ਵੱਡੀ ਤਾਕਤ ਬਣੇਗਾ ਭਾਰਤ: ਅਮਰੀਕਾ

ਵੱਡੀ ਤਾਕਤ ਬਣੇਗਾ ਭਾਰਤ: ਅਮਰੀਕਾ

ਵੱਡੀ ਤਾਕਤ ਬਣੇਗਾ ਭਾਰਤ: ਅਮਰੀਕਾ
ਵਾਸ਼ਿੰਗਟਨ-ਵਾਈਟ ਹਾਊਸ ਦੇ ਇਕ ਚੋਟੀ ਦੇ ਅਧਿਕਾਰੀ ਨੇ ਅੱਜ ਕਿਹਾ ਕਿ ਭਾਰਤ, ਜਿਸ ਦਾ ਆਪਣਾ ਵਿਲੱਖਣ ਰਣਨੀਤਕ ਕਿਰਦਾਰ ਹੈ, ਅਮਰੀਕਾ ਦਾ ਸਿਰਫ਼ ਭਾਈਵਾਲ ਨਹੀਂ ਹੋਵੇਗਾ, ਬਲਕਿ ਇਕ ਵੱਖਰੀ ਵੱਡੀ ਤਾਕਤ ਵਜੋਂ ਉੱਭਰੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਮੁਲਕਾਂ ਦੇ ਸਬੰਧ ਪਿਛਲੇ 20 ਸਾਲਾਂ ਵਿਚ ਜਿਸ ਤਰ੍ਹਾਂ ਤੇਜ਼ੀ ਨਾਲ ਮਜ਼ਬੂਤ ਤੇ ਗਹਿਰੇ ਹੋਏ ਹਨ, ਹੋਰ ਕੋਈ ਵੀ ਦੁਵੱਲਾ ਰਿਸ਼ਤਾ ਐਨਾ ਮਜ਼ਬੂਤ ਨਹੀਂ ਹੋਇਆ। ਵਾਈਟ ਹਾਊਸ ਦੇ ਏਸ਼ੀਆ ਕੋਆਰਡੀਨੇਟਰ ਕਰਟ ਕੈਂਪਬੈੱਲ ਨੇ ਇੱਥੇ ਸੁਰੱਖਿਆ ਫੋਰਮ ਦੀ ਇਕ ਮੀਟਿੰਗ ਵਿਚ ਕਿਹਾ ਕਿ ਉਨ੍ਹਾਂ ਦੇ ਵਿਚਾਰ ’ਚ ਭਾਰਤ 21ਵੀਂ ਸਦੀ ਵਿਚ ਅਮਰੀਕਾ ਦਾ ਸਭ ਤੋਂ ਮਹੱਤਵਪੂਰਨ ਭਾਈਵਾਲ ਹੈ। ਉਨ੍ਹਾਂ ਵਾਸ਼ਿੰਗਟਨ ਵਿਚ ਕਿਹਾ ਕਿ ਅਮਰੀਕਾ ਨੂੰ ਆਪਣੀ ਸਮਰੱਥਾ ਤੋਂ ਵੱਧ ਨਿਵੇਸ਼ ਦੀ ਲੋੜ ਹੈ ਤੇ ਲੋਕਾਂ ਵਿਚਾਲੇ ਰਾਬਤਾ ਹੋਰ ਮਜ਼ਬੂਤ ਕਰਨ ਤੇ ਤਕਨੀਕੀ ਅਤੇ ਹੋਰ ਮੁੱਦਿਆਂ ’ਤੇ ਮਿਲ ਕੇ ਕੰਮ ਕਰਨ ਦੀ ਵੀ ਜ਼ਰੂਰਤ ਹੈ। ਕੈਂਪਬੈੱਲ ਨੇ ਕਿਹਾ ਕਿ, ‘ਭਾਰਤ ਇਕ ਆਜ਼ਾਦ ਤਾਕਤਵਰ ਦੇਸ਼ ਬਣਨ ਦੀ ਇੱਛਾ ਰੱਖਦਾ ਹੈ ਤੇ ਇਹ ਇਕ ਹੋਰ ਵੱਡੀ ਤਾਕਤ ਬਣੇਗਾ।’ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਦੋਵਾਂ ਮੁਲਕਾਂ ਦੀ ਰਣਨੀਤਕ ਭਾਈਵਾਲੀ ਵੱਖ-ਵੱਖ ਖੇਤਰਾਂ ਵਿਚ ਵਧੀ ਹੈ। ਉਨ੍ਹਾਂ ਨਾਲ ਹੀ ਮੰਨਿਆ ਕਿ ਦੋਵਾਂ ਪਾਸਿਓਂ ਦੀ ਨੌਕਰਸ਼ਾਹੀ ਵਿਚ ਹਾਲੇ ਵੀ ਕਈ ਮੁੱਦਿਆਂ ’ਤੇ ਹਿਚਕਿਚਾਹਟ ਹੈ। ਕੈਂਪਬੈੱਲ ਨੇ ਕਿਹਾ ਕਿ ਦੋਵਾਂ ਮੁਲਕਾਂ ਨੂੰ ਉਨ੍ਹਾਂ ਚੀਜ਼ਾਂ ਉਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ, ਜਿੱਥੇ ਮਿਲ ਕੇ ਕੰਮ ਕੀਤਾ ਜਾ ਸਕਦਾ ਹੈ ਜਿਵੇਂ ਪੁਲਾੜ, ਸਿੱਖਿਆ, ਤਕਨੀਕ ਤੇ ਜਲਵਾਯੂ ਨਾਲ ਜੁੜੇ ਖੇਤਰ ਹਨ। ਅਮਰੀਕਾ ਦੇ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਭਾਰਤ-ਅਮਰੀਕਾ ਦੇ ਰਿਸ਼ਤੇ ਸਿਰਫ਼ ਚੀਨ ਦੁਆਲੇ ਬਣੀ ਬੇਚੈਨੀ ’ਤੇ ਨਹੀਂ ਖੜ੍ਹੇ, ਦੋਵੇਂ ਸਮਾਜ ਇਕ-ਦੂਜੇ ਨਾਲ ਤਾਲਮੇਲ ਦੀ ਅਹਿਮੀਅਤ ਬਾਰੇ ਡੂੰਘੀ ਸਮਝ ਰੱਖਦੇ ਹਨ, ਭਾਰਤੀ ਭਾਈਚਾਰੇ ਦਾ ਅਮਰੀਕਾ ’ਚ ਸੰਪਰਕ ਬਹੁਤ ਡੂੰਘਾ ਹੈ। 

Radio Mirchi