ਸਰਕਾਰ ਦੇ ਵਿਸ਼ਵਾਸ ਮਤੇ 'ਤੇ 91 ਵੋਟਾਂ ਦੀ ਹੀ ਹੋਵੇਗੀ ਗਿਣਤੀ

ਸਰਕਾਰ ਦੇ ਵਿਸ਼ਵਾਸ ਮਤੇ 'ਤੇ 91 ਵੋਟਾਂ ਦੀ ਹੀ ਹੋਵੇਗੀ ਗਿਣਤੀ
ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਦੇ 4 ਦਿਨਾ ਇਜਲਾਸ ਦੇ ਆਖ਼ਰੀ ਦਿਨ ਸਰਕਾਰ ਦੇ ਹੱਕ 'ਚ ਭਰੋਸੇ ਦੇ ਵੋਟ ਸੰਬੰਧੀ ਸਪੀਕਰ ਵਲੋਂ ਸਰਕਾਰ ਦੇ ਪੱਖ 'ਚ 93 ਵੋਟਾਂ ਪੈਣ ਦੇ ਕੀਤੇ ਗਏ ਐਲਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦੋ ਵੋਟਾਂ ਵਧਣ ਲਈ ਵਧਾਈਆਂ ਦਿੱਤੇ ਜਾਣ ਤੋਂ ਬਾਅਦ ਵਿਧਾਨ ਸਭਾ ਸਕੱਤਰੇਤ ਹੁਣ ਆਪਣੇ ਫ਼ੈਸਲੇ ਤੋਂ ਪੈਰ ਪਿੱਛੇ ਖਿੱਚ ਰਿਹਾ ਹੈ | ਸੂਚਨਾ ਅਨੁਸਾਰ ਸਪੀਕਰ ਵਿਧਾਨ ਸਭਾ ਨੂੰ ਹੁਣ ਸਪੱਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਵਲੋਂ ਅਕਾਲੀ ਮੈਂਬਰ ਮਨਪ੍ਰੀਤ ਸਿੰਘ ਇਯਾਲੀ ਤੇ ਬਸਪਾ ਮੈਂਬਰ ਡਾ: ਨਛੱਤਰ ਪਾਲ ਦੀ ਵੋਟ ਸਰਕਾਰ ਦੇ ਪੱਖ 'ਚ ਦਿੱਤੇ ਜਾਣ ਦੇ ਫ਼ੈਸਲੇ ਕਾਰਨ ਦਲ ਬਦਲੂ ਰੋਕੂ ਕਾਨੂੰਨ ਅਨੁਸਾਰ ਦੋਵਾਂ ਮੈਂਬਰਾਂ ਨੂੰ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ | ਇਨ੍ਹਾਂ ਦੋਵਾਂ ਮੈਂਬਰਾਂ ਵਲੋਂ ਸਪੀਕਰ ਨੂੰ ਪੱਤਰ ਲਿਖ ਕੇ ਸਪੱਸ਼ਟ ਕੀਤਾ ਗਿਆ ਹੈ ਕਿ ਮਤੇ 'ਤੇ ਬੋਲਦਿਆਂ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਉਹ ਇਸ ਵਿਸ਼ਵਾਸ ਮਤੇ ਦੇ ਵਿਰੁੱਧ ਹਨ, ਪਰ ਉਨ੍ਹਾਂ ਦਾ ਵੋਟ ਮਤੇ ਦੇ ਹੱਕ 'ਚ ਐਲਾਨਿਆ ਜਾਣਾ ਵਿਧਾਨ ਸਭਾ ਦੇ ਰਿਕਾਰਡ ਦੇ ਸਰਾਸਰ ਉਲਟ ਹੈ ਤੇ ਇਸ ਵਿਚ ਤੁਰੰਤ ਸੋਧ ਕੀਤੀ ਜਾਵੇ | ਵਰਨਣਯੋਗ ਹੈ ਕਿ ਸਰਕਾਰ ਵਲੋਂ ਬੁਲਾਇਆ ਗਿਆ ਚਾਰ ਦਿਨਾ ਇਹ ਇਜਲਾਸ ਵਿਵਾਦਾਂ 'ਚ ਹੀ ਘਿਰਿਆ ਰਿਹਾ ਅਤੇ ਸਰਕਾਰ ਕੋਲ ਹਾਲਾਂਕਿ ਇਜਲਾਸ ਦੇ ਚਾਰ ਦਿਨਾਂ ਲਈ ਕੋਈ ਕੰਮਕਾਜ ਸੀ ਅਤੇ ਲਿਆਂਦਾ ਗਿਆ 'ਵਿਸ਼ਵਾਸ ਮਤਾ' ਸਾਰਿਆਂ ਦੀ ਸਮਝ ਤੋਂ ਬਾਹਰ ਸੀ ਕਿ ਜਿਸ ਪਾਰਟੀ ਦਾ ਸਦਨ ਵਿਚ ਏਨਾ ਵੱਡਾ ਬਹੁਮਤ ਹੈ ਉਸ ਨੂੰ ਭਰੋਸੇ ਦੇ ਵੋਟ ਦੀ ਕੀ ਲੋੜ ਹੈ | ਪਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਤੋਂ ਬਾਅਦ ਪੰਜਾਬ 'ਚ ਅਜਿਹਾ ਮਤਾ ਪਾਸ ਕਰਨ ਦੇ ਆਦੇਸ਼ ਨੂੰ ਸਿਰੇ ਚੜ੍ਹਾਉਣ ਲਈ ਸਰਕਾਰ ਵਲੋਂ ਸਰਕਾਰੀ ਖ਼ਜ਼ਾਨੇ ਦਾ 4 ਕਰੋੜ ਰੁਪਇਆ ਜ਼ਰੂਰ ਖ਼ਰਚ ਕਰ ਦਿੱਤਾ ਗਿਆ | ਦਿਲਚਸਪ ਗੱਲ ਇਹ ਸੀ ਕਿ ਇਜਲਾਸ ਲਈ ਵਾਧੂ ਸਮਾਂ ਹੋਣ ਦੇ ਬਾਵਜੂਦ ਮੈਂਬਰਾਂ ਨੂੰ ਕਈ ਮੁੱਦੇ ਉਠਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਕੁਝ ਜ਼ਰੂਰੀ ਮੁੱਦਿਆਂ ਤੋਂ ਜਵਾਬ ਦੇਣ ਤੋਂ ਭੱਜਦਿਆਂ ਮੁੱਖ ਮੰਤਰੀ ਵੀ ਬਹੁਤਾ ਸਮਾਂ ਸਦਨ ਤੋਂ ਗੈਰ ਹਾਜ਼ਰ ਰਹੇ | ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਜਿਨ੍ਹਾਂ ਦੀ ਇਸ ਇਜਲਾਸ ਦੌਰਾਨ ਭੂਮਿਕਾ ਕਾਫ਼ੀ ਚੰਗੀ ਰਹੀ, ਮੁੱਖ ਮੰਤਰੀ ਤੋਂ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਦੀ ਲੀਕ ਆਡੀਓ ਸੰਬੰਧੀ ਅਤੇ ਪੁਲਿਸ ਹਿਰਾਸਤ 'ਚੋਂ ਦੌੜੇ ਇਕ ਨਾਮੀ ਗੈਂਗਸਟਰ ਅਤੇ ਸਮੱਗਲਰ ਸੰਬੰਧੀ ਜਵਾਬ ਮੰਗਦੇ ਰਹੇ, ਪਰ ਮੁੱਖ ਮੰਤਰੀ ਨੇ ਇਸ ਸੰਬੰਧੀ ਵਿਸਥਾਰਤ ਜਵਾਬ ਨਹੀਂ ਦਿੱਤਾ | ਸਪੀਕਰ ਨੇ ਵੀ ਵਿਸ਼ੇਸ਼ ਤੌਰ 'ਤੇ ਕਾਂਗਰਸੀ ਮੈਂਬਰ ਸੁਖਪਾਲ ਸਿੰਘ ਖਹਿਰਾ ਤੇ ਕਈ ਹੋਰ ਵਿਧਾਇਕਾਂ ਨੂੰ ਬੋਲਣ ਜਾਂ ਜ਼ਰੂਰੀ ਮੁੱਦੇ ਉਠਾਉਣ ਲਈ ਸਮਾਂ ਨਹੀਂ ਦਿੱਤਾ | ਇਥੋਂ ਤੱਕ ਕਿ ਹੁਕਮਰਾਨ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਜੋ ਕਿ ਬਰਗਾੜੀ-ਬਹਿਬਲ ਕਲਾਂ ਮੁੱਦੇ 'ਤੇ ਗੱਲ ਕਰਨਾ ਚਾਹੁੰਦੇ ਸਨ, ਨੂੰ ਵੀ ਸਪੀਕਰ ਬੋਲਣ ਲਈ ਸਮਾਂ ਦੇਣ ਦੀ ਥਾਂ ਬਿਠਾਉਣ 'ਚ ਹੀ ਲੱਗੇ ਰਹੇ ਤੇ ਉਨ੍ਹਾਂ ਨੂੰ ਰੋਕਣ ਲਈ ਇਕ ਮੰਤਰੀ ਨੂੰ ਬੋਲਣ ਲਈ ਖੜ੍ਹਾ ਕਰ ਦਿੱਤਾ | ਹਾਲਾਂਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਖ਼ੁਦ ਉਸੇ ਖੇਤਰ ਤੋਂ ਵਿਧਾਇਕ ਹਨ, ਜਿਸ ਨਾਲ ਸੰਬੰਧਿਤ 'ਆਪ' ਵਿਧਾਇਕ ਮਤਾ ਉਠਾ ਰਿਹਾ ਸੀ | ਦਿੱਲੀ ਸਰਕਾਰ, ਜਿਸ ਦਾ ਉਥੋਂ ਦੇ ਉਪ ਰਾਜਪਾਲ ਨਾਲ ਟਕਰਾਅ ਚੱਲ ਰਿਹਾ ਹੈ, ਉੱਥੇ ਸਰਕਾਰ ਵਲੋਂ ਵਿਧਾਨ ਸਭਾ ਦੇ ਇਜਲਾਸ ਤੋਂ ਬਾਅਦ ਵਿਧਾਨ ਸਭਾ ਦੀ ਬੈਠਕ ਨੂੰ ਅਣਮਿੱਥੇ ਸਮੇਂ ਲਈ ਬਿਠਾਉਣ ਦਾ ਫ਼ੈਸਲਾ ਹੀ ਨਹੀਂ ਲਿਆ ਜਾਂਦਾ ਤਾਂ ਜੋ ਅਗਲੇ ਇਜਲਾਸ ਲਈ ਉਨ੍ਹਾਂ ਨੂੰ ਦੁਬਾਰਾ ਉਪ-ਰਾਜਪਾਲ ਤੋਂ ਇਜਲਾਸ ਬੁਲਾਉਣ ਸੰਬੰਧੀ ਇਜਾਜ਼ਤ ਨਾ ਲੈਣੀ ਪਵੇ ਪਰ ਇਸ ਵਾਰ ਪੰਜਾਬ ਵੀ ਰਾਜਪਾਲ ਨਾਲ ਸਰਕਾਰ ਦੇ ਇਜਲਾਸ ਸਦਨ ਦੇ ਮੁੱਦੇ 'ਤੇ ਪੈਦਾ ਹੋਏ ਟਕਰਾਅ ਤੋਂ ਬਾਅਦ ਸੰਭਵ ਹੈ ਕਿ ਭਗਵੰਤ ਮਾਨ ਸਰਕਾਰ ਵੀ ਵਿਧਾਨ ਸਭਾ ਦੀ ਬੈਠਕ ਨੂੰ ਅਣਮਿੱਥੇ ਸਮੇਂ ਲਈ ਉਠਾਉਣ ਸੰਬੰਧੀ ਫ਼ੈਸਲਾ ਨਾ ਲਵੇ | ਹਾਲਾਂਕਿ ਇਸ ਕਾਰਨ ਸਰਕਾਰ 'ਤੇ ਆਰਡੀਨੈਂਸ ਜਾਰੀ ਕਰਨ 'ਤੇ ਰੋਕ ਜ਼ਰੂਰ ਲੱਗ ਜਾਂਦੀ ਹੈ | ਇਜਲਾਸ ਦੌਰਾਨ ਵਿਧਾਨ ਸਭਾ ਦੇ ਰਿਕਾਰਡ ਵਿਚ ਅਦਲਾ-ਬਦਲੀ ਕਰਨ ਦੇ ਦੋਸ਼ ਲੱਗੇ, ਪਰ ਸਪੀਕਰ ਵਲੋਂ ਇਸ ਸੰਬੰਧੀ ਕੋਈ ਸਪੱਸ਼ਟੀਕਰਨ ਜਾਰੀ ਨਹੀਂ ਕੀਤਾ ਗਿਆ | ਮੁੱਖ ਮੰਤਰੀ ਦੀ ਸਦਨ ਦੀਆਂ ਬੈਠਕਾਂ ਤੋਂ ਗ਼ੈਰ ਹਾਜ਼ਰੀ ਵੀ ਸਭ ਨੂੰ ਰੜਕਦੀ ਰਹੀ ਤੇ ਉਹ ਕੇਵਲ ਸਦਨ ਵਿਚ ਬੋਲਣ ਤੋਂ ਕੁਝ ਸਮਾਂ ਪਹਿਲਾਂ ਹੀ ਪਧਾਰਦੇ ਰਹੇ |