ਜਲਵਾਯੂ ਸੰਮੇਲਨ: ਪਥਰਾਟੀ ਈਂਧਣ ਦੀ ਵਰਤੋਂ ਘਟਾਉਣ ਬਾਰੇ ਭਾਰਤ ਦਾ ਸੁਝਾਅ ਖਰੜੇ ਵਿੱਚ ਨਾ ਕੀਤਾ ਸ਼ਾਮਲ

ਜਲਵਾਯੂ ਸੰਮੇਲਨ: ਪਥਰਾਟੀ ਈਂਧਣ ਦੀ ਵਰਤੋਂ ਘਟਾਉਣ ਬਾਰੇ ਭਾਰਤ ਦਾ ਸੁਝਾਅ ਖਰੜੇ ਵਿੱਚ ਨਾ ਕੀਤਾ ਸ਼ਾਮਲ
ਨਵੀਂ ਦਿੱਲੀ-ਸੰਯੁਕਤ ਰਾਸ਼ਟਰ ਨੇ ਮਿਸਰ ਵਿੱਚ ਜਾਰੀ 27ਵੀਂ ਸੰਯੁਕਤ ਰਾਸ਼ਟਰ ਵਾਤਾਵਰਨ ਤਬਦੀਲੀ ਕਾਨਫਰੰਸ (ਕੋਪ-27) ਦੌਰਾਨ ਵਾਤਾਵਰਨ ਸਮਝੌਤੇ ਸਬੰਧੀ ਪਹਿਲਾ ਗ਼ੈਰ-ਰਸਮੀ ਖਰੜਾ ਪ੍ਰਕਾਸ਼ਿਤ ਕੀਤਾ ਹੈ ਅਤੇ ਇਸ ਵਿੱਚ ਭਾਰਤ ਵੱਲੋਂ ਪੇਸ਼ ਕੀਤੇ ਗਏ ਪਥਰਾਟੀ ਈਂਧਣ ਦੀ ਵਰਤੋਂ ਪੜਾਅਵਾਰ ਘਟਾਉਣ ਦੇ ਸੁਝਾਅ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਉਂਜ ਭਾਰਤ ਦੇ ਇਸ ਸੁਝਾਅ ਦਾ ਯੂਰਪੀ ਸੰਘ ਅਤੇ ਕਈ ਹੋਰ ਦੇਸ਼ਾਂ ਨੇ ਸਮਰਥਨ ਕੀਤਾ ਸੀ। ਖਰੜੇ ਵਿੱਚ ਘਾਟੇ ਅਤੇ ਨੁਕਸਾਨ ਸਬੰਧੀ ਫੰਡ ਸ਼ੁਰੂ ਕਰਨ ਬਾਰੇ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ। ਖਰੜਾ ਤਾਪਮਾਨ ਵਾਧੇ ਨੂੰ ਰੋਕਣ ਲਈ ਸਨਅਤੀਕਰਨ ਤੋਂ ਪਹਿਲਾਂ ਦੇ ਪੱਧਰ ਦੇ ਤਾਪਮਾਨ ਤੋਂ ਇਸ ਨੂੰ ਦੋ ਡਿਗਰੀ ਸੈਲਸੀਅਸ ਤੋਂ ਵੱਧ ਨਾ ਵਧਣ ਦੇਣ ਦੇ ਪੈਰਿਸ ਸਮਝੌਤੇ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਸਾਰੇ ਪੱਧਰਾਂ ’ਤੇ ਕੋਸ਼ਿਸ਼ਾਂ ਨੂੰ ਪੂਰਾ ਕਰਨ ਦੇ ਮਹੱਤਵ ’ਤੇ ਜ਼ੋਰ ਦਿੰਦਾ ਹੈ ਅਤੇ ਤਾਪਮਾਨ ਵਾਧੇ ਨੂੰ ਡੇਢ ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਦੇ ਯਤਨਾਂ ਦੀ ਗੱਲ ਕਰਦਾ ਹੈ। ਖਰੜਾ ‘ਅਸੰਤੁਲਿਤ ਕੋਲਾ ਨਿਕਾਸੀ ਨੂੰ ਪੜਾਅਵਾਰ ਢੰਗ ਨਾਲ ਘੱਟ ਕਰਨ ਦੀ ਦਿਸ਼ਾ ਵੱਲ ਹੱਲ ਲੱਭਣ ਅਤੇ ਕੌਮੀ ਪ੍ਰਸਥਿਤੀਆਂ ਅਨੁਸਾਰ ਪਥਰਾਟੀ ਈਂਧਨ ਸਬਸਿਡੀ ਨੂੰ ਤਰਕਸੰਗਤ ਬਣਾਉਣ ਅਤੇ ਬਦਲਾਅ ਲਈ ਸਮਰਥਨ ਦੀ ਲੋੜ ਨੂੰ ਪਛਾਨਣ ਦੇ ਲਗਾਤਾਰ ਯਤਨਾਂ ਨੂੰ ਉਤਸ਼ਾਹਿਤ ਕਰਦਾ ਹੈ।