ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਵੱਲੋਂ ਹੁਕਮਨਾਮਾ ਰੱਦ

ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਵੱਲੋਂ ਹੁਕਮਨਾਮਾ ਰੱਦ

ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਵੱਲੋਂ ਹੁਕਮਨਾਮਾ ਰੱਦ
ਅੰਮ੍ਰਿਤਸਰ-ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਫ਼ੈਸਲੇ ਰੱਦ ਕਰਨ ਦਾ ਮਾਮਲਾ ਅੱਜ ਉਸ ਵੇਲੇ ਨਵਾਂ ਮੋੜ ਲੈ  ਗਿਆ ਜਦੋਂ  ਤਖਤ ਦੇ ਪ੍ਰਬੰਧਕੀ ਬੋਰਡ ਦੇ ਕਾਰਜਕਾਰੀ ਪ੍ਰਧਾਨ  ਜਗਜੋਤ ਸਿੰਘ ਅਤੇ ਮੀਤ ਪ੍ਰਧਾਨ ਲਖਵਿੰਦਰ ਸਿੰਘ ਨੇ ਆਖਿਆ ਕਿ ਬੀਤੇ ਦਿਨ ਜਾਰੀ ਕੀਤੇ ਗਏ ਹੁਕਮਨਾਮੇ ਨੂੰ  ਤਖ਼ਤ ਦੇ ਪੰਜ ਪਿਆਰਿਆਂ ਵੱਲੋਂ ਜਾਰੀ ਕੀਤਾ ਪੱਤਰ ਨਾ ਸਮਝਿਆ ਜਾਵੇ।  ਇਸ ਹੁਕਮਨਾਮੇ ’ਤੇ ਦਸਤਖ਼ਤ ਕਰਨ ਵਾਲੇ ਪੰਜ ਪਿਆਰਿਆਂ ਵਿੱਚੋਂ ਤਿੰਨ  ਇਸ ਤਖ਼ਤ ਦੇ ਅਧਿਕਾਰਤ  ਪੰਜ ਪਿਆਰਿਆਂ ’ਚੋਂ  ਨਹੀਂ ਹਨ ਜਿਸ ਕਾਰਨ ਇਸ ਹੁਕਮਨਾਮੇ ਨੂੰ ਮਰਿਆਦਾ ਦੇ ਉਲਟ ਕਰਾਰ ਦਿੱਤਾ ਗਿਆ ਹੈ।   ਇਸੇ  ਦੌਰਾਨ ਸ੍ਰੀ ਅਕਾਲ ਤਖਤ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸ੍ਰੀ ਅਕਾਲ ਤਖ਼ਤ ਦੀ ਸਰਬਉੱਚਤਾ ਨੂੰ ਚੁਣੌਤੀ ਦੇਣ ਵਾਲੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ।  ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਵੱਲੋਂ ਜਾਰੀ ਕੀਤਾ ਗਿਆ ਇਹ ਪੱਤਰ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਵੀ ਭੇਜਿਆ ਗਿਆ ਹੈ।   ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਬੋਰਡ ਵੱਲੋਂ ਨਿਯੁਕਤ  ਕੀਤੇ ਗਏ ਪੰਜ ਪਿਆਰਿਆਂ ਵਿੱਚ ਗਿਆਨੀ ਬਲਦੇਵ ਸਿੰਘ, ਗਿਆਨੀ ਦਲੀਪ ਸਿੰਘ, ਗਿਆਨੀ ਸੁਖਦੇਵ ਸਿੰਘ, ਭਾਈ  ਪਰਸ਼ੂਰਾਮ ਸਿੰਘ, ਭਾਈ ਰੋਸ਼ਨ ਸਿੰਘ ਸ਼ਾਮਲ ਹਨ   ਜਦੋਂਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਹੁਕਮਨਾਮਾ ਰੂਪੀ  ਭੇਜੇ ਗਏ ਪੱਤਰ ਵਿੱਚ  ਦਸਤਖਤ ਕਰਨ ਵਾਲੇ ਪੰਜ ਪਿਆਰਿਆਂ ਵਿੱਚ ਭਾਈ ਗੁਰਦਿਆਲ ਸਿੰਘ, ਭਾਈ ਜਸਵੰਤ ਸਿੰਘ ਅਤੇ ਭਾਈ ਅਮਰਜੀਤ ਸਿੰਘ ਸ਼ਾਮਲ ਹਨ ਜੋ   ਕਿ ਪ੍ਰਬੰਧਕੀ ਬੋਰਡ ਦੇ  ਵਿਧਾਨ ਮੁਤਾਬਕ ਆਪੇ ਬਣੇ  ਪੰਜ ਪਿਆਰੇ ਹਨ।  ਉਨ੍ਹਾਂ ਵੱਲੋਂ ਅਧਿਕਾਰਤ ਪੰਜ ਪਿਆਰਿਆਂ ਦੀ ਥਾਂ ’ਤੇ ਦਸਤਖ਼ਤ ਕੀਤਾ ਜਾਣਾ ਗੈਰ-ਕਾਨੂੰਨੀ ਹੈ।  ਇਸ ਲਈ  ਇਸ ਪੱਤਰ ਨੂੰ ਪੰਜ ਪਿਆਰਿਆਂ ਵੱਲੋਂ ਜਾਰੀ ਕੀਤਾ ਹੋਇਆ ਪੱਤਰ ਨਾ ਸਮਝਿਆ ਜਾਵੇ। ਇਸ  ਦੌਰਾਨ  ਪ੍ਰਬੰਧਕੀ ਬੋਰਡ ਨੇ ਪੰਜ ਪਿਆਰਿਆਂ  ਵਿੱਚ ਸ਼ਾਮਲ ਹੋਏ ਗਿਆਨੀ ਗੁਰਦਿਆਲ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।  ਆਦੇਸ਼ ਵਿੱਚ ਆਖਿਆ  ਗਿਆ ਹੈ ਕਿ  ਉਸ ਨੂੰ 8 ਦਸੰਬਰ ਨੂੰ  ਗੁਰਦੁਆਰਾ ਸੀਤਲ ਕੁੰਡ ਵਿਖੇ ਤਬਦੀਲ ਕੀਤਾ ਗਿਆ ਸੀ  ਪਰ ਉਸ ਨੇ ਉੱਥੇ ਪੁੱਜਣ ਦੀ ਕੋਈ ਸੂਚਨਾ ਨਹੀਂ ਦਿੱਤੀ।  ਹੁਣ  ਉਹ  ਤਖ਼ਤ ਦੇ ਪੰਜ ਪਿਆਰਿਆਂ ਵਿੱਚ ਸ਼ਾਮਲ ਨਹੀਂ ਹੈ ਤੇ ਉਸ ਨੇ ਸ੍ਰੀ ਅਕਾਲ ਤਖ਼ਤ ਵੱਲੋਂ ਕੀਤੇ ਫ਼ੈਸਲੇ ਨੂੰ ਰੱਦ ਕਰਨ ਵਾਲਿਆਂ ਵਿੱਚ ਸ਼ਾਮਲ ਹੋ ਕੇ ਵੱਡੀ ਗਲਤੀ ਕੀਤੀ ਹੈ।  ਇਸ ਸਬੰਧੀ ਉਸ ਕੋਲੋਂ  ਲਿਖਤੀ ਜਵਾਬ ਮੰਗਿਆ ਗਿਆ ਹੈ।

Radio Mirchi