ਪਾਕਿ ਨਾਲ ਕੋਈ ਗੱਲਬਾਤ ਨਹੀਂ ਕਰੇਗੀ ਸਰਕਾਰ-ਅਮਿਤ ਸ਼ਾਹ

ਪਾਕਿ ਨਾਲ ਕੋਈ ਗੱਲਬਾਤ ਨਹੀਂ ਕਰੇਗੀ ਸਰਕਾਰ-ਅਮਿਤ ਸ਼ਾਹ

 ਪਾਕਿ ਨਾਲ ਕੋਈ ਗੱਲਬਾਤ ਨਹੀਂ ਕਰੇਗੀ ਸਰਕਾਰ-ਅਮਿਤ ਸ਼ਾਹ
ਬਾਰਾਮੁਲਾ (ਜੰਮੂ-ਕਸ਼ਮੀਰ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੋਦੀ ਸਰਕਾਰ ਜੰਮੂ-ਕਸ਼ਮੀਰ 'ਚੋਂ ਅੱਤਵਾਦ ਦਾ ਸਫ਼ਾਇਆ ਕਰੇਗੀ ਅਤੇ ਇਸ ਨੂੰ ਦੇਸ਼ ਦਾ ਸਭ ਤੋਂ ਸ਼ਾਂਤ ਸਥਾਨ ਬਣਾਵੇਗੀ | ਬਾਰਾਮੁਲਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਪੁੱਛਿਆ, ਕੀ ਅੱਤਵਾਦ ਨੇ ਕਦੇ ਕਿਸੇ ਨੂੰ ਫਾਇਦਾ ਪਹੁੰਚਾਇਆ ਹੈ, ਕਿਉਂਕਿ 1990 ਤੋਂ ਬਾਅਦ ਹੁਣ ਤੱਕ ਇਸ ਲਾਹਨਤ ਨੇ ਜੰਮੂ-ਕਸ਼ਮੀਰ 'ਚ 42,000 ਲੋਕਾਂ ਦੀ ਜਾਨ ਲੈ ਲਈ ਹੈ | ਉਨ੍ਹਾਂ ਜੰਮੂ-ਕਸ਼ਮੀਰ ਦੇ ਕਥਿਤ ਪਛੜੇ ਵਿਕਾਸ ਲਈ ਅਬਦੁੱਲਿਆਂ (ਨੈਸ਼ਨਲ ਕਾਨਫਰੰਸ), ਮੁਫ਼ਤੀਆਂ (ਪੀ.ਡੀ.ਪੀ.) ਅਤੇ ਨਹਿਰੂ-ਗਾਂਧੀ (ਕਾਂਗਰਸ) ਦੇ ਪਰਿਵਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਕਿਉਂਕਿ ਉਨ੍ਹਾਂ ਨੇ 1947 'ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜ਼ਿਆਦਾਤਾਰ ਸਮਾਂ ਪੁਰਾਣੇ ਰਾਜ 'ਚ ਸ਼ਾਸਨ ਕੀਤਾ ਸੀ | ਅਮਿਤ ਸ਼ਾਹ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਸਾਨੂੰ ਪਾਕਿਸਤਾਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਪਰ ਅਸੀਂ ਪਾਕਿਸਤਾਨ ਨਾਲ ਗੱਲ ਕਿਉਂ ਕਰੀਏ? ਅਸੀਂ ਗੱਲਬਾਤ ਨਹੀਂ ਕਰਾਂਗੇ | ਅਸੀਂ ਬਾਰਾਮੂਲਾ ਦੇ ਲੋਕਾਂ ਨਾਲ ਗੱਲ ਕਰਾਂਗੇ, ਕਸ਼ਮੀਰ ਦੇ ਲੋਕਾਂ ਨਾਲ ਗੱਲ ਕਰਾਂਗੇ | ਉਨ੍ਹਾਂ ਪਾਕਿਸਤਾਨ ਨਾਲ ਗੱਲਬਾਤ ਦੀ ਵਕਾਲਤ ਕਰਨ ਵਾਲਿਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੁਝ ਲੋਕ ਮੈਨੂੰ ਪਾਕਿਸਤਾਨ ਨਾਲ ਗੱਲ ਕਰਨ ਦੀ ਸਲਾਹ ਦਿੰਦੇ ਹਨ | ਪਰ ਮੈਂ ਪਾਕਿਸਤਾਨ ਨਾਲ ਗੱਲ ਨਹੀਂ ਕਰਨਾ ਚਾਹੁੰਦਾ | ਮੈਂ ਬਾਰਾਮੁਲਾ ਦੇ ਗੁੱਜਰਾਂ ਤੇ ਬੱਕਰਵਾਲਾਂ ਅਤੇ ਕਸ਼ਮੀਰ ਦੇ ਨੌਜਵਾਨਾਂ ਨਾਲ ਗੱਲ ਕਰਨੀ ਚਾਹੁੰਦਾ ਹਾਂ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰਦੀ ਅਤੇ ਉਹ ਇਸ ਨੂੰ ਖਤਮ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਨੂੰ ਦੇਸ਼ ਦੀ ਸਭ ਤੋਂ ਸ਼ਾਂਤੀਪੂਰਨ ਜਗ੍ਹਾ ਬਣਾਉਣੀ ਚਾਹੁੰਦੇ ਹਾਂ | ਅਮਿਤ ਸ਼ਾਹ ਨੇ ਕਿਹਾ ਕਿ ਕੁਝ ਲੋਕ ਅਕਸਰ ਪਾਕਿਸਤਾਨ ਬਾਰੇ ਗੱਲਬਾਤ ਕਰਦੇ ਹਨ ਪਰ ਉਹ ਜਾਣਨਾ ਚਾਹੁੰਦੇ ਹਨ ਕਿ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਦੇ ਕਿੰਨੇ ਪਿੰਡਾਂ 'ਚ ਬਿਜਲੀ ਦੇ ਕੁਨੈਕਸ਼ਨ ਹਨ | ਅਸੀਂ ਬੀਤੇ ਤਿੰਨ ਸਾਲਾਂ 'ਚ ਯਕੀਨੀ ਬਣਾਇਆ ਹੈ ਕਿ ਕਸ਼ਮੀਰ ਦੇ ਸਾਰੇ ਪਿੰਡਾਂ 'ਚ ਬਿਜਲੀ ਕੁਨੈਕਸ਼ਨ ਹੋਵੇ | ਲਗਾਤਾਰ ਦੂਜੇ ਦਿਨ ਤਿੰਨ ਸਿਆਸੀ ਪਰਿਵਾਰਾਂ 'ਤੇ ਹਮਲਾ ਬੋਲਦਿਆਂ ਅਮਿਤ ਸ਼ਾਹ ਨੇ ਇਸ ਵਾਰ ਉਨ੍ਹਾਂ ਦਾ ਨਾਂਅ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਸ਼ਾਸਨ 'ਚ ਕੁਸ਼ਾਸਨ, ਭਿ੍ਸ਼ਟਚਾਰ ਅਤੇ ਵਿਕਾਸ ਦੀ ਘਾਟ ਸਿਖ਼ਰਾਂ 'ਤੇ ਸੀ | ਅਮਿਤ ਸ਼ਾਹ ਨੇ ਕਿਹਾ ਕਿ ਮੁਫ਼ਤੀ ਅਤੇ ਕੰਪਨੀ, ਅਬਦੁੱਲਾ ਤੇ ਉਸ ਦੇ ਬੇਟਿਆਂ ਅਤੇ ਕਾਂਗਰਸ ਨੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ | ਅਮਿਤ ਸ਼ਾਹ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਇਕ ਵਾਰ ਚੋਣ ਕਮਿਸ਼ਨ ਵਲੋਂ ਸੋਧੀਆਂ ਵੋਟਰ ਸੂਚੀਆਂ ਪ੍ਰਕਾਸ਼ਿਤ ਕਰਨ ਦੀ ਕਵਾਇਦ ਪੂਰੀ ਹੋਣ ਤੋਂ ਬਾਅਦ ਕਰਵਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਅਸੀਂ ਸਿਆਸੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਚੋਣਾਂ ਪੂਰੀ ਪਾਰਦਰਸ਼ਤਾ ਨਾਲ ਕਰਵਾਈਆਂ ਜਾਣਗੀਆਂ ਅਤੇ ਤੁਹਾਡੇ ਆਪਣੇ ਚੁਣੇ ਹੋਏ ਨੁਮਾਇੰਦੇ ਇਥੇ ਸ਼ਾਸਨ ਕਰਨਗੇ | ਅਮਿਤ ਸ਼ਾਹ ਨੇ ਕਿਹਾ ਕਿ ਪਹਿਲਾਂ ਸਿਰਫ਼ ਤਿੰਨ ਪਰਿਵਾਰ ਅਬਦੁੱਲਾ, ਮੁਫ਼ਤੀ ਤੇ ਗਾਂਧੀ ਸੱਤਾ 'ਚ ਹੁੰਦੇ ਸਨ, ਪਰ ਹੱਦਬੰਦੀ ਤੋਂ ਬਾਅਦ ਤੁਹਾਡੇ ਆਪਣੇ ਨੁਮਾਇੰਦੇ ਚੋਣਾਂ ਜਿੱਤਣਗੇ | ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਤੁਹਾਡੇ ਇਲਾਕੇ 'ਚ ਕੋਈ ਅੱਤਵਾਦ ਦਾ ਸਮਰਥਨ ਕਰਦਾ ਹੈ ਤਾਂ ਕਿਰਪਾ ਕਰਕੇ ਉਸ ਨੂੰ ਸਮਝਾਓ ਕਿ ਅੱਤਵਾਦ ਨਾਲ ਕਸ਼ਮੀਰ ਨੂੰ ਕੋਈ ਫਾਇਦਾ ਨਹੀਂ ਪਹੁੰਚੇਗਾ ਬਲਕਿ ਕਸ਼ਮੀਰ ਨੂੰ ਜਮੂਹਰੀਅਤ ਤੋਂ, ਇਥੇ ਲੱਗਣ ਵਾਲੇ ਉਦਯੋਗਾਂ ਅਤੇ ਹੋਰ ਵਿਕਾਸ ਕਾਰਜਾਂ ਤੋਂ ਲਾਭ ਹੋਵੇਗਾ | ਨੌਜਵਾਨਾਂ ਨੂੰ ਬੰਦੂਕ ਛੱਡਣ ਦੀ ਅਪੀਲ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਅੱਤਵਾਦ ਦੇ ਨਹੀਂ ਸਗੋਂ ਵਿਕਾਸ ਦੇ ਰਾਹ 'ਤੇ ਤੁਰਨ ਦੀ ਲੋੜ ਹੈ | 

Radio Mirchi