ਬ੍ਰਿਟਿਸ਼ ਕੋਲੰਬੀਆ ਵਜ਼ਾਰਤ ’ਚ ਚਾਰ ਪੰਜਾਬੀ ਮੰਤਰੀ ਸ਼ਾਮਲ

ਬ੍ਰਿਟਿਸ਼ ਕੋਲੰਬੀਆ ਵਜ਼ਾਰਤ ’ਚ ਚਾਰ ਪੰਜਾਬੀ ਮੰਤਰੀ ਸ਼ਾਮਲ
ਚੰਡੀਗੜ੍ਹ-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਵਜ਼ਾਰਤ ’ਚ ਪੰਜਾਬੀ ਮੂਲ ਦੇ ਚਾਰ ਵਜ਼ੀਰਾਂ ਨੂੰ ਥਾਂ ਦਿੱਤੀ ਗਈ ਹੈ। ਡੇਵਿਡ ਵਜ਼ਾਰਤ ਵਿਚ 27 ਮੰਤਰੀ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਵਿਚ 15 ਔਰਤਾਂ ਨੂੰ ਵੀ ਹਿੱਸੇਦਾਰੀ ਮਿਲੀ ਹੈ ਜਿਨ੍ਹਾਂ ਪੰਜਾਬੀਆਂ ਨੂੰ ਮੰਤਰੀ ਬਣਾਇਆ ਗਿਆ ਹੈ, ਉਨ੍ਹਾਂ ’ਚ ਜਗਰੂਪ ਬਰਾੜ, ਹੈਰੀ ਬੈਂਸ, ਰਵੀ ਕਾਹਲੋਂ ਅਤੇ ਰਚਨਾ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਪੰਜਾਬੀ ਮੂਲ ਦੀ ਨਿੱਕੀ ਸ਼ਰਮਾ ਨੂੰ ਅਟਾਰਨੀ ਜਨਰਲ ਬਣਾਇਆ ਗਿਆ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਉਣ ਦੇ ਜਗਰੂਪ ਸਿੰਘ ਬਰਾੜ ਨੂੰ ਵਪਾਰ ਮੰਤਰੀ ਬਣਾਇਆ ਗਿਆ ਹੈ। ਜਗਰੂਪ ਬਰਾੜ ਪਹਿਲੀ ਦਫ਼ਾ ਅਕਤੂਬਰ 2004 ਦੀ ਜ਼ਿਮਨੀ ਚੋਣ ’ਚ ਵਿਧਾਇਕ ਬਣੇ ਸਨ। ਇਸੇ ਤਰ੍ਹਾਂ ਰਚਨਾ ਸਿੰਘ ਨੂੰ ਐਜੂਕੇਸ਼ਨ ਅਤੇ ਚਾਈਲਡ ਕੇਅਰ, ਹੈਰੀ ਬੈਂਸ ਨੂੰ ਲੇਬਰ ਅਤੇ ਰਵੀ ਕਾਹਲੋਂ ਨੂੰ ਹਾਊਸਿੰਗ ਅਤੇ ਗਵਰਨਮੈਂਟ ਹਾਊਸ ਲੀਡਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਰਵੀ ਕਾਹਲੋਂ ਪਹਿਲਾਂ ਵੀ ਮੰਤਰੀ ਸਨ ਅਤੇ ਉਹ ਸੰਸਦੀ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਹੈਰੀ ਬੈਂਸ ਵੀ ਪਹਿਲਾਂ ਮੰਤਰੀ ਰਹਿ ਚੁੱਕੇ ਹਨ। ਵਿਕਟੋਰੀਆ ਦੇ ਗਵਰਨਰ ਹਾਊਸ ਵਿਚ ਇਨ੍ਹਾਂ ਪੰਜਾਬੀਆਂ ਨੇ ਬਤੌਰ ਮੰਤਰੀ ਹਲਫ਼ ਲਿਆ।
ਰਚਨਾ ਸਿੰਘ ਦੱਖਣੀ ਏਸ਼ਿਆਈ ਮੁਲਕਾਂ ਵਿਚੋਂ ਅਹਿਮ ਮੰਤਰਾਲਾ ਹਾਸਲ ਕਰਨ ਵਾਲੀ ਪਹਿਲੀ ਮੰਤਰੀ ਬਣੀ
ਚੰਡੀਗੜ੍ਹ:ਪੰਜਾਬੀ ਮੂਲ ਦੀ ਰਚਨਾ ਸਿੰਘ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਸਿੱਖਿਆ ਤੇ ਬੱਚਾ ਸੰਭਾਲ ਮੰਤਰੀ ਬਣਾਇਆ ਗਿਆ ਹੈ। ਰਚਨਾ ਸਿੰਘ ਨੇ ਪੰਜਾਬ ਯੂਨੀਵਰਸਿਟੀ ਤੋਂ ਮਨੋਵਿਗਿਆਨ ਦੀ ਪੋਸਟ ਗਰੈਜੂਏਸ਼ਨ ਕੀਤੀ ਹੈ। ਉਹ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਦੂਜੀ ਪੰਜਾਬਣ ਹੈ ਪਰ ਅਹਿਮ ਮੰਤਰਾਲਾ ਮਿਲਣ ਵਾਲੀ ਪਹਿਲੀ ਦੱਖਣੀ ਏਸ਼ਿਆਈ ਔਰਤ ਬਣ ਗਈ ਹੈ। ਰਚਨਾ ਸਿੰਘ ਨੇ ਏਜੰਸੀ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਲੋਕਾਂ ਦੀ ਸੰਭਾਲ ਕਰਨ ਵਾਲੀ ਸਰਕਾਰ ਵਿਚ ਅਹਿਮ ਮੰਤਰਾਲਾ ਮਿਲਣ ’ਤੇ ਮਾਣ ਮਹਿਸੂਸ ਕਰ ਰਹੀ ਹੈ ਤੇ ਹਰ ਇਕ ਨੂੰ ਮੁਫਤ ਸਿੱਖਿਆ ਦੇਣ ਲਈ ਵਚਨਬੱਧ ਹਨ। ਦੱਸਣਾ ਬਣਦਾ ਹੈ ਕਿ ਰਚਨਾ ਸਿੰਘ ਸਾਲ 2001 ਵਿਚ ਕੈਨੇਡਾ ਪੁੱਜੀ ਸੀ ਅਤੇ ਬਤੌਰ ਕਾਊਂਸਲਰ ਕੰਮ ਸ਼ੁਰੂ ਕੀਤਾ ਸੀ। ਉਹ ਪਹਿਲੀ ਵਾਰ ਮਈ 2017 ਵਿਚ ਵਿਧਾਇਕ ਚੁਣੀ ਗਈ ਅਤੇ ਮੁੜ 2020 ਵਿਚ ਐਮਐਲਏ ਬਣੀ।