ਅਮਰੀਕਾ ਵੱਲੋਂ ਪਾਕਿ ਨੂੰ ਤਿੰਨ ਕਰੋੜ ਡਾਲਰ ਦੀ ਮਦਦ ਦਾ ਐਲਾਨ

ਅਮਰੀਕਾ ਵੱਲੋਂ ਪਾਕਿ ਨੂੰ ਤਿੰਨ ਕਰੋੜ ਡਾਲਰ ਦੀ ਮਦਦ ਦਾ ਐਲਾਨ
ਵਾਸ਼ਿੰਗਟਨ-ਅਮਰੀਕਾ ਨੇ ਮੰਗਲਵਾਰ ਨੂੰ ਹੜ੍ਹਾਂ ਨਾਲ ਜੂਝ ਰਹੇ ਪਾਕਿਸਤਾਨ ਨੂੰ ਮਨੁੱਖੀ ਆਧਾਰ ’ਤੇ 3 ਕਰੋੜ ਡਾਲਰ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ, ‘‘ਅਸੀਂ ਇਸ ਮੁਸ਼ਕਲ ਘੜੀ ਵਿੱਚ ਪਾਕਿਸਤਾਨ ਦੇ ਨਾਲ ਖੜ੍ਹੇ ਹਾਂ।’’ ਉਨ੍ਹਾਂ ਕਿਹਾ, ‘‘ਪਾਕਿਸਤਾਨ ਦੇ ਭਿਆਨਕ ਹੜ੍ਹਾਂ ਦੀ ਮਾਰ ਹੇਠ ਆਉਣ ਕਾਰਨ ਅਮਰੀਕਾ ‘ਯੂਐੱਸਏਆਈਡੀ’ ਰਾਹੀਂ ਖਾਣਾ, ਸਾਫ ਪਾਣੀ ਅਤੇ ਪਨਾਹਗਾਹਾਂ ਜਿਹੀਆਂ ਅਹਿਮ ਸਹੂਲਤਾਂ ਲਈ ਮਦਦ ਮੁਹੱਈਆ ਕਰਵਾ ਰਿਹਾ ਹੈ।’’
ਵਿਦੇਸ਼ ਮੰਤਰਾਲੇ ਦੇ ਮੁੱਖ ਉਪ ਤਰਜਮਾਨ ਵੇਦਾਂਤ ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੜ੍ਹਾਂ ਨਾਲ ਲਗਪਗ 3.3 ਕਰੋੜ ਲੋਕ ਪ੍ਰਭਾਵਿਤ ਹੋਏ ਹਨ ਅਤੇ 1,100 ਤੋਂ ਵੱਧ ਲੋਕਾਂ ਦੀ ਜਾਨ ਗਈ ਹੈ ਜਦਕਿ 1,600 ਤੋਂ ਵੱਧ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ, ‘‘ਹੜ੍ਹਾਂ ਕਾਰਨ ਦਸ ਲੱਖ ਤੋਂ ਵੱਧ ਘਰਾਂ, ਜੀਵਨ ਨਿਰਬਾਹ ਦੇ ਵੱਡੇ ਸਰੋਤ 7,35,000 ਪਸ਼ੂਆਂ (ਪਸ਼ੂਧਨ) ਤੋਂ ਇਲਾਵਾ ਸੜਕਾਂ ਅਤੇ ਵੀਹ ਲੱਖ ਏਕੜ ਤੋਂ ਵੱਧ ਖੇਤੀਬਾੜੀ ਵਾਲੀ ਜ਼ਮੀਨ ਦਾ ਨੁਕਸਾਨ ਹੋਇਆ ਹੈ।’’ ਪਟੇਲ ਨੇ ਦੱਸਿਆ ਕਿ ‘ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ (ਯੂਐੱਸਏਆਈਡੀ) ਦੇ ਭਾਈਵਾਲ ਇਸ ਫੰਡ ਦੀ ਵਰਤੋਂ ਖਾਣਾ, ਪੋਸ਼ਣ, ਪੀਣ ਵਾਲਾ ਪਾਣੀ, ਸਫ਼ਾਈ, ਪਨਾਹ ਮੁਹੱਈਆ ਕਰਵਾਉਣ ਲਈ ਕਰੇਗਾ। ਉਨ੍ਹਾਂ ਮੁਤਾਬਕ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਯੂਐੱਸਏਆਈਡੀ ਦੇ ਆਫ਼ਤ ਪ੍ਰਬੰਧ ਮਾਹਿਰ ਸੋਮਵਾਰ ਨੂੰ ਇਸਲਾਮਾਬਾਦ (ਪਾਕਿਸਤਾਨ) ਪਹੁੰਚ ਗਏ ਹਨ।
ਨਿਊਯਾਰਕ:ਸੰਯੁਕਤ ਰਾਸ਼ਟਰ (ਯੂਐੱਨ) ਮੁਖੀ ਅੰਟੋਨੀਓ ਗੁਟੇਰੇਜ਼ ਅਗਲੇ ਹਫ਼ਤੇ ਹੜ੍ਹ ਪ੍ਰਭਾਵਿਤ ਪਾਕਿਸਤਾਨ ਦਾ ਦੌਰਾ ਕਰਨਗੇ। ਦੌਰੇ ਦੌਰਾਨ ਉਹ ਇਹ ਜਾਇਜ਼ਾ ਵੀ ਲੈਣਗੇ ਕਿ ਯੂਐੱਨ ਦੀਆਂ ਏਜੰਸੀਆਂ ਲੱਖਾਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕਿਵੇਂ ਕੰਮ ਕਰ ਰਹੀਆਂ ਹਨ। ਯੂਐੱਨ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਸਕੱਤਰ ਜਨਰਲ ਗੁਟੇਰੇਜ਼ ਇੱਕਜੁਟਤਾ ਦਿਖਾਉਣ ਲਈ ਪਾਕਿਸਤਾਨ ਦਾ ਦੌਰਾ ਕਰਨਗੇ। ਗੁਟੇਰੇਜ਼ 9 ਸਤੰਬਰ ਨੂੰ ਪਾਕਿਸਤਾਨ ਪਹੁੰਚ ਸਕਦੇ ਹਨ ਤੇ ਉਨ੍ਹਾਂ ਦੇ 11 ਸਤੰਬਰ ਨੂੰ ਨਿਊਯਾਰਕ ਵਾਪਸ ਆਉਣ ਦੀ ਉਮੀਦ ਹੈ। ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਬਾਰੇ ਤਰਜਮਾਨ ਅਸੀਮ ਇਖਤਿਖਾਰ ਨੇ ਯੂਐੱਨ ਮੁਖੀ ਦੀ ਫੇਰੀ ਦਾ ਸਵਾਗਤ ਕਰਦਿਆਂ ਕਿਹਾ, ‘‘ਇਹ ਦੌਰਾ ਇਸ ਤਬਾਹੀ ਕਾਰਨ ਹੋਇਆ ਨੁਕਸਾਨ ਦੁਨੀਆ ਸਾਹਮਣੇ ਲਿਆਉਣ ਵਿੱਚ ਸਾਡੀਆਂ ਸਾਂਝੀਆਂ ਕੋਸ਼ਿਸ਼ਾਂ ਵਿੱਚ ਵੱਡਾ ਯੋਗਦਾਨ ਪਾਵੇਗਾ।’’ ਉਧਰ ਸੰਯੁਕਤ ਰਾਸ਼ਟਰ ਦੀ ੲੇਜੰਸੀ ਯੂਐੱਨਐੱਫਪੀਏ ਮੁਤਾਬਕ ਪਾਕਿਸਤਾਨ ਦੇ ਹੜ੍ਹ ਪਭਾਵਿਤ ਇਲਾਕਿਆਂ ਵਿੱਚ 6.5 ਲੱਖ ਗਰਭਵਤੀ ਔਰਤਾਂ ਨੂੰ ਤੁਰੰਤ ਦੇਖਭਾਲ ਦੀ ਸਖ਼ਤ ਲੋੜ ਹੈ। ਸੰਯੁਕਤ ਰਾਸ਼ਟਰ ਜਨਸੰਖਿਆ ਫੰਡ (ਯੂਐੱਨਐੱਫਪੀਏ) ਨੇ ਇਹ ਚਿਤਾਵਨੀ ਵੀ ਦਿੱਤੀ ਕਿ ਜੂਨ ਦੀ ਸ਼ੁਰੂਆਤ ਤੋਂ ਹੜ੍ਹਾਂ ਨਾਲ ਜੂਝ ਰਹੇ ਪਾਕਿਸਤਾਨ ਵਿੱਚ 10 ਲੱਖ ਤੋਂ ਵੱਧ ਘਰ ਤਬਾਹ ਹੋ ਗਏ ਹਨ ਅਤੇ ਔਰਤਾਂ ਤੇ ਲੜਕੀਆਂ ਖ਼ਿਲਾਫ਼ ਲਿੰਗ ਅਧਾਰਿਤ ਹਿੰਸਾ (ਜੀਬੀਪੀ) ਦਾ ਖ਼ਤਰਾ ਵੀ ਵਧ ਗਿਆ ਹੈ। -