‘ਆਪ’ ਦੇ ਦਫ਼ਤਰ ਨੇੜੇ ਇਕੱਠੇ ਹੋਏ। ਉਨ੍ਹਾਂ ਟੈਕਸ ਵਿਰੋਧੀ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰਿਆਂ ਵਾਲੀਆਂ ਤਖਤੀਆਂ ਤੇ ਬੈਨਰ ਆਦਿ ਚੁੱਕੇ ਹੋਏ ਸਨ। ਤਖਤੀਆਂ, ਬੈਨਰਾਂ ’ਤੇ ‘ਭਾਜਪਾ ਸਰਕਾਰ ਪੰਜਾਬ ਵਿਰੋਧੀ-ਭਾਜਪਾ ਸਰਕਾਰ ਸ਼ਰਧਾਲੂ ਵਿਰੋਧੀ’ ਅਤੇ ‘ਸਰਾਵਾਂ ਉੱਤੇ ਹਮਲੇ ਬੰਦ ਕਰੋ’ ਆਦਿ ਨਾਅਰੇ ਲਿਖੇ ਹੋਏ ਸਨ। ਪ੍ਰਦਰਸ਼ਨਕਾਰੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਤੇ ਮਾਰਚ ਕਰਦੇ ਹੋਏ ਹਾਲ ਗੇਟ ਪੁੱਜੇ। ਸੂਬਾ ਸਕੱਤਰ ਗੁਰਦੇਵ ਸਿੰਘ ਲਾਖਣਾ ਨੇ ਕਿਹਾ ਕਿ ਸਿੱਖ ਸਰਾਵਾਂ ’ਤੇ 12 ਫ਼ੀਸਦ ਜੀਐੱਸਟੀ ਲਾਉਣਾ ਮੋਦੀ ਸਰਕਾਰ ਦਾ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਫੈਸਲਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਧਾਰਮਿਕ ਸਥਾਨਾਂ ’ਤੇ ਜੀਐੱਸਟੀ ਲਾਉਣ ਨੂੰ ‘ਜਜ਼ੀਆ ਟੈਕਸ’ ਕਰਾਰ ਦਿੰਦਿਆਂ ਕਿਹਾ ਕਿ ਇਹ ਟੈਕਸ ਤਾਂ ਕਾਰੋਬਾਰਾਂ ’ਤੇ ਲੱਗਦਾ ਹੈ। ਜਦਕਿ ਸਰਾਵਾਂ ਸਿਰਫ਼ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਦੀਆਂ ਸਹੂਲਤਾਂ ਲਈ ਬਣਾਈਆਂ ਗਈਆਂ ਹਨ ਜਿੱਥੇ ਕਿਸੇ ਦਾ ਕੋਈ ਨਿੱਜੀ ਫਾਇਦਾ ਨਹੀਂ ਜੁੜਿਆ ਹੋਇਆ। ਜ਼ਿਲ੍ਹਾ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਭਾਜਪਾ ਹਮੇਸ਼ਾ ਹੀ ਧਰਮ ਦੀ ਰਾਜਨੀਤੀ ਕਰਦੀ ਰਹੀ ਹੈ। 

Radio Mirchi