ਭਾਰਤੀ ਮੂਲ ਦੇ ਸੂਨਕ ਨੂੰ ਸੌ ਸੰਸਦ ਮੈਂਬਰਾਂ ਦੀ ਹਮਾਇਤ ਦਾ ਦਾਅਵਾ

ਭਾਰਤੀ ਮੂਲ ਦੇ ਸੂਨਕ ਨੂੰ ਸੌ ਸੰਸਦ ਮੈਂਬਰਾਂ ਦੀ ਹਮਾਇਤ ਦਾ ਦਾਅਵਾ

ਭਾਰਤੀ ਮੂਲ ਦੇ ਸੂਨਕ ਨੂੰ ਸੌ ਸੰਸਦ ਮੈਂਬਰਾਂ ਦੀ ਹਮਾਇਤ ਦਾ ਦਾਅਵਾ
ਲੰਡਨ-ਰਿਸ਼ੀ ਸੂਨਕ ਦੇ ਹਮਾਇਤੀਆਂ ਨੇ ਅੱਜ ਦਾਅਵਾ ਕੀਤਾ ਹੈ ਕਿ ਭਾਰਤੀ ਮੂਲ ਦੇ ਸਾਬਕਾ ਚਾਂਸਲਰ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ’ਚ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਲਈ ਲੋੜੀਂਦੇ ਸੌ ਸੰਸਦ ਮੈਂਬਰਾਂ ਦੀ ਹਮਾਇਤ ਹਾਸਲ ਕਰ ਲਈ ਹੈ। ਸੂਨਕ ਦੇਸ਼ ਦੇ ਪ੍ਰਧਾਨ ਮੰਤਰੀ ਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਵਜੋਂ ਲਿਜ਼ ਟਰੱਸ ਦੀ ਥਾਂ ਲੈਣ ਦੀ ਦੌੜ ’ਚ ਹਨ। ਇਸ 42 ਸਾਲਾ ਆਗੂ ਦੇ ਹਮਾਇਤੀਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਧਰ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਕੈਰੇਬਿਆਈ ਦੇਸ਼ ’ਚ ਛੁੱਟੀਆਂ ਮਨਾ ਕੇ ਵਾਪਸ ਬਰਤਾਨੀਆ ਆ ਗਏ ਹਨ ਤੇ ਉਹ ਜਲਦੀ ਹੀ ਪ੍ਰਧਾਨ ਮੰਤਰੀ ਦੀ ਦੌੜ ’ਚ ਸ਼ਾਮਲ ਹੋਣ ਲਈ ਆਪਣੀ ਮੁਹਿੰਮ ਸ਼ੁਰੂ ਕਰ ਸਕਦੇ ਹਨ। ਹਾਲਾਂਕਿ ਰਿਸ਼ੀ ਸੁਨਕ ਜਾਂ ਬੋਰਿਸ ਜੌਹਨਸਨ ’ਚੋਂ ਕਿਸੇ ਨੇ ਵੀ ਅਧਿਕਾਰਤ ਤੌਰ ’ਤੇ ਇਸ ਚੋਣ ’ਚ ਸ਼ਾਮਲ ਹੋਣ ਦਾ ਐਲਾਨ ਨਹੀਂ ਕੀਤਾ। ਹੁਣ ਤੱਕ ਸਿਰਫ਼ ਹਾਊਸ ਆਫ ਕਾਮਨਜ਼ ਦੇ ਆਗੂ ਪੈਨੀ ਮੋਰਡੌਂਟ ਹੀ ਇਕੱਲੇ ਉਮੀਦਵਾਰ ਹਨ ਜਿਨ੍ਹਾਂ ਅਧਿਕਾਰਤ ਤੌਰ ’ਤੇ ਚੋਣ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਨੂੰ ਟੋਰੀ ਪਾਰਟੀ ਦੇ ਕੁਝ ਮੰਤਰੀਆਂ ਤੇ ਟੋਰੀ ਪਾਰਟੀ ਦੇ ਅਲੱਗ-ਥਲੱਗ ਪਏ ਧੜਿਆਂ ਦੇ ਕੁਝ ਸੰਸਦ ਮੈਂਬਰਾਂ ਦੀ ਹਮਾਇਤ ਮਿਲੀ ਹੈ। ਸਾਬਕਾ ਉੱਪ ਪ੍ਰਧਾਨ ਮੰਤਰੀ ਡੋਮੀਨਿਕ ਰਾਬ ਨੇ ਕਿਹਾ, ‘ਗਰਮੀਆਂ ’ਚ ਰਿਸ਼ੀ ਕੋਲ ਸਹੀ ਯੋਜਨਾ ਸੀ ਅਤੇ ਮੈਨੂੰ ਲਗਦਾ ਹੈ ਕਿ ਹੁਣ ਵੀ ਇਹ ਸਹੀ ਯੋਜਨਾ ਹੈ। ਮੈਨੂੰ ਲੱਗਦਾ ਹੈ ਕਿ ਕੁਝ ਸਥਿਰਤਾ ਲਿਆਉਣ, ਲੱਖਾਂ ਵਰਕਰਾਂ ਨੂੰ ਭਰੋਸਾ ਦਿਵਾਉਣ ਅਤੇ ਦੇਸ਼ ’ਚ ਵਪਾਰ ਨੂੰ ਉਤਸ਼ਾਹ ਦੇਣ ਲਈ ਉਹ ਯੋਗ ਉਮੀਦਵਾਰ ਹਨ।’ ਉਨ੍ਹਾਂ ਬੋਰਿਸ ਜੌਹਨਸਨ ਦੀ ਵਾਪਸੀ ਖ਼ਿਲਾਫ਼ ਚਿਤਾਵਨੀ ਦਿੱਤੀ ਕਿ ਬਰਤਾਨੀਆ ਦੀ ਸੰਸਦ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਉਨ੍ਹਾਂ ਲੌਕਡਾਊਨ ਕਾਨੂੰਨ ਤੋੜਨ ਵਾਲੀਆਂ ਪਾਰਟੀਆਂ ਦੇ ਮੁੱਦੇ ’ਤੇ ਕਾਮਨਜ਼ ਨੂੰ ਗੁੰਮਰਾਹ ਕੀਤਾ ਸੀ। ਉਨ੍ਹਾਂ ਕਿਹਾ, ‘ਅਸੀਂ ਪਿੱਛੇ ਨਹੀਂ ਜਾ ਸਕਦੇ। ਅਸੀਂ ਪਾਰਟੀਗੇਟ ਜਿਹਾ ਫਿਰ ਕੋਈ ਦੂਜਾ ਕਾਂਡ ਨਹੀਂ ਚਾਹੁੰਦੇ। ਅਸੀਂ ਦੇਸ਼ ਤੇ ਸਰਕਾਰ ਨੂੰ ਅੱਗੇ ਲਿਜਾਣਾ ਹੈ।’ 

Radio Mirchi