ਹੈਲੋਵੀਨ: ਭਗਦੜ ’ਚ ਮਰਨ ਵਾਲਿਆਂ ਦੀ ਗਿਣਤੀ 153 ਹੋਈ

ਹੈਲੋਵੀਨ: ਭਗਦੜ ’ਚ ਮਰਨ ਵਾਲਿਆਂ ਦੀ ਗਿਣਤੀ 153 ਹੋਈ
ਸਿਓਲ-ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ’ਚ ਲੰਘੀ ਰਾਤ ‘ਹੈਲੋਵੀਨ’ ਦੌਰਾਨ ਭੀੜ ਦੇ ਇੱਕ ਭੀੜੀ ਗਲੀ ’ਚ ਦਾਖਲ ਹੋਣ ਦੀ ਕੋਸ਼ਿਸ਼ ਕਾਰਨ ਮਚੀ ਭਗਦੜ ’ਚ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 153 ਹੋ ਗਈ ਹੈ ਜਦਕਿ 82 ਹੋਰਾਂ ਦਾ ਇਲਾਜ ਚੱਲ ਰਿਹਾ ਹੈ। ਲੰਘੀ ਰਾਤ 59 ਵਿਅਕਤੀਆਂ ਦੀ ਮੌਤ ਹੋਈ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਦੁਨੀਆ ਭਰ ਦੇ ਆਗੂਆਂ ਨੇ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਮਰਜੈਂਸੀ ਮੁਲਾਜ਼ਮਾਂ ਤੇ ਰਾਹਗੀਰਾਂ ਨੇ ਰਾਜਧਾਨੀ ਦੇ ਇਟੇਵਨ ਜ਼ਿਲ੍ਹੇ ’ਚ ਲੰਘੀ ਰਾਤ ਮੱਚੀ ਭਗਦੜ ਤੋਂ ਬਾਅਦ ਸੜਕਾਂ ’ਤੇ ਪੲੇ ਲੋਕਾਂ ਨੂੰ ਸਾਹ ਦਿਵਾਉਣ ਦੀ ਕੋਸ਼ਿਸ਼ ਕੀਤੀ। ਸਿਓਲ ਦੇ ਯੌਂਗਸਨ ਫਾਇਰ ਬ੍ਰਿਗੇਡ ਵਿਭਾਗ ਦੇ ਮੁਖੀ ਚੋਈ ਸੇਓਂਗ ਬੀਓਮ ਅਨੁਸਾਰ ਮ੍ਰਿਤਕਾਂ ਤੇ ਜ਼ਖ਼ਮੀਆਂ ’ਚ ਜ਼ਿਆਦਾਤਰ 20 ਸਾਲ ਤੱਕ ਦੀ ਉਮਰ ਦੇ ਨੌਜਵਾਨ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ’ਚ 19 ਵਿਦੇਸ਼ੀ ਵੀ ਹਨ ਜਿਨ੍ਹਾਂ ਦੀ ਪਛਾਣ ਬਾਰੇ ਤਤਕਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜ਼ਖ਼ਮੀਆਂ ’ਚੋਂ 19 ਦੀ ਹਾਲਤ ਨਾਜ਼ੁਕ ਹੈ। ਇਸ ਲਈ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਟੇਵਨ ’ਚ ਦੇਸ਼ ਦੇ ਸਭ ਤੋਂ ਵੱਡੇ ਆਊਟ ਡੋਰ ਹੈਲੋਵੀਨ ਸਮਾਗਮ ਲਈ ਤਕਰੀਬਨ ਇੱਕ ਲੱਖ ਲੋਕ ਇਕੱਠੇ ਹੋਏ ਸਨ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਉਨ੍ਹਾਂ ਦੀ ਪਤਨੀ ਜਿੱਲ ਬਾਇਡਨ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਜੋਅ ਬਾਇਡਨ ਨੇ ਟਵੀਟ ਕੀਤਾ, ‘ਅਸੀਂ ਕੋਰੀਆ ਗਣਰਾਜ ਦੇ ਲੋਕਾਂ ਨਾਲ ਹਮਦਰਦੀ ਜ਼ਾਹਿਰ ਕਰਦੇ ਹਾਂ ਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦੇ ਹਾਂ।’ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਇਸ ਹਾਦਸੇ ਦੀ ਖ਼ਬਰ ਨੂੰ ਭਿਆਨਕ ਕਰਾਰ ਦਿੰਦਿਆਂ ਪੀੜਤਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਇਸੇ ਤਰ੍ਹਾਂ ਜਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਹੋਰਨਾਂ ਨੇ ਵੀ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮੁਸ਼ਕਲ ਦੀ ਘੜੀ ’ਚ ਅਸੀਂ ਦੱਖਣੀ ਕੋਰੀਆ ਦੇ ਨਾਲ: ਜੈਸ਼ੰਕਰ
ਨਵੀਂ ਦਿੱਲੀ:ਵਿਦੇਸ਼ ਮੰਤਰੀ ਐੱਸ ਜੈਸੰਕਰ ਨੇ ਦੱਖਣੀ ਕੋਰੀਆ ’ਚ ਭਗਦੜ ਦੌਰਾਨ ਲੋਕਾਂ ਦੇ ਮਾਰੇ ਜਾਣ ਦੀ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਭਾਰਤ ਇਸ ਦੁੱਖ ਦੀ ਘੜੀ ’ਚ ਦੱਖਣੀ ਕੋਰੀਆ ਦੇ ਨਾਲ ਹੈ। ਜੈਸ਼ੰਕਰ ਨੇ ਟਵੀਟ ਕੀਤਾ, ‘ਸਿਓਲ ’ਚ ਭਗਦੜ ’ਚ ਇੰਨੇ ਨੌਜਵਾਨਾਂ ਦੀ ਮੌਤ ਹੋਣ ਦੀ ਘਟਨਾ ਤੋਂ ਸਦਮੇ ’ਚ ਹਾਂ। ਆਪਣੇ ਜੀਅ ਗੁਆਉਣ ਵਾਲੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ। ਅਸੀਂ ਇੱਕ ਮੁਸ਼ਕਿਲ ਸਮੇਂ ’ਚ ਕੋਰੀਆ ਗਣਰਾਜ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹਾਂ।’