ਆਸਟਰੇਲੀਆ ’ਚ ਔਰਤ ਦੀ ਹੱਤਿਆ ਕਰਨ ਵਾਲਾ ਪੰਜਾਬੀ ਦਿੱਲੀ ਤੋਂ ਕਾਬੂ

ਆਸਟਰੇਲੀਆ ’ਚ ਔਰਤ ਦੀ ਹੱਤਿਆ ਕਰਨ ਵਾਲਾ ਪੰਜਾਬੀ ਦਿੱਲੀ ਤੋਂ ਕਾਬੂ
ਮੋਗਾ-ਦਿੱਲੀ ਪੁਲੀਸ ਨੇ ਅੱਜ ਭਾਰਤੀ ਮੂਲ ਦੇ ਆਸਟਰੇਲਿਆਈ ਨਾਗਰਿਕ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਆਸਟਰੇਲੀਆ ਦੇ ਕੁਈਨਜ਼ਲੈਂਡ ਸ਼ਹਿਰ ’ਚ ਇੱਕ ਮਹਿਲਾ ਦੀ ਹੱਤਿਆ ਕਰਨ ਦਾ ਦੋਸ਼ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਦਿੱਲੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਉਸ ਨੂੰ 30 ਨਵੰਬਰ ਤੱਕ 5 ਦਿਨ ਲਈ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।
ਅਧਿਕਾਰੀਆਂ ਨੇ ਦੱਸਿਆ ਮੂਲ ਰੂਪ ’ਚ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਕਲਾਂ ਦਾ ਰਹਿਣ ਵਾਲਾ ਰਾਜਵਿੰਦਰ ਸਿੰਘ ਘਟਨਾ ਤੋਂ ਬਾਅਦ ਆਸਟਰੇਲੀਆ ਤੋਂ ਭੱਜ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ’ਤੇ 10 ਲੱਖ ਆਸਟਰੇਲਿਆਈ ਡਾਲਰ ਦਾ ਇਨਾਮ ਸੀ। ਇੰਟਰਪੋਲ ਨੇ ਰਾਜਵਿੰਦਰ ਸਿੰਘ (38) ਖ਼ਿਲਾਫ਼ ‘ਰੈੱਡ ਕਾਰਨਰ’ ਨੋਟਿਸ ਜਾਰੀ ਕੀਤਾ ਸੀ ਜਿਸ ਮਗਰੋਂ ਪਟਿਆਲਾ ਹਾਊਸ ਨੇ ਉਸ ਖ਼ਿਲਾਫ਼ 21 ਨਵੰਬਰ ਨੂੰ ਉਸ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।
ਸੀਬੀਆਈ ਤੇ ਉਸ ਦੇ ਆਸਟਰੇਲਿਆਈ ਹਮਰੁਤਬਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ ’ਤੇ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਦਿੱਲੀ ਪੁਲੀਸ ਦੀ ਇੱਕ ਵਿਸ਼ੇਸ਼ ਇਕਾਈ ਨੇ ਸਵੇਰੇ ਤਕਰੀਬਨ ਛੇ ਵਜੇ ਕਰਨਾਲ ਜੀਟੀ ਰੋਡ ਤੋਂ ਫੜਿਆ ਹੈ। ਆਸਟਰੇਲਿਆਈ ਹਾਈ ਕਮਿਸ਼ਨ ਨੇ ਚਾਰ ਨਵੰਬਰ ਨੂੰ ਦੱਸਿਆ ਸੀ ਕਿ ਸਮੁੰਦਰੀ ਤੱਟ ’ਤੇ ਆਸਟਰੇਲਿਆਈ ਮਹਿਲਾ ਦੀ ਹੱਤਿਆ ਕਰਨ ਵਾਲੇ ਰਾਜਵਿੰਦਰ ਸਿੰਘ ਦੀ ਗ੍ਰਿਫ਼ਤਾਰੀ ’ਤੇ 10 ਲੱਖ ਆਸਟਰੇਲਿਆਈ ਡਾਲਰ ਦਾ ਇਨਾਮ ਐਲਾਨਿਆ ਗਿਆ ਹੈ। ਅਕਤੂਬਰ 2018 ’ਚ ਤਿਓਹ ਕੌਰਡਿੰਗਲੇ (24) ਆਪਣੇ ਕੁੱਤੇ ਨੂੰ ਕੁਈਨਜ਼ਲੈਂਡ ਦੀ ਵਾਂਗੇਟੀ ਬੀਚ ’ਤੇ ਘੁਮਾਉਣ ਨਿਕਲੀ ਸੀ ਜਦੋਂ ਉਸ ਦੀ ਹੱਤਿਆ ਕਰ ਦਿੱਤੀ ਗਈ। ਰਾਜਵਿੰਦਰ ਇਨਿਸਫੇਲ ’ਚ ਬਤੌਰ ਨਰਸ ਕੰਮ ਕਰਦਾ ਸੀ। ਕੌਰਡਿੰਗਲੇ ਦੀ ਹੱਤਿਆ ਤੋਂ ਦੋ ਦਿਨ ਬਾਅਦ ਉਹ ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਆਸਟਰੇਲੀਆ ਛੱਡ ਕੇ ਭੱਜ ਗਿਆ ਸੀ। ਪੁਲੀਸ ਮੁਤਾਬਕ ਆਸਟਰੇਲਿਆ ਰਹਿੰਦੇ ਉਸ ਦੇ ਪਰਿਵਾਰ ਨੇ ਕਿਹਾ ਸੀ ਕਿ ਰਾਜਵਿੰਦਰ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਿਆ ਸੀ ਅਤੇ ਕੰਮ ਨਾਲ ਸਬੰਧਤ ਮੁੱਦਿਆਂ ਕਾਰਨ ਮਾਨਸਿਕ ਪ੍ਰੇਸ਼ਾਨੀ ਵਿਚ ਸੀ। ਉਹ ਦੋ ਦਹਾਕੇ ਪਹਿਲਾਂ ਆਪਣੇ ਪਰਿਵਾਰ ਨਾਲ ਆਸਟਰੇਲੀਆ ਆਇਆ ਸੀ। ਉਸ ਦੇ ਹੋਰ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਵੀ ਆਸਟਰੇਲੀਆ ਹੀ ਰਹਿੰਦੇ ਹਨ।