ਸੰਸਦ ਮੈਂਬਰ ਰਵਨੀਤ ਬਿੱਟੂ ਦੇ ਪੀਏ ’ਤੇ ਹਮਲਾ

ਸੰਸਦ ਮੈਂਬਰ ਰਵਨੀਤ ਬਿੱਟੂ ਦੇ ਪੀਏ ’ਤੇ ਹਮਲਾ
ਲੁਧਿਆਣਾ-ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਪੀਏ ਹਰਜਿੰਦਰ ਸਿੰਘ ਢੀਂਡਸਾ ’ਤੇ ਅੱਜ ਸਵੇਰੇ ਅਣਪਛਾਤਿਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਹ ਘਟਨਾ ਇਥੇ ਫ਼ਿਰੋਜ਼ਪੁਰ ਰੋਡ ਸਥਿਤ ਇਆਲੀ ਚੌਕ ਕੋਲ ਵਾਪਰੀ। ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਢੀਂਡਸਾ ਆਪਣੇ ਪਿੰਡ ਥਰੀਕੇ ਤੋਂ ਨਿੱਕਲ ਕੇ ਇਆਲੀ ਚੌਕ ਤੋਂ ਇੱਕ ਬੱਸ ਕੋਲ ਜਾ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲਾਂ ’ਤੇ ਆਏ 10 ਤੋਂ 15 ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ।
ਤਲਵਾਰਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਾਰ ਕਰੀਬ ਪੰਜ ਮਿੰਟ ਤੱਕ ਉਸ ’ਤੇ ਵਾਰ ਕਰਦੇ ਰਹੇ। ਇਸ ਹਮਲੇ ’ਚ ਹਰਜਿੰਦਰ ਸਿੰਘ ਦੇ ਸਿਰ ’ਤੇ ਡੂੰਘੀਆਂ ਸੱਟਾਂ ਲੱਗੀਆਂ ਹਨ। ਹਰਜਿੰਦਰ ਸਿੰਘ ਨੂੰ ਫ਼ਿਰੋਜ਼ਪੁਰ ਰੋਡ ’ਤੇ ਸਥਿਤ ਪ੍ਰਾਈਵੇਟ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਹਮਲਾਵਰਾਂ ਨੇ ਆਪਣੇ ਮੂੰਹ ਲਪੇਟੇ ਹੋਏ ਸਨ। ਹਰਜਿੰਦਰ ਸਿੰਘ ’ਤੇ ਹਮਲੇ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਮੇਅਰ ਬਲਕਾਰ ਸਿੰਘ ਸਣੇ ਵੱਡੀ ਗਿਣਤੀ ਆਗੂ ਪੁੱਜੇ। ਦੇਰ ਸ਼ਾਮ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ। ਪੁਲੀਸ ਕਮਿਸ਼ਨਰ ਕੌਸਤਬ ਸ਼ਰਮਾ ਨੇ ਕਿਹਾ ਕਿ ਹਰਜਿੰਦਰ ਦੀ ਬੱਸ ਟਰਾਂਸਪੋਰਟ ਹੈ। ਉਨ੍ਹਾਂ ਦੇ ਬੱਸ ਦੇ ਡਰਾਈਵਰ ਨਾਲ ਕਿਸੇ ਦਾ ਵਿਵਾਦ ਹੋਇਆ ਸੀ। ਉਸੇ ਮਾਮਲੇ ਵਿੱਚ ਅੱਜ ਇਹ ਕੁੱਟਮਾਰ ਹੋਈ ਹੈ। ਪੁਲੀਸ ਨੇ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।