ਟੈਂਡਰ ਘੁਟਾਲਾ: ਆਸ਼ੂ ਨੂੰ ਪਟਿਆਲਾ ਜੇਲ੍ਹ ਭੇਜਿਆ

ਟੈਂਡਰ ਘੁਟਾਲਾ: ਆਸ਼ੂ ਨੂੰ ਪਟਿਆਲਾ ਜੇਲ੍ਹ ਭੇਜਿਆ
ਲੁਧਿਆਣਾ-ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ’ਚ ਗ੍ਰਿਫ਼ਤਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਸਥਾਨਕ ਕੋਰਟ ਨੇ ਅੱਜ ਨਿਆਂਇਕ ਰਿਮਾਂਡ ਤਹਿਤ ਜੇਲ੍ਹ ਭੇਜ ਦਿੱਤਾ ਹੈ। ਲੁਧਿਆਣਾ ਜੇਲ੍ਹ ਵਿੱਚ ਥਾਂ ਤੇ ਸੁੁਰੱਖਿਆ ਦੀ ਘਾਟ ਕਰਕੇ ਸਾਬਕਾ ਮੰਤਰੀ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ। ਆਸ਼ੂ ਨੂੰ 8 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਚੌਥੀ ਵਾਰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਵਿਜੀਲੈਂਸ ਟੀਮ ਨੇ ਆਸ਼ੂ ਨੂੰ ਅੱਜ ਨਿਰਧਾਰਿਤ ਸਮੇਂ ਨਾਲੋਂ ਇਕ ਘੰਟਾ ਪਹਿਲਾਂ ਹੀ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਟੀਮ ਨੇ ਅਦਾਲਤ ਨੂੰ ਹੁੁਣ ਤੱਕ ਦੀ ਜਾਂਚ ਬਾਰੇ ਦੱਸਿਆ ਤੇ ਆਸ਼ੂ ਦਾ ਪੁਲੀਸ ਰਿਮਾਂਡ ਤਿੰਨ ਦਿਨ ਹੋਰ ਵਧਾਉਣ ਦੀ ਮੰਗ ਕੀਤੀ। ਕੋਰਟ ਨੇ ਵਿਜੀਲੈਂਸ ਦੀ ਇਹ ਮੰਗ ਖਾਰਜ ਕਰਦੇ ਹੋਏ ਸਾਬਕਾ ਮੰਤਰੀ ਨੂੰ ਨਿਆਂਇਕ ਹਿਰਾਸਤ ’ਚ ਭੇਜਣ ਦੇ ਹੁਕਮ ਕਰ ਦਿੱਤੇ।
ਇਸ ਮਗਰੋਂ ਵਿਜੀਲੈਂਸ ਦੀ ਟੀਮ ਆਸ਼ੂ ਨੂੰ ਸਖ਼ਤ ਸੁਰੱਖਿਆ ’ਚ ਸਿਵਲ ਹਸਪਤਾਲ ਲੈ ਕੇ ਪੁੱਜੀ ਅਤੇ ਮੈਡੀਕਲ ਕਰਵਾ ਕੇ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਲੁਧਿਆਣਾ ਭੇਜ ਦਿੱਤਾ। ਜੇਲ੍ਹ ਪ੍ਰਸ਼ਾਸਨ ਵੱਲੋਂ ਉਥੇ ਸੁਰੱਖਿਆ ਦੇ ਨਾਲ ਜਗ੍ਹਾ ਦੀ ਘਾਟ ਦੇ ਹਵਾਲੇ ਨਾਲ ਆਸ਼ੂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਨੇ ਵਿਜੀਲੈਂਸ ਦੀ ਟੀਮ ਕੁਝ ਪ੍ਰਾਪਰਟੀਆਂ ਦੀ ਜਾਂਚ ਬਕਾਇਆ ਹੋਣ ਦੇ ਹਵਾਲੇ ਨਾਲ ਆਸ਼ੂ ਦਾ ਪੁਲੀਸ ਰਿਮਾਂਡ ਤਿੰਨ ਦਿਨ ਹੋਰ ਵਧਾਉਣ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਜਦੋਂ ਅਧਿਕਾਰੀਆਂ ਤੋਂ ਕਾਗਜ਼ਾਤ ਮੰਗੇ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ। ਇਸ ਮਗਰੋਂ ਅਦਾਲਤ ਨੇ ਆਸ਼ੂ ਨੂੰ ਨਿਆਂਇਕ ਹਿਰਾਸਤ ’ਚ ਭੇਜਣ ਦੇ ਹੁਕਮ ਕਰ ਦਿੱਤੇ। ਇਸ ਦੌਰਾਨ ਭਾਰਤ ਭੂਸ਼ਣ ਆਸ਼ੂ ਦੇ ਕੱਟੜ ਵਿਰੋਧੀ ਬਰਖਾਸਤ ਡੀਐੱਸਪੀ ਬਲਵਿੰਦਰ ਸੇਖੋਂ ਨੇ ਅੱਜ ਮੁੜ ਕੋਰਟ ਕੰਪਲੈਕਸ ਦੇ ਬਾਹਰ ਆਪਣੇ ਸਾਥੀਆਂ ਨਾਲ ਸਾਬਕਾ ਕੈਬਨਿਟ ਮੰਤਰੀ ਆਸ਼ੂ ਖਿਲਾਫ਼ ਨਾਅਰੇਬਾਜ਼ੀ ਕੀਤੀ।