ਤਰਨ ਤਾਰਨ ਵਿੱਚ ਪੁਲੀਸ ਥਾਣੇ ਦੀ ਇਮਾਰਤ ’ਤੇ ਗ੍ਰਨੇਡ ਹਮਲਾ

ਤਰਨ ਤਾਰਨ ਵਿੱਚ ਪੁਲੀਸ ਥਾਣੇ ਦੀ ਇਮਾਰਤ ’ਤੇ ਗ੍ਰਨੇਡ ਹਮਲਾ

ਤਰਨ ਤਾਰਨ ਵਿੱਚ ਪੁਲੀਸ ਥਾਣੇ ਦੀ ਇਮਾਰਤ ’ਤੇ ਗ੍ਰਨੇਡ ਹਮਲਾ
ਪੱਟੀ-ਸਰਹੱਦੀ ਜ਼ਿਲ੍ਹੇ ਤਰਨ ਤਾਰਨ ਦੇ ਸਰਹਾਲੀ ਪੁਲੀਸ ਥਾਣੇ ’ਤੇ ਸ਼ੁੱਕਰਵਾਰ ਰਾਤ ਰਾਕੇਟ-ਪ੍ਰੋਪੈਲਡ (ਆਰਪੀਜੀ) ਗ੍ਰਨੇਡ ਹਮਲਾ ਕੀਤਾ ਗਿਆ ਹੈ। ਪਿਛਲੇ ਸੱਤ ਮਹੀਨਿਆਂ ਦੌਰਾਨ ਪੰਜਾਬ ਵਿਚ ਇਹ ਅਜਿਹਾ ਦੂਜਾ ਹਮਲਾ ਹੈ। ਪੰਜਾਬ ਦੇ ਪੁਲੀਸ ਮੁਖੀ (ਡੀਜੀਪੀ) ਗੌਰਵ ਯਾਦਵ ਨੇ ਇਸ ਨੂੰ ਫ਼ੌਜੀ-ਗਰੇਡ ਦਾ ਅਸਲਾ ਦੱਸਿਆ ਹੈ। ਡੀਜੀਪੀ ਨੇ ਕਿਹਾ ਕਿ ਵੱਡੀ ਸੰਭਾਵਨਾ ਹੈ ਕਿ ਇਸ ਨੂੰ ਸਰਹੱਦ ਪਾਰੋਂ ਤਸਕਰੀ ਕਰ ਕੇ ਲਿਆਂਦਾ ਗਿਆ ਹੈ। ਡੀਜੀਪੀ ਨੇ ਕਿਹਾ, ‘ਸਪੱਸ਼ਟ ਸੰਕੇਤ ਹੈ ਕਿ ਇਹ ਗੁਆਂਢੀ ਮੁਲਕ ਦੀ ਭਾਰਤ ਨੂੰ ਸੱਟ ਮਾਰਨ ਦੀ ਰਣਨੀਤੀ ਹੈ।’ ਵੇਰਵਿਆਂ ਮੁਤਾਬਕ ਅਣਪਛਾਤਿਆਂ ਵੱਲੋਂ ਦਾਗਿਆ ਆਰਪੀਜੀ ਸਰਹਾਲੀ ਪੁਲੀਸ ਥਾਣੇ ਦੇ ਨਾਲ ਲੱਗਦੇ ਸਾਂਝ ਕੇਂਦਰ ਦੇ ਅੰਦਰ ਜਾ ਕੇ ਡਿੱਗਿਆ ਹੈ।
ਇਹ ਗੇਟ ਦੀਆਂ ਲੋਹੇ ਦੀਆਂ ਗਰਿੱਲਾਂ ਵਿਚੋਂ ਦੀ ਹੋ ਕੇ ਸਾਂਝ ਕੇਂਦਰ ਵਿਚ ਵੱਜਾ ਤੇ ਖਿੜਕੀਆਂ ਟੁੱਟ ਗਈਆਂ। ਘਟਨਾ ਵਾਪਰਨ ਵੇਲੇ ਕੁਝ ਪੁਲੀਸ ਕਰਮੀ ਥਾਣੇ ਵਿਚ ਮੌਜੂਦ ਸਨ। ਪੁਲੀਸ ਮੁਤਾਬਕ ਇਸ ਨੂੰ ਅੰਮ੍ਰਿਤਸਰ-ਬਠਿੰਡਾ ਕੌਮੀ ਮਾਰਗ ਤੋਂ ਦਾਗਿਆ ਗਿਆ।  ਆਰਪੀਜੀ ਨੇ ਪੁਲੀਸ ਥਾਣੇ ਦੇ ਨਾਲ ਲਗਦੀ ਇਮਾਰਤ ਦੀਆਂ ਖਿੜਕੀਆਂ ਤੋੜ ਦਿੱਤੀਆਂ। ਡੀਜੀਪੀ ਨੇ ਇਸ ਹਮਲੇ ਲਈ ਪਾਕਿਸਤਾਨ ਵੱਲ ਸੰਕੇਤ ਕੀਤਾ ਜੋ ਕਿ ਭਾਰਤ ’ਚ ਅਤਿਵਾਦ ਨੂੰ ਸ਼ਹਿ ਦਿੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਐੱਸਐਫ ਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਪੰਜਾਬ ਪੁਲੀਸ ਮਾਮਲੇ ਦੀ ਜਾਂਚ ਕਰੇਗੀ। ਇਸ ਤੋਂ ਪਹਿਲਾਂ ਮਈ ਮਹੀਨੇ ਮੁਹਾਲੀ ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਆਰਪੀਜੀ ਦਾਗਿਆ ਗਿਆ ਸੀ। ਪੁਲੀਸ ਮੁਖੀ ਨੇ ਅੱਜ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਕਿਹਾ ਕਿ ਆਰਪੀਜੀ ਰਾਤ ਕਰੀਬ 11.22 ’ਤੇ ਕੌਮੀ ਮਾਰਗ ਤੋਂ ਲਾਂਚ ਕੀਤਾ ਗਿਆ ਜੋ ਕਿ ਸਰਹਾਲੀ ਪੁਲੀਸ ਸਟੇਸ਼ਨ ਦੇ ਸੁਵਿਧਾ ਕੇਂਦਰ ਵਿਚ ਵੱਜਿਆ। ਪੁਲੀਸ ਮੁਖੀ ਨੇ ਕਿਹਾ ਕਿ ਯੂਏਪੀਏ ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ। ਡੀਜੀਪੀ ਨੇ ਕਿਹਾ ਕਿ ਇਹ ‘ਕਾਇਰਾਨਾ ਹਮਲਾ’ ਰਾਤ ਵੇਲੇ ਕੀਤਾ ਗਿਆ ਹੈ ਕਿਉਂਕਿ ਵੱਡੀ ਗਿਣਤੀ ਵਿਚ ਹੈਰੋਇਨ ਤੇ ਹਥਿਆਰ-ਅਸਲਾ ਫੜੇ ਜਾਣ ਤੋਂ ‘ਦੁਸ਼ਮਣ ਦੇਸ਼ ਘਬਰਾਹਟ ਮਹਿਸੂਸ ਕਰ ਰਿਹਾ ਹੈ’।  ਥਾਣਾ ਸਰਹਾਲੀ ’ਤੇ ਹਮਲੇ ਤੋਂ ਪਹਿਲਾਂ ਤਰਨਤਾਰਨ ਦੇ ਸੀਨੀਅਰ ਪੁਲੀਸ ਕਪਤਾਨ ਵੱਲੋਂ ਆਪਣੇ ਪੱਤਰ ਨੰਬਰ 61 -701-21 ਮਿਤੀ 15-10-2022 ਰਾਹੀਂ ਪੁਲੀਸ ਕਰਮਚਾਰੀਆਂ ਨੂੰ ਪੁਲੀਸ ਵਿਭਾਗ ਦੀਆਂ ਇਮਾਰਤਾਂ ਤੇ ਥਾਣਿਆਂ ’ਤੇ ਗੈਂਗਸਟਰਾਂ ਜਾਂ ਅਤਿਵਾਦੀਆਂ ਵੱਲੋਂ ਹਮਲਾ ਕਰਕੇ ਜਾਨੀ ਮਾਲੀ ਨੁਕਸਾਨ ਕੀਤੇ ਜਾਣ ਸਬੰਧੀ ਅਲਰਟ ਕਰ ਦਿੱਤਾ ਗਿਆ ਸੀ। ਸੀਨੀਅਰ ਪੁਲੀਸ ਕਪਤਾਨ ਤਰਨ ਤਾਰਨ ਵੱਲੋਂ ਜਾਰੀ ਕੀਤੇ ਪੱਤਰ ਦੀ ਕਾਪੀ ਥਾਣਾ ਸਰਹਾਲੀ ਦੇ ਕੰਧ ’ਤੇ ਚਪਕਾਈ ਗਈ ਸੀ ਪਰ ਅੱਜ ਦੀ ਘਟਨਾ ਤੋਂ ਬਾਅਦ ਮੀਡੀਆ ਵੱਲੋਂ ਉਸ ਪੱਤਰ ਦੀਆਂ ਫੋਟੋਆ ਖਿੱਚੀਆਂ ਗਈਆਂ ਤਾਂ ਪੁਲੀਸ ਵੱਲੋਂ ਪੱਤਰ ਪਾੜ ਦਿੱਤਾ ਗਿਆ।

Radio Mirchi