ਗਰੀਨ ਕਾਰਡ ਸਬੰਧੀ ਬਿੱਲ ਅਮਰੀਕੀ ਕਾਂਗਰਸ ਵਿੱਚ ਪੇਸ਼

ਗਰੀਨ ਕਾਰਡ ਸਬੰਧੀ ਬਿੱਲ ਅਮਰੀਕੀ ਕਾਂਗਰਸ ਵਿੱਚ ਪੇਸ਼
ਵਾਸ਼ਿੰਗਟਨ-ਡੈਮੋਕਰੈਟਿਕ ਪਾਰਟੀ ਦੇ ਚਾਰ ਸੈਨੇਟਰਾਂ ਨੇ 80 ਲੱਖ ਲੋਕਾਂ ਨੂੰ ਗਰੀਨ ਕਾਰਡ ਮੁਹੱਈਆ ਕਰਾਉਣ ਦੇ ਇਰਾਦੇ ਨਾਲ ਅਮਰੀਕੀ ਕਾਂਗਰਸ ’ਚ ਬਿੱਲ ਪੇਸ਼ ਕੀਤਾ ਹੈ। ਜੇਕਰ ਬਿੱਲ ਪਾਸ ਹੋ ਗਿਆ ਤਾਂ ਡਰੀਮਰਜ਼, ਐੱਚ-1ਬੀ ਅਤੇ ਲੰਬੇ ਸਮੇਂ ਦੇ ਵੀਜ਼ਾਧਾਰਕਾਂ ਨੂੰ ਇਸ ਦਾ ਲਾਭ ਹੋਵੇਗਾ। ਬਿੱਲ ਤਹਿਤ ਕੋਈ ਵੀ ਪਰਵਾਸੀ ਜੇਕਰ ਅਮਰੀਕਾ ’ਚ ਲਗਾਤਾਰ ਸੱਤ ਸਾਲਾਂ ਤੋਂ ਰਹਿ ਰਿਹਾ ਹੈ ਤਾਂ ਉਹ ਕਾਨੂੰਨੀ ਤੌਰ ’ਤੇ ਪੱਕੀ ਨਾਗਰਿਕਤਾ ਦੇ ਯੋਗ ਹੋਵੇਗਾ। ਸੈਨੇਟਰ ਅਲੈਕਸ ਪੈਡਿਲਾ ਨੇ ਪਰਵਾਸੀ ਐਕਟ ਦੀਆਂ ਧਾਰਾਵਾਂ ਨਵਿਆਉਣ ਲਈ ਬਿੱਲ ਪੇਸ਼ ਕੀਤਾ ਜਿਸ ਦੀ ਸੈਨੇਟਰਾਂ ਐਲਿਜ਼ਾਬੈੱਥ ਵਾਰੈੱਨ, ਬੇਨ ਰੇਅ ਲੁਜਾਨ ਅਤੇ ਡਿੱਕ ਡਰਬਿਨ ਨੇ ਤਾਈਦ ਕੀਤੀ। ਪੈਡਿਲਾ ਨੇ ਕਿਹਾ ਕਿ ਇਮੀਗਰੇਸ਼ਨ ਪ੍ਰਣਾਲੀ ਪੁਰਾਣੀ ਹੋ ਚੁੱਕੀ ਹੈ ਜੋ ਅਣਗਿਣਤ ਲੋਕਾਂ ਨੂੰ ਠੇਸ ਪਹੁੰਚਾ ਰਹੀ ਹੈ ਜਿਸ ਕਾਰਨ ਅਮਰੀਕਾ ਦੇ ਅਰਥਚਾਰੇ ਨੂੰ ਵੀ ਢਾਹ ਲੱਗ ਰਹੀ ਹੈ। ‘ਮੇਰਾ ਬਿੱਲ 35 ਸਾਲਾਂ ਬਾਅਦ ਰਜਿਸਟਰੀ ਕੱਟ ਆਫ਼ ਤਰੀਕ ਨੂੰ ਅਪਡੇਟ ਕਰੇਗਾ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਪਰਵਾਸੀ ਕਾਨੂੰਨੀ ਤੌਰ ’ਤੇ ਸਥਾਈ ਰਿਹਾਇਸ਼ ਲਈ ਅਪਲਾਈ ਕਰ ਸਕਣ।’