ਕੈਨੇਡਾ: ਪੰਜਾਬੀ ਲੜਕੇ ਦੀ ਛੁਰਾ ਮਾਰ ਕੇ ਹੱਤਿਆ

ਕੈਨੇਡਾ: ਪੰਜਾਬੀ ਲੜਕੇ ਦੀ ਛੁਰਾ ਮਾਰ ਕੇ ਹੱਤਿਆ
ਵੈਨਕੂਵਰ-ਸਰੀ ਦੇ 66 ਐਵੇਨਿਊ 126 ਸਟਰੀਟ ਸਥਿਤ ਟਮਾਨਾਵਿਸ ਸੈਕੰਡਰੀ ਸਕੂਲ ਵਿੱਚ ਪੜ੍ਹਦੇ ਛੋਟੇ ਭਰਾ ਨੂੰ ਲੈਣ ਗਏ ਮਹਿਕਪ੍ਰੀਤ ਸਿੰਘ ਸੇਠੀ (18) ਦੀ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲੀਸ ਨੇ ਕਾਤਲ ਦੀ ਪਛਾਣ ਕਰਕੇ 17 ਸਾਲਾ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਉਸ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ। ਪੁਲੀਸ ਸਾਰਜੈਂਟ ਟਿਮੋਥੀ ਪੀਅਰੋਟੀ ਅਨੁਸਾਰ ਦੋਵੇਂ ਇਕ-ਦੂਜੇ ਨੂੰ ਜਾਣਦੇ ਸਨ। ਪੁਲੀਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਘਟਨਾ ਮੌਕੇ ਸਕੂਲ ਲੱਗਾ ਹੋਇਆ ਸੀ ਤੇ ਛੁੱਟੀ ਹੋਣ ਵਿਚ ਥੋੜ੍ਹਾ ਸਮਾਂ ਰਹਿ ਗਿਆ ਸੀ।
ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲੀਸ ਤੇ ਐਂਬੂਲੈਂਸ ਟੀਮ ਨੇ ਵੇਖਿਆ ਕਿ ਨੌਜੁਆਨ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿਚ ਤੜਪ ਰਿਹਾ ਸੀ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਗਿਆ। ਜਾਂਚ ਟੀਮ ਨੂੰ ਲੋਕਾਂ ਤੋਂ ਮਿਲੇ ਸਹਿਯੋਗ ਕਾਰਨ ਮੁਲਜ਼ਮ ਨੂੰ ਘਟਨਾ ਸਥਾਨ ਦੇ ਨੇੜਿਓਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਜੋ ਅਜੇ ਨਾਬਾਲਗ ਹੈ। ਪੁਲੀਸ ਬੁਲਾਰੇ ਅਨੁਸਾਰ ਮਾਮਲੇ ਦਾ ਗੈਂਗਵਾਰ ਨਾਲ ਕੋਈ ਸਬੰਧ ਨਹੀਂ ਅਤੇ ਮੁੱਢਲੀ ਜਾਣਕਾਰੀ ਅਨੁਸਾਰ ਇਹ ਘਟਨਾ ਕਿਸੇ ਭੜਕਾਹਟ ਕਾਰਨ ਵਾਪਰੀ ਲੱਗਦੀ ਹੈ। ਸ਼ਹਿਰ ਦੀ ਮੇਅਰ ਬੀਬੀ ਬਰੈਂਡਾ ਲੌਕ ਨੇ ਇਸ ਹਿੰਸਕ ਘਟਨਾ ਦੀ ਸਖਤ ਨਿੰਦਾ ਕੀਤੀ ਹੈ।