ਕੈਨੇਡਾ ਵਾਸੀਆਂ ਨੂੰ ਹਾਲੇ ਨਹੀਂ ਮਿਲੇਗੀ ਮਹਿੰਗਾਈ ਤੋਂ ਰਾਹਤ

ਕੈਨੇਡਾ ਵਾਸੀਆਂ ਨੂੰ ਹਾਲੇ ਨਹੀਂ ਮਿਲੇਗੀ ਮਹਿੰਗਾਈ ਤੋਂ ਰਾਹਤ

ਕੈਨੇਡਾ ਵਾਸੀਆਂ ਨੂੰ ਹਾਲੇ ਨਹੀਂ ਮਿਲੇਗੀ ਮਹਿੰਗਾਈ ਤੋਂ ਰਾਹਤ
ਵਿਨੀਪੈਗ-ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਕੈਨੇਡਾ ਵਾਸੀਆਂ ਨੂੰ ਅਗਲੇ ਸਾਲ ਵੀ ਮਹਿੰਗਾਈ ਦੀ ਮਾਰ ਝੱਲਣੀ ਪਵੇਗੀ। ਸਾਲ 2023 ਵਿੱਚ ਖ਼ੁਰਾਕੀ ਕੀਮਤਾਂ ਸੱਤ ਫ਼ੀਸਦੀ ਤੱਕ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਚਾਰ ਮੈਂਬਰੀ ਪਰਿਵਾਰ ਦਾ ਰਾਸ਼ਨ ’ਤੇ ਕੁੱਲ ਸਾਲਾਨਾ ਖਰਚ 16,288 ਡਾਲਰ ਹੋ ਸਕਦਾ ਹੈ, ਜੋ ਇਸ ਸਾਲ ਨਾਲੋਂ 1,065 ਡਾਲਰ ਵੱਧ ਹੈ। ਇਹ ਖੁਲਾਸਾ ਖ਼ੁਰਾਕੀ ਵਸਤਾਂ ਸਬੰਧੀ ਰਿਪੋਰਟ ਵਿੱਚ ਕੀਤਾ ਗਿਆ ਹੈ।
ਇੱਕ ਅਧਿਕਾਰਤ ਰਿਪੋਰਟ ਅਨੁਸਾਰ, ਕੈਨੇਡਾ ਵਿੱਚ ਅਗਲੇ ਸਾਲ 40 ਸਾਲ ਦੀ ਇੱਕ ਔਰਤ ਨੂੰ ਰਸੋਈ ਦੇ ਰਾਸ਼ਨ ਲਈ 3,740 ਡਾਲਰ ਅਤੇ ਪੁਰਸ਼ ਨੂੰ 4,168 ਡਾਲਰ ਖ਼ਰਚਣੇ ਪੈਣਗੇ। ਡਲਹੌਜ਼ੀ ਯੂਨੀਵਰਸਿਟੀ ਦੇ ਫੂਡ ਡਿਸਟ੍ਰੀਬਿਊਸ਼ਨ ਐਂਡ ਪਾਲਿਸੀ (ਖ਼ੁਰਾਕ ਵੰਡ ਤੇ ਨੀਤੀ) ਦੇ ਪ੍ਰੋਫੈਸਰ ਸਿਲਵੀਅਨ ਸ਼ਾਰਲੇਬੌਇਸ ਨੇ ਇਹ ਰਿਪੋਰਟ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਦੀ ਪਹਿਲੀ ਛਿਮਾਹੀ ਵਿੱਚ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ, ਭੂ-ਸਿਆਸੀ ਝਗੜੇ, ਮਹਿੰਗੀ ਹੋ ਰਹੀ ਊਰਜਾ ਅਤੇ ਕੋਵਿਡ-19 ਦੇ ਪ੍ਰਭਾਵ ਖ਼ੁਰਾਕੀ ਮਹਿੰਗਾਈ ’ਤੇ ਅਸਰ ਪਾ ਸਕਦੇ ਹਨ। ਖ਼ੁਰਾਕੀ ਕੀਮਤਾਂ ’ਤੇ ਕਰੰਸੀ ਵਿੱਚ ਉਤਰਾਅ-ਚੜ੍ਹਾਅ ਅਤੇ ਕੈਨੇਡੀਅਨ ਡਾਲਰ ਕਮਜ਼ੋਰ ਹੋਣ ਦਾ ਵੀ ਅਸਰ ਪਵੇਗਾ। ਕੈਨੇਡਾ ਵਿੱਚ ਜ਼ਿਆਦਾਤਰ ਉਪਜ ਅਮਰੀਕਾ ਤੋਂ ਆਉਂਦੀ ਹੈ, ਜੋ ਕਿ ਬਹੁਤ ਮੁਸ਼ਕਲ ਸਥਿਤੀਆਂ ਦਾ ਸਾਹਮਣਾ ਕਰ ਰਿਹਾ ਹੈ। ਕੈਨੇਡਾ ਦੇ ਅੰਕੜਾ ਵਿਭਾਗ ਮੁਤਾਬਕ, ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਅਕਤੂਬਰ ਵਿੱਚ ਪਿਛਲੇ ਸਾਲ ਦੇ ਮੁਕਾਬਲੇ 11 ਫ਼ੀਸਦੀ ਵੱਧ ਰਹੀਆਂ ਸਨ।

Radio Mirchi