ਪਾਕਿਸਤਾਨ ਨੂੰ ਅਤਿਵਾਦ ਦੇ ਮੁੱਖ ਕੇਂਦਰ ਵਜੋਂ ਦੇਖਦਾ ਹੈ ਵਿਸ਼ਵ: ਜੈਸ਼ੰਕਰ

ਪਾਕਿਸਤਾਨ ਨੂੰ ਅਤਿਵਾਦ ਦੇ ਮੁੱਖ ਕੇਂਦਰ ਵਜੋਂ ਦੇਖਦਾ ਹੈ ਵਿਸ਼ਵ: ਜੈਸ਼ੰਕਰ
ਸੰਯੁਕਤ ਰਾਸ਼ਟਰ-ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਵਿਸ਼ਵ ਪਾਕਿਸਤਾਨ ਨੂੰ ‘ਅਤਿਵਾਦ ਦੇ ਮੁੱਖ ਕੇਂਦਰ’ ਵਜੋਂ ਦੇਖਦਾ ਹੈ ਅਤੇ ਇਸ ਨੂੰ ਆਪਣੀ ਸਾਖ ਵਿੱਚ ਸੁਧਾਰ ਕਰਦਿਆਂ ਇਕ ਚੰਗਾ ਗੁਆਂਢੀ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭੁੱਲਿਆ ਨਹੀਂ ਹੈ ਕਿ ਅਤਿਵਾਦ ਦਾ ਮੂਲ ਸਰੋਤ ਕਿੱਥੇ ਹੈ। ਇਸ ਦੌਰਾਨ ਉਨ੍ਹਾਂ ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਇਸਲਾਮਾਬਾਦ ਨੂੰ ਦਿੱਤਾ ਉਹ ਸੁਨੇਹਾ ਵੀ ਯਾਦ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਪਾਕਿਸਤਾਨ ਵੱਲੋਂ ਫੈਲਾਏ ਜਾ ਰਹੇ ਅਤਿਵਾਦ ਦੀ ਤੁਲਨਾ ਵਿਹੜੇ ’ਚ ਰੱਖੇ ਸੱਪ ਨਾਲ ਕੀਤੀ ਸੀ ਜੋ ਕਿ ਜ਼ਰੂਰੀ ਨਹੀਂ ਕਿ ਗੁਆਂਢੀ ਨੂੰ ਹੀ ਡੰਗੇ, ਬਲਕਿ ਰੱਖਣ ਵਾਲੇ ਨੂੰ ਵੀ ਡੰਗ ਸਕਦਾ ਹੈ। ਉਹ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਇਕ ਪਾਕਿਸਤਾਨੀ ਪੱਤਰਕਾਰ ਵੱਲੋਂ ਅਤਿਵਾਦ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਜੈਸ਼ੰਕਰ ਨੇ ਕਿਹਾ, ‘‘ਤੁਸੀਂ ਇਹ ਸਵਾਲ ਗਲਤ ਮੰਤਰੀ ਨੂੰ ਪੁੱਛ ਰਹੇ ਹੋ, ਕਿਉਂਕਿ ਇਹ ਪਾਕਿਸਤਾਨ ਦੇ ਮੰਤਰੀ ਹੀ ਤੁਹਾਨੂੰ ਦੱਸ ਸਕਦੇ ਹਨ ਕਿ ਪਾਕਿਸਤਾਨ ਕਦੋਂ ਤੱਕ ਅਤਿਵਾਦ ਗਤੀਵਿਧੀਆਂ ਜਾਰੀ ਰੱਖੇਗਾ।’’ ਇਸੇ ਦੌਰਾਨ ਜੈਸ਼ੰਕਰ ਨੇ ਅਮਰੀਕਾ ਦੀ ਵਿਦੇਸ਼ ਰਾਜ ਮੰਤਰੀ ਵਿਕਟੋਰੀਆ ਨੂਲੈਂਡ ਨਾਲ ਵੀ ਮੁਲਾਕਾਤ ਕੀਤੀ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ, ‘‘ਦੋਹਾਂ ਆਗੂਆਂ ਨੇ ਜੀ20 ਵਿੱਚ ਭਾਰਤ ਦੀ ਪ੍ਰਧਾਨਗੀ ਸਬੰਧੀ ਤਿਆਰੀਆਂ ਬਾਰੇ ਚਰਚਾ ਕੀਤੀ।’’