ਅਮਰੀਕਾ ਵੱਲੋਂ ਓਪੇਕ ਤੋਂ ਤੇਲ ਉਤਪਾਦਨ ’ਚ ਕਟੌਤੀ ਇਕ ਮਹੀਨੇ ਲਈ ਟਾਲਣ ਦੀ ਮੰਗ: ਸਾਊਦੀ ਅਰਬ

ਅਮਰੀਕਾ ਵੱਲੋਂ ਓਪੇਕ ਤੋਂ ਤੇਲ ਉਤਪਾਦਨ ’ਚ ਕਟੌਤੀ ਇਕ ਮਹੀਨੇ ਲਈ ਟਾਲਣ ਦੀ ਮੰਗ: ਸਾਊਦੀ ਅਰਬ
ਦੁਬਈ-ਸਾਊਦੀ ਅਰਬ ਨੇ ਕਿਹਾ ਹੈ ਕਿ ਅਮਰੀਕਾ ਨੇ ਓਪੇਕ ਅਤੇ ਰੂਸ ਸਮੇਤ ਹੋਰ ਭਾਈਵਾਲਾਂ ਨੂੰ ਤੇਲ ਉਤਪਾਦਨ ’ਚ ਕਟੌਤੀ ਦੇ ਫ਼ੈਸਲੇ ਨੂੰ ਇਕ ਮਹੀਨੇ ਟਾਲਣ ਦੀ ਬੇਨਤੀ ਕੀਤੀ ਸੀ। ਅਮਰੀਕਾ ’ਚ ਅਗਲੇ ਮਹੀਨੇ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਇਸ ਫ਼ੈਸਲੇ ਨਾਲ ਗੈਸ ਕੀਮਤਾਂ ’ਚ ਤੇਜ਼ੀ ਦੇ ਜੋਖਮ ਨੂੰ ਘਟਾਉਣ ’ਚ ਸਹਾਇਤਾ ਮਿਲ ਸਕਦੀ ਹੈ। ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ’ਚ 8 ਨਵੰਬਰ ਦੀਆਂ ਚੋਣਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਜਿਸ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਆਪਣੀ ਪਾਰਟੀ ਦਾ ਬਹੁਮਤ ਬਹਾਲ ਰੱਖਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਵੀਏਨਾ ’ਚ ਓਪੇਕ ਦੀ 5 ਅਕਤੂਬਰ ਨੂੰ ਹੋਈ ਮੀਟਿੰਗ ਦੌਰਾਨ ਤੇਲ ਉਤਪਾਦਨ ’ਚ ਕਟੌਤੀ ਦਾ ਐਲਾਨ ਕੀਤਾ ਗਿਆ। ਜੇ ਅਮਰੀਕਾ ’ਚ ਉਤਪਾਦਨ ’ਚ ਕਟੌਤੀ ਕੀਤੀ ਗਈ ਤਾਂ ਕੀਮਤਾਂ ਚੜ੍ਹ ਜਾਣਗੀਆਂ।