ਨੋਟਾਂ ’ਤੇ ਲੱਛਮੀ ਤੇ ਗਣੇਸ਼ ਦੀਆਂ ਤਸਵੀਰਾਂ ਵੀ ਹੋਣ: ਕੇਜਰੀਵਾਲ

ਨੋਟਾਂ ’ਤੇ ਲੱਛਮੀ ਤੇ ਗਣੇਸ਼ ਦੀਆਂ ਤਸਵੀਰਾਂ ਵੀ ਹੋਣ: ਕੇਜਰੀਵਾਲ

ਨੋਟਾਂ ’ਤੇ ਲੱਛਮੀ ਤੇ ਗਣੇਸ਼ ਦੀਆਂ ਤਸਵੀਰਾਂ ਵੀ ਹੋਣ: ਕੇਜਰੀਵਾਲ
ਨਵੀਂ ਦਿੱਲੀ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦੇਸ਼ ਦੀ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਲਈ ਨਵੇਂ ਕਰੰਸੀ ਨੋਟਾਂ ’ਤੇ ਮਾਤਾ ਲੱਛਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਛਾਪੀਆਂ ਜਾਣ। ਮੁਲਕ ਦਾ ਅਰਥਚਾਰਾ ਠੀਕ ਨਾ ਹੋਣ ਦਾ ਦਾਅਵਾ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅਰਥਚਾਰੇ ਨੂੰ ਲੀਹਾਂ ’ਤੇ ਲਿਆਉਣ ਲਈ ਕਈ ਕੋਸ਼ਿਸ਼ਾਂ ਦੇ ਨਾਲ ਦੇਵੀ-ਦੇਵਤਿਆਂ ਦੇ ਆਸ਼ੀਰਵਾਦ ਦੀ ਵੀ ਲੋੜ ਹੈ। ‘ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਨੂੰ ਅੱਜ ਅਪੀਲ ਕਰਦਾ ਹਾਂ ਕਿ ਸਾਡੇ ਕਰੰਸੀ ਨੋਟਾਂ ’ਤੇ ਇਕ ਪਾਸੇ ਮਹਾਤਮਾ ਗਾਂਧੀ ਅਤੇ ਦੂਜੇ ਪਾਸੇ ਗਣੇਸ਼ ਤੇ ਲੱਛਮੀ ਦੀਆਂ ਤਸਵੀਰਾਂ ਹੋਣੀਆਂ ਚਾਹੀਦੀਆਂ ਹਨ।’ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਚੱਲ ਰਹੇ ਸਾਰੇ ਨੋਟਾਂ ਨੂੰ ਬਦਲਣ ਲਈ ਨਹੀਂ ਆਖ ਰਹੇ ਹਨ ਅਤੇ ਸੁਝਾਅ ਹੈ ਕਿ ਹਰ ਮਹੀਨੇ ਛਾਪੇ ਜਾ ਰਹੇ ਨਵੇਂ ਨੋਟਾਂ ’ਤੇ ਲੱਛਮੀ ਅਤੇ ਗਣੇਸ਼ ਦੀਆਂ ਤਸਵੀਰਾਂ ਛਾਪੀਆਂ ਜਾਣ। ਕੁਝ ਸਮੇਂ ਬਾਅਦ ਵੱਡੀ ਗਿਣਤੀ ’ਚ ਅਜਿਹੇ ਨੋਟ ਖੁਦ ਹੀ ਪ੍ਰਚਲਨ ’ਚ ਆ ਜਾਣਗੇ। 
‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਮੁਸਲਿਮ ਬਹੁ-ਗਿਣਤੀ ਵਾਲੇ ਮੁਲਕ ਇੰਡੋਨੇਸ਼ੀਆ, ਜਿਥੇ ਸਿਰਫ਼ ਦੋ ਫ਼ੀਸਦੀ ਹਿੰਦੂ ਹਨ, ’ਚ ਵੀ ਕਰੰਸੀ ’ਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਅਰਥਚਾਰਾ ਨਾਜ਼ੁਕ ਦੌਰ ’ਚੋਂ ਗੁਜ਼ਰ ਰਿਹਾ ਹੈ ਅਤੇ ਇਹ ਰੋਜ਼ਾਨਾ ਅਮਰੀਕੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੁੰਦਾ ਜਾ ਰਿਹਾ ਹੈ ਅਤੇ ਇਸ ਦਾ ਬੋਝ ਆਮ ਆਦਮੀ ਨੂੰ ਸਹਿਣਾ ਪੈ ਰਿਹਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਹ ਵਿਚਾਰ ਕਿਥੋਂ ਸੁਝਿਆ ਤਾਂ ਕੇਜਰੀਵਾਲ ਨੇ ਕਿਹਾ,‘‘ਸੋਮਵਾਰ ਨੂੰ ਦੀਵਾਲੀ ਦੀ ਪੂਜਾ ਕਰਨ ਦੌਰਾਨ ਮੈਨੂੰ ਮਹਿਸੂਸ ਹੋਇਆ ਕਿ ਦੋਵੇਂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਕਰੰਸੀ ਨੋਟਾਂ ’ਤੇ ਹੋਣੀਆਂ ਚਾਹੀਦੀਆਂ ਹਨ। ਅਸੀਂ ਦੇਸ਼ ਨੂੰ ਵਿਕਸਤ ਅਤੇ ਖੁਸ਼ਹਾਲ ਬਣਦਾ ਦੇਖਣਾ ਚਾਹੁੰਦੇ ਹਾਂ। ਸਾਨੂੰ ਵੱਡੀ ਗਿਣਤੀ ’ਚ ਸਕੂਲ ਅਤੇ ਹਸਪਤਾਲ ਬਣਾਉਣੇ ਚਾਹੀਦੇ ਹਨ ਅਤੇ ਬਿਜਲੀ ਤੇ ਸੜਕਾਂ ਲਈ ਬੁਨਿਆਦੀ ਢਾਂਚਾ ਵਿਕਸਤ ਕਰਨਾ ਚਾਹੀਦਾ ਹੈ। ਅਸੀਂ ਸਾਰੇ ਕੋਸ਼ਿਸ਼ਾਂ ਕਰਦੇ ਹਾਂ ਪਰ ਫਲ ਤਾਂ ਹੀ ਪਏਗਾ ਜਦੋਂ ਰੱਬ ਸਾਨੂੰ ਆਸ਼ੀਰਵਾਦ ਦੇਵੇਗਾ।’’ ਦਿੱਲੀ ਦੇ ਮੁੱਖ ਮੰਤਰੀ ਦੀ ਅਪੀਲ ਨੂੰ ਹਮਾਇਤ ਦਿੰਦਿਆਂ ‘ਆਪ’ ਵਿਧਾਇਕ ਆਤਿਸ਼ੀ ਨੇ ਭਾਜਪਾ ਨੂੰ ਕਿਹਾ ਕਿ ਉਹ ਕੇਜਰੀਵਾਲ ਦੀ ਤਜਵੀਜ਼ ਦਾ ਸਮਰਥਨ ਕਰਨ। ਆਤਿਸ਼ੀ ਨੇ ਕਿਹਾ,‘‘ਤੁਸੀਂ (ਭਾਜਪਾ) ਅਰਵਿੰਦ ਕੇਜਰੀਵਾਲ ਨੂੰ ਨਫ਼ਰਤ ਕਰਨਾ ਜਾਰੀ ਰੱਖ ਸਕਦੇ ਹੋ ਪਰ ਘੱਟੋ ਘੱਟ ਮਾਤਾ ਲੱਛਮੀ ਅਤੇ ਭਗਵਾਨ ਗਣੇਸ਼ ਨਾਲ ਨਫ਼ਰਤ ਤਾਂ ਨਾ ਕਰੋ। ਉਨ੍ਹਾਂ ਦੇ ਆਸ਼ੀਰਵਾਦ ਅਤੇ ਦੇਸ਼ ਦੀ ਖੁਸ਼ਹਾਲੀ ਨਾਲ ਨਫ਼ਰਤ ਨਾ ਕਰੋ।’’ ਉਨ੍ਹਾਂ ਕਿਹਾ ਕਿ ਉਹ ਹੱਥ ਜੋੜ ਕੇ ਭਾਜਪਾ ਨੂੰ ਬੇਨਤੀ ਕਰਦੀ ਹੈ ਕਿ ਉਹ ਇਸ ਤਜਵੀਜ਼ ਦਾ ਸਿਰਫ਼ ਇਸ ਕਰਕੇ ਵਿਰੋਧ ਨਾ ਕਰੇ ਕਿ ਉਹ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਨਫ਼ਰਤ ਕਰਦੀ ਹੈ। -

Radio Mirchi