ਧਰਮ ਪਰਿਵਰਤਨ: ਈਸਾਈ ਆਗੂਆਂ ਵੱਲੋਂ ਅਕਾਲ ਤਖ਼ਤ ਵਿਖੇ ਜਥੇਦਾਰਾਂ ਨਾਲ ਮੀਟਿੰਗ

ਧਰਮ ਪਰਿਵਰਤਨ: ਈਸਾਈ ਆਗੂਆਂ ਵੱਲੋਂ ਅਕਾਲ ਤਖ਼ਤ ਵਿਖੇ ਜਥੇਦਾਰਾਂ ਨਾਲ ਮੀਟਿੰਗ
ਅੰਮ੍ਰਿਤਸਰ-ਧਰਮ ਪਰਿਵਰਤਨ ਮਾਮਲੇ ਵਿਚ ਈਸਾਈ ਭਾਈਚਾਰੇ ਦੇ ਧਾਰਮਿਕ ਆਗੂਆਂ ਨੇ ਆਖਿਆ ਕਿ ਨਕਲੀ ਪਾਸਟਰਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਸਬੰਧ ਵਿੱਚ ਅੱਜ ਇੱਥੇ ਅਕਾਲ ਤਖ਼ਤ ਦੇ ਸਕੱਤਰੇਤ ਵਿਚ ਸਿੱਖ ਤੇ ਈਸਾਈ ਭਾਈਚਾਰੇ ਦੇ ਧਾਰਮਿਕ ਆਗੂਆਂ ਦੀ ਸਾਂਝੀ ਮੀਟਿੰਗ ਹੋਈ ਹੈ।
ਇਸ ਮੀਟਿੰਗ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਹੋਰ ਸਿੱਖ ਚਿੰਤਕ ਸ਼ਾਮਲ ਸਨ। ਦੂਜੇ ਪਾਸੇ, ਈਸਾਈ ਭਾਈਚਾਰੇ ਵੱਲੋਂ ਮਸੀਹੀ ਮਹਾਸਭਾ, ਕੈਥਲਿਕ ਚਰਚ ਆਫ ਇੰਡੀਆ, ਚਰਚ ਆਫ ਨਾਰਥ ਇੰਡੀਆ ਸਣੇ ਸੱਤ ਹੋਰ ਚਰਚਾਂ ਦਾ ਸਾਂਝਾ ਵਫ਼ਦ ਸ਼ਾਮਲ ਸੀ।
ਵੇਰਵਿਆਂ ਮੁਤਾਬਕ ਇਸ ਮੀਟਿੰਗ ਵਿੱਚ ਸਿੱਖ ਧਾਰਮਿਕ ਆਗੂਆਂ ਵੱਲੋਂ ਕੁਝ ਅਜਿਹੇ ਸਬੂਤ ਈਸਾਈ ਭਾਈਚਾਰੇ ਦੇ ਆਗੂਆਂ ਨੂੰ ਦਿਖਾਏ ਗਏ ਜਿਸ ਵਿਚ ਲੋਕਾਂ ਨੂੰ ਭਰਮਾ ਕੇ ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀ। ਮੀਟਿੰਗ ਵਿੱਚ ਅੰਧ ਵਿਸ਼ਵਾਸ਼ ਤੇ ਭਰਮ ਜਾਲ ਰਾਹੀਂ ਕੀਤੇ ਜਾ ਰਹੇ ਧਰਮ ਪਰਿਵਰਤਨ ਸਣੇ ਹੋਰ ਮੁੱਦਿਆਂ ਬਾਰੇ ਵਿਚਾਰ-ਚਰਚਾ ਕੀਤੀ ਗਈ।
ਇਸ ਦੌਰਾਨ ਡਾਇਸਸ ਆਫ਼ ਜਲੰਧਰ ਦੇ ਬਿਸ਼ਪ ਐਂਜਲੀਨੋ ਗਰੇਸ਼ੀਅਸ ਨੇ ਆਖਿਆ ਕਿ ਨਕਲੀ ਪਾਸਟਰਾਂ ਦਾ ਈਸਾਈਅਤ ਨਾਲ ਕੋਈ ਸਬੰਧ ਨਹੀਂ ਹੈ। ਡਾਇਸਿਸ ਆਫ ਅੰਮ੍ਰਿਤਸਰ ਦੇ ਬਿਸ਼ਪ ਡਾ. ਪਰਦੀਪ ਕੁਮਾਰ ਸਮਾਨਥਾਰਾਏ ਨੇ ਆਖਿਆ ਕਿ ਨਕਲੀ ਪਾਸਟਰਾਂ ਦੀ ਪਛਾਣ ਲਈ ਨੋਟਿਸ ਕੱਢਿਆ ਜਾਵੇਗਾ ਅਤੇ ਨਕਲੀ ਪਾਸਟਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾਇਸਸ ਆਫ਼ ਚੰਡੀਗੜ੍ਹ ਦੇ ਬਿਸ਼ਪ ਡੀਜ਼ਲ ਪੀ ਨੇ ਆਖਿਆ ਕਿ ਸਰਕਾਰ ਨਕਲੀ ਪਾਸਟਰਾਂ ਨੂੰ ਹੋ ਰਹੀ ਫੰਡਿੰਗ ਦੇ ਸਰੋਤਾਂ ਦੀ ਜਾਂਚ ਕਰੇ।
ਇਸ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਪੰਜਾਬ ਦੇ ਹਾਲਾਤ ਸੁਖਾਵੇਂ ਰੱਖਣ ਲਈ ਈਸਾਈਅਤ ਦੇ ਨਾਮ ’ਤੇ ਕੀਤੇ ਜਾ ਰਹੇ ਗੁੰਮਰਾਹਕੁਨ ਪ੍ਰਚਾਰ ’ਤੇ ਰੋਕ ਲਾਉਣ ਲਈ ਈਸਾਈ ਆਗੂ ਸਖ਼ਤ ਫ਼ੈਸਲੇ ਲੈਣ। ਨਕਲੀ ਪਾਸਟਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਲੋੜ ਹੈ। ਇਸ ਲਈ ਸਿੱਖ ਕੌਮ ਉਨ੍ਹਾਂ ਨੂੰ ਸਹਿਯੋਗ ਦੇਵੇਗੀ। ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਸਾਂਝੀ ਤਾਲਮੇਲ ਕਮੇਟੀ ਬਣਾਉਣ ’ਤੇ ਸਹਿਮਤੀ ਬਣੀ ਹੈ। ਇਸ ਸਬੰਧੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ ਅਤੇ ਅਜਿਹੇ ਮਾਮਲਿਆਂ ਸਬੰਧੀ ਸੂਚਨਾ ਵੀ ਸਾਂਝੀ ਕੀਤੀ ਜਾਵੇਗੀ।