ਪ੍ਰਧਾਨ ਮੰਤਰੀ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਨ: ਮਜੀਠੀਆ

ਪ੍ਰਧਾਨ ਮੰਤਰੀ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਨ: ਮਜੀਠੀਆ
ਪਟਿਆਲਾ-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਟਿਆਲਾ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ 75ਵੇਂ ਆਜ਼ਾਦੀ ਸਮਾਰੋਹ ਮੌਕੇ ਬੰਦੀ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਬਲਵੰਤ ਸਿੰਘ ਰਾਜੋਆਣਾ ਨੂੰ ਵੀ ਮਿਲੇ ਹਨ ਅਤੇ ਉਹ ਭਾਰਤੀ ਸੰਵਿਧਾਨ ਦਾ ਪੂਰਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਮਜੀਠੀਆ ਨੇ ਨਵਜੋਤ ਸਿੱਧੂ ਦਾ ਨਾਮ ਲਏ ਬਗੈਰ ਕਿਹਾ,‘‘ਮੇਰੇ ਖ਼ਿਲਾਫ਼ ਜ਼ੁਲਮ ਕਰਨ ਵਾਲੇ ਵੀ ਮੇਰੇ ਗੁਆਂਢ ਵਿਚ ਹੀ ਜੇਲ੍ਹ ਵਿਚ ਸਨ। ਜੋ ਜ਼ੁਲਮ ਕਰਦੇ ਹਨ ਉਹ ਵੀ ਆਖ਼ਿਰ ਜ਼ੁਲਮ ਦਾ ਸ਼ਿਕਾਰ ਹੁੰਦੇ ਹਨ।’’ ਆਪਣੇ ਵਿਰੋਧੀਆਂ ਨੂੰ ਮੁਆਫ਼ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਪਰ ਅਜਿਹਾ ਨਾ ਕੀਤਾ ਜਾਵੇ ਕਿ ਦੁਸ਼ਮਣੀਆਂ ਬਣ ਜਾਣ। ‘ਕਿੜ੍ਹਾਂ ਕੱਢਣ ਵਾਲੀ ਰਾਜਨੀਤੀ ਕਦੇ ਵੀ ਨਹੀਂ ਕਰਨੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਲੜਨ ਤੋਂ ਰੋਕਣ ਲਈ ਸਾਜ਼ਿਸ਼ ਘੜੀ ਸੀ। ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਜੋ ਕੁਝ ਵੀ ਹੁੰਦਾ ਹੈ, ਉਸ ਬਾਰੇ ਉਹ ਆਉਂਦੇ ਦਿਨਾਂ ਵਿਚ ਖ਼ੁਲਾਸਾ ਕਰਨਗੇ। ਬਾਅਦ ’ਚ ਮਜੀਠੀਆ ਸ੍ਰੀ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਚ ਨਤਮਸਤਕ ਹੋਏ।