ਲਿਜ਼ ਟਰੱਸ ਬਰਤਾਨੀਆ ਦੀ ਨਵੀਂ ਪ੍ਰਧਾਨ ਮੰਤਰੀ

ਲਿਜ਼ ਟਰੱਸ ਬਰਤਾਨੀਆ ਦੀ ਨਵੀਂ ਪ੍ਰਧਾਨ ਮੰਤਰੀ
ਲੰਡਨ-ਯੂਕੇ ਦੀ ਵਿਦੇਸ਼ ਮੰਤਰੀ ਲਿਜ਼ ਟਰੱਸ(47) ਬਰਤਾਨੀਆ ਦੀ ਨਵੀਂ ਪ੍ਰਧਾਨ ਮੰਤਰੀ ਹੋਣਗੇ। ਉਹ ਮੰਗਲਵਾਰ ਨੂੰ ਅਹੁਦਾ ਸੰਭਾਲਣਗੇ। ਟਰੱਸ ਨੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਦੀ ਚੋਣ ਵਿੱਚ ਭਾਰਤੀ ਮੂਲ ਦੇ ਰਿਸ਼ੀ ਸੂਨਕ ਨੂੰ ਹਰਾਇਆ। ਟਰੱਸ, ਜੋ ਬਰਤਾਨੀਆ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੋਣਗੇ, ਬੋਰਿਸ ਜੌਹਨਸਨ ਦੀ ਥਾਂ ਲੈਣਗੇ। ਇਸ ਦੌਰਾਨ ਜੌਹਨਸਨ ਮੰਗਲਵਾਰ ਨੂੰ ਆਪਣਾ ਅਸਤੀਫਾ ਮਹਾਰਾਣੀ ਨੂੰ ਸੌਂਪਣਗੇ। ਟੋਰੀ ਮੈਂਬਰਾਂ ਨੇ ਕੰਜ਼ਰਵੇਟਿਵ ਪਾਰਟੀ ਦਾ ਆਗੂ ਚੁਣਨ ਲਈ 1.70 ਲੱਖ ਤੋਂ ਵੱਧ ਆਨਲਾਈਨ ਤੇ ਪੋਸਟਲ ਵੋਟਾਂ ਪਾਈਆਂ। ਟਰੱਸ ਦੀ ਜਿੱਤ ਨਾਲ ਭਾਰਤੀ ਮੂਲ ਦੇ ਕਿਸੇ ਵਿਅਕਤੀ ਦਾ 10 ਡਾਊਨਿੰਗ ਸਟਰੀਟ ਵਿੱਚ ਸਿਖਰਲੇ ਅਹੁਦੇ ਲਈ ਚੋਣ ਲੜਨ ਦਾ ਇਤਿਹਾਸਕ ਸਫ਼ਰ ਮੁੱਕ ਗਿਆ।
ਮੁਕਾਬਲੇ ਦੌਰਾਨ 82.6 ਫੀਸਦ ਪੋਲਿੰਗ ਹੋਈ ਤੇ ਟਰੱਸ ਨੂੰ 81,326 ਵੋਟਾਂ ਜਦੋਂਕਿ ਸੂਨਕ ਨੂੰ 60,399 ਵੋਟਾਂ ਪਈਆਂ। ਕੁੱਲ ਮਿਲਾ ਕੇ 1,72,437 ਯੋਗ ਟੋਰੀ ਵੋਟਰਾਂ ਨੇ ਪੋਲਿੰਗ ਵਿੱਚ ਹਿੱਸਾ ਲਿਆ ਤੇ ਇਸ ਦੌਰਾਨ 654 ਵੋਟਾਂ ਰੱਦ ਹੋਈਆਂ। ਨਤੀਜਿਆਂ ਦਾ ਐਲਾਨ ਰਿਟਰਨਿੰਗ ਅਧਿਕਾਰੀ ਤੇ ਕੰਜ਼ਰਵੇਟਿਵ ਪਾਰਟੀ ਦੀ ਤਾਕਤਵਰ 1922 ਕਮੇਟੀ ਦੇ ਚੇਅਰਮੈਨ ਸਰ ਗ੍ਰਾਹਮ ਬਰੈਡੀ ਨੇ ਕੀਤਾ। ਟਰੱਸ ਨੂੰ 57.4 ਫੀਸਦ ਤੇ ਸੂਨਕ ਨੂੰ 42.6 ਫੀਸਦ ਵੋਟਾਂ ਪਈਆਂ, ਜਿਸ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਕੰਜ਼ਰਵੇਟਿਵ ਪਾਰਟੀ ਅੰਦਰੋਂ ਅੰਦਰੀਂ ਵੰਡੀ ਗਈ ਹੈ। ਬੋਰਿਸ ਜੌਹਨਸਨ ਨੂੰ ਸਾਲ 2019 ਵਿੱਚ ਹੋਈਆਂ ਚੋਣਾਂ ਵਿੱਚ 66.4 ਫੀਸਦ ਵੋਟ ਮਿਲੇ ਸਨ। ਉਸ ਤੋਂ ਪਹਿਲਾਂ ਡੇਵਿਡ ਕੈਮਰੂਨ (2005) 67.6 ਫੀਸਦ ਤੇ ਇਆਨ ਡੰਕਨ ਸਮਿੱਥ(2001) ਨੂੰ 60.7 ਫੀਸਦ ਵੋਟਾਂ ਪਈਆਂ ਸਨ। ਸੂਨਕ ਨੇ ਲੰਡਨ ਦੇ ਕੁਈਨ ਐਲਿਜ਼ਬੈੱਥ-2 ਕੇਂਦਰ ਵਿੱਚ ਨਤੀਜਿਆਂ ਦੇ ਐਲਾਨ ਤੋਂ ਫੌਰੀ ਮਗਰੋਂ ਕੀਤੇ ਟਵੀਟ ਵਿੱਚ ਪਾਰਟੀ ’ਚ ਏਕੇ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ‘‘ਇਸ ਚੋਣ ਮੁਹਿੰਮ ਦੌਰਾਨ ਮੇਰੇ ਲਈ ਵੋਟ ਪਾਉਣ ਵਾਲੇ ਹਰੇਕ ਵਿਅਕਤੀ ਦਾ ਧੰਨਵਾਦ। ਮੈਂ ਪੂਰੇ ਚੋਣ ਪ੍ਰਚਾਰ ਦੌਰਾਨ ਇਹੀ ਕਿਹਾ ਹੈ ਕਿ ਕੰਜ਼ਰਵੇਟਿਵਜ਼ ਇਕ ਪਰਿਵਾਰ ਹਨ।’’ ਸਾਬਕਾ ਵਿੱਤ ਮੰਤਰੀ ਨੇ ਕਿਹਾ, ‘‘ਅਸੀਂ ਹੁਣ ਆਪਣੇ ਨਵੇਂ ਪ੍ਰਧਾਨ ਮੰਤਰੀ ਲਿਜ਼ ਟਰੱਸ ਦੇ ਪਿੱਛੇ ਇਕਜੁੱਟ ਹੋ ਕੇ ਖੜ੍ਹੇ ਹਾਂ। ਟਰੱਸ ਨੇ ਮੁਸ਼ਕਲ ਸਮਿਆਂ ਵਿੱਚੋਂ ਦੇਸ਼ ਨੂੰ ਪਾਰ ਲੰਘਾਇਆ ਹੈ।’’ ਉਧਰ ਮਨੋਨੀਤ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਕਿਹਾ, ‘‘ਅਸੀਂ ਕਰਕੇ ਵਿਖਾਵਾਂਗੇ। ਅਸੀਂ ਕਰਕੇ ਵਿਖਾਵਾਂਗੇ ਤੇ ਅਸੀਂ ਕਰਕੇ ਵਿਖਾਵਾਂਗੇ।’’ ਟਰੱਸ ਨੇ ਕਿਹਾ, ‘‘ਮੈਂ ਊਰਜਾ ਸੰਕਟ, ਲੋਕਾਂ ਦੇ ਬਿਜਲੀ ਬਿਲਾਂ ਸਣੇ ਉਨ੍ਹਾਂ ਦੇ ਲੰਮੇ ਸਮੇਂ ਤੋਂ ਬਕਾਇਆ ਮਸਲਿਆਂ ਨਾਲ ਸਿੱਝਣ ਲਈ ਕੰਮ ਕਰਾਂਗੀ।’’ ਟਰੱਸ ਨੇ ਸੂਨਕ ਦਾ ਧੰਨਵਾਦ ਕਰਨ ਮਗਰੋਂ ਅਹੁਦਾ ਛੱਡ ਰਹੇ ਆਗੂ ਜੌਹਨਸਨ ਦੀ ਵੀ ਤਾਰੀਫ਼ ਕੀਤੀ। ਮਨੋਨੀਤ ਪ੍ਰਧਾਨ ਮੰਤਰੀ ਨੇ ਬ੍ਰੈਗਜ਼ਿਟ ਸਣੇ ਹੋਰਨਾਂ ਮਸਲਿਆਂ ਦੇ ਸੰਦਰਭ ਵਿੱਚ ਜੌਹਨਸਨ ਦੀ ਸ਼ਲਾਘਾ ਕੀਤੀ। ਟਰੱਸ ਮੰਗਲਵਾਰ ਬਾਅਦ ਦੁਪਹਿਰ ਪ੍ਰਧਾਨ ਮੰਤਰੀ ਦਾ ਅਹੁਦਾ ਰਸਮੀ ਤੌਰ ’ਤੇ ਸੰਭਾਲਣਗੇ। ਟਰੱਸ ਬੁੱਧਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਸੰਬੋਧਨ ਕਰਨਗੇ।