ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਦੇਸ਼ਾਂ ਨੂੰ ਅੱਗੇ ਆਉਣ ਦੀ ਲੋੜ: ਜੈਸ਼ੰਕਰ

ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਦੇਸ਼ਾਂ ਨੂੰ ਅੱਗੇ ਆਉਣ ਦੀ ਲੋੜ: ਜੈਸ਼ੰਕਰ
ਅਬੂਧਾਬੀ-ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਦੇਸ਼ਾਂ ਨੂੰ ਜਲਦੀ ਅੱਗੇ ਆਉਣ ਅਤੇ ਇਸ ਨੂੰ ਰੋਕਣ ਦੀ ਦਿਸ਼ਾ ਵੱਲ ਕੰਮ ਕਰਨ ਦੀ ਜ਼ਰੂਰਤ ਹੈ। ਅਬੂਧਾਬੀ ਵਿੱਚ ਜਲਵਾਯੂ, ਵਿੱਤ ਅਤੇ ਤਕਨਾਲੋਜੀ ਵਿਸ਼ਿਆਂ ’ਤੇ ‘ਇੰਡੀਆ ਗਲੋਬਲ ਫੋਰਮ ਯੂਏਈ ਸਮਿਟ’ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਜਲਵਾਯੂ ਨੂੰ ਲੈ ਕੇ ਬਹਿਸ ਦੇ ਦੋ ਹਿੱਸਿਆਂ ਵਿਚਾਲੇ ਫਰਕ ਦਾ ਜ਼ਿਕਰ ਕੀਤਾ। ਇਸ ਤਹਿਤ ਉਨ੍ਹਾਂ ਜਲਵਾਯੂ ਕਾਰਵਾਈ ਤੇ ਹਰੇ ਵਿਕਾਸ ਲਈ ਸਮਰਥਾ ਅਤੇ ਦੂਜਾ ਜਲਵਾਯੂ ਨਿਆਂ ਨੂੰ ਉਭਾਰਿਆ, ਜਿਸ ਲਈ ਵਿਕਾਸਸ਼ੀਲ ਮੁਲਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਲੋੜ ਹੈ।
ਜੈਸ਼ੰਕਰ ਨੇ ਕਿਹਾ, ‘‘ਮਹੱਤਵਪੂਰਨ ਗੱਲ ਇਹ ਹੈ ਕਿ ਜਿਹੜੇ ਲੋਕ ਕਾਰਬਨ ਸਪੇਸ ’ਤੇ ਕਬਜ਼ਾ ਕਰ ਰਹੇ ਹਨ, ਉਹ ਵਾਅਦਾ ਕਰਦੇ ਰਹੇ ਹਨ ਕਿ ਉਹ ਦੂਜਿਆਂ ਦੀ ਮਦਦ ਕਰਨਗੇ ਅਤੇ ਸਪੱਸ਼ਟ ਤੌਰ ’ਤੇ ਉਨ੍ਹਾਂ ਨੇ ਦੁਨੀਆ ਨੂੰ ਤੇਜ਼ੀ ਨਾਲ ਬਦਲ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਉਹ ਹਰ ਸੀਓਪੀ ਵਿੱਚ ਕੁਝ ਨਵੇਂ ਤਰਕ, ਕੁਝ ਬਹਾਨੇ ਅਤੇ ਕੁਝ ਅਜਿਹੀਆਂ ਚੀਜ਼ਾਂ ਪੇਸ਼ ਕਰਦੇ ਹਨ, ਜੋ ਰਾਹ ਰੋਕਦੀਆਂ ਹਨ। ਉਨ੍ਹਾਂ ਕਿਹਾ ਕਿ ਵਿਕਸਤ ਦੇਸ਼ ਅਜੇ ਵੀ ਆਪਣੇ ਵਾਅਦੇ ਨਿਭਾਉਣ ਪ੍ਰਤੀ ਗੰਭੀਰ ਨਹੀਂ ਹਨ।
ਯੂਏਈ ਦੇ ਰਾਸ਼ਟਰਪਤੀ ਦੇ ਕੂਟਨੀਤਕ ਸਲਾਹਕਾਰ ਡਾ. ਅਨਵਰ ਮੁਹੰਮਦ ਗਰਗਸ਼ ਨਾਲ ਗੱਲਬਾਤ ਦੌਰਾਨ ਜੈਸ਼ੰਕਰ ਨੇ ਦੁਨੀਆ ਵਿਚਲੇ ਦੋ ਵੱਡੇ ਪਾੜਿਆਂ ਪਹਿਲਾ ਯੂਕਰੇਨ ਦੁਆਲੇ ਕੇਂਦਰਿਤ ਪੂਰਬੀ-ਪੱਛਮੀ ਵੰਡ ਅਤੇ ਦੂਜਾ ਵਿਕਾਸ ਦੁਆਲੇ ਕੇਂਦਰਿਤ ਉੱਤਰ-ਦੱਖਣੀ ਵੰਡ ’ਤੇ ਵੀ ਰੋਸ਼ਨੀ ਪਾਈ। ਮੰਚ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ, “ਯੂਕਰੇਨ ਦਾ ਵੀ ਵਿਕਾਸ ’ਤੇ ਅਸਰ ਪੈ ਰਿਹਾ ਹੈ। ਮੇਰਾ ਮੰਨਣਾ ਹੈ ਕਿ ਭਾਰਤ ਇਕੱਲੇ ਨਹੀਂ ਸਗੋਂ ਯੂਏਈ ਵਰਗੇ ਦੇਸ਼ਾਂ ਨਾਲ ਮਿਲ ਕੇ ਇਸ ਪਾੜੇ ਨੂੰ ਪੂਰਾ ਕਰਨ ਵਿੱਚ ਭੂਮਿਕਾ ਨਿਭਾਅ ਸਕਦਾ ਹੈ। ਅੱਜ ਇਸ ਪਾੜੇ ਨੂੰ ਪੂਰਾ ਕਰਨ ਦੀ ਲੋੜ ਹੈ।’’