ਸ਼ੀ ਜਿਨਪਿੰਗ ਦਾ ਸਾਊਦੀ ਅਰਬ ’ਚ ਸ਼ਾਨਦਾਰ ਸਵਾਗਤ

ਸ਼ੀ ਜਿਨਪਿੰਗ ਦਾ ਸਾਊਦੀ ਅਰਬ ’ਚ ਸ਼ਾਨਦਾਰ ਸਵਾਗਤ

ਸ਼ੀ ਜਿਨਪਿੰਗ ਦਾ ਸਾਊਦੀ ਅਰਬ ’ਚ ਸ਼ਾਨਦਾਰ ਸਵਾਗਤ
ਪੇਈਚਿੰਗ-ਕੋਵਿਡ-19 ਨੂੰ ਠੱਲ੍ਹਣ ਲਈ ਕੀਤੀਆਂ ਸਖ਼ਤ ਪੇਸ਼ਬੰਦੀਆਂ ਕਰਕੇ ਲੀਹੋਂ ਲੱਥੇ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਰਮਿਆਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਹਫ਼ਤੇ ਦੋ ਖੇਤਰੀ ਸਿਖਰ ਸੰਮੇਲਨਾਂ ਵਿੱਚ ਸ਼ਾਮਲ ਹੋਣ ਲਈ ਸਾਊਦੀ ਅਰਬ ਪਹੁੰਚ ਗਏ ਹਨ। ਇਸ ਦੌਰਾਨ ਸਾਊਦੀ ਅਰਬ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸ਼ੀ ਚੀਨ-ਅਰਬ ਮੁਲਕਾਂ ਦੀ ਸਿਖਰ ਵਾਰਤਾ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰੀ ਭਰਨ ਦੇ ਨਾਲ ਸਾਊਦੀ ਰਾਜਧਾਨੀ ਰਿਆਧ ਵਿੱਚ ਖਾੜੀ ਸਹਿਯੋਗ ਕੌਂਸਲ ਵਿੱਚ ਸ਼ਾਮਲ ਛੇ ਮੁਲਕਾਂ ਦੇ ਆਗੂਆਂ ਨਾਲ ਬੈਠਕ ਕਰਨਗੇ। ਚੀਨੀ ਸਦਰ ਦਾ ਸਾਊਦੀ ਅਰਬ ਦੌਰਾ ਸ਼ਨਿੱਚਰਵਾਰ ਨੂੰ ਖ਼ਤਮ ਹੋਵੇਗਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਮਾਓ ਨਿੰਗ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਚੀਨ-ਅਰਬ ਮੁਲਕਾਂ ਦੀ ਸਿਖਰ ਵਾਰਤਾ ਵਿੱਚ ਸ਼ੀ ਦੀ ਹਾਜ਼ਰੀ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਦੀ ਸਥਾਪਨਾ ਤੋਂ ਬਾਅਦ ਚੀਨ ਅਤੇ ਅਰਬ ਸੰਸਾਰ ਦਰਮਿਆਨ ਸਭ ਤੋਂ ਵੱਡੀ ਅਤੇ ਉੱਚ ਪੱਧਰੀ ਕੂਟਨੀਤਕ ਘਟਨਾ ਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਚੀਨ-ਅਰਬ ਸਬੰਧਾਂ ਦੇ ਇਤਿਹਾਸ ਵਿੱਚ ਇੱਕ ਯੁੱਗ ਦੇ ਨਿਰਮਾਣ ਦਾ ਮੀਲ ਪੱਥਰ ਬਣ ਜਾਵੇਗੀ।’’ ਮਾਓ ਨੇ ਕਿਹਾ ਕਿ ਚੀਨ ਉਮੀਦ ਕਰਦਾ ਹੈ ਕਿ ਸਿਖਰ ਵਾਰਤਾ ਦੋਵਾਂ ਧਿਰਾਂ ਦਰਮਿਆਨ ਰਿਸ਼ਤਿਆਂ ਦਾ ਭਵਿੱਖੀ ਏਜੰਡਾ ਤੈਅ ਕਰਨ ਦੇ ਨਾਲ ਪ੍ਰਮੁੱਖ ਖੇਤਰੀ ਤੇ ਕੌਮਾਂਤਰੀ ਮੁੱਦਿਆਂ ਬਾਰੇ ਸਾਂਝੀ ਰਣਨੀਤਕ ਸਮਝ ਵਿਕਸਤ ਕਰਨ ਵਿੱਚ ਮਦਦਗਾਰ ਹੋਵੇਗੀ...ਤੇ ਬਹੁ-ਸੰਮਤੀਵਾਦ ਦਾ ਪੱਖ ਪੂਰੇਗੀ।’’ ਸ਼ੀ ਦਾ ਸਾਊਦੀ ਅਰਬ ਦੌਰਾ, ਕਰੋਨਾ ਮਹਾਮਾਰੀ ਦਾ ਵਧੇਰੇ ਸਮਾਂ ਚੀਨ ਵਿੱਚ ਹੀ ਬਿਤਾਉਣ ਮਗਰੋਂ, ਆਪਣੀ ਗਲੋਬਲ ਪ੍ਰੋਫਾਈਲ ਨੂੰ ਬਹਾਲ ਕਰਨ ਲਈ ਚੁੱਕੇ ਇੱਕ ਹੋਰ ਕਦਮ ਦੀ ਨਿਸ਼ਾਨਦੇਹੀ ਕਰਦਾ ਹੈ। 

Radio Mirchi