ਐੱਲਏਸੀ ਵਿਵਾਦ: ਭਾਰਤ ਤੇ ਅਮਰੀਕਾ ਦੇ ਰੱਖਿਆ ਮੁਖੀਆਂ ਵੱਲੋਂ ਚਰਚਾ

ਐੱਲਏਸੀ ਵਿਵਾਦ: ਭਾਰਤ ਤੇ ਅਮਰੀਕਾ ਦੇ ਰੱਖਿਆ ਮੁਖੀਆਂ ਵੱਲੋਂ ਚਰਚਾ
ਵਾਸ਼ਿੰਗਟਨ-ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਦੋਵਾਂ ਦੇਸ਼ਾਂ ਦੇ ਰੱਖਿਆ ਮੁਖੀਆਂ ਨੇ ਖੇਤਰੀ ਤੇ ਆਲਮੀ ਸੁਰੱਖਿਆ ਮਾਹੌਲ ਅਤੇ ਦੁਵੱਲੇ ਸਹਿਯੋਗ ਤੇ ਸੂਚਨਾ ਦੇ ਵਟਾਂਦਰੇ ਨੂੰ ਹੋਰ ਮਜ਼ਬੂਤ ਕਰਨ ਦੇ ਢੰਗਾਂ ਬਾਰੇ ਚਰਚਾ ਕੀਤੀ।
ਸਰਹੱਦ ’ਤੇ ਭਾਰਤ ਤੇ ਚੀਨ ਵਿਚਾਲੇ ਵਧਦੇ ਤਣਾਅ ਦਰਮਿਆਨ ਅਮਰੀਕਾ ਦੇ ਜੁਆਇੰਟ ਚੀਫ ਆਫ ਸਟਾਫ਼ ਜਨਰਲ ਮਾਰਕ ਏ ਮਿਲੇਅ ਅਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਭਾਰਤੀ ਰੱਖਿਆ ਬਲ ਦੇ ਜਨਰਲ ਅਨਿਲ ਚੌਹਾਨ ਵਿਚਾਲੇ ਇਹ ਮੀਟਿੰਗ ਹੋਈ। ਜੁਆਇੰਟ ਸਟਾਫ ਦੇ ਉੱਪ ਤਰਜਮਾਨ ਜੋਸੇਫ ਆਰ ਹੋਲਸਟੀਡ ਨੇ ਮੀਟਿੰਗ ਦੇ ਵੇਰਵੇ ਦਿੰਦਿਆਂ ਕਿਹਾ, ‘ਦੋਵਾਂ ਸੈਨਾਵਾਂ ਦੇ ਆਗੂਆਂ ਨੇ ਖੇਤਰੀ ਤੇ ਆਲਮੀ ਸੁਰੱਖਿਆ ਮਾਹੌਲ ਦੇ ਮੁਲਾਂਕਣ ਸਾਂਝੇ ਕੀਤੇ ਅਤੇ ਦੁਵੱਲੇ ਫੌਜੀ ਸਬੰਧਾਂ ਤੇ ਸੂਚਨਾ ਦੇ ਅਦਾਨ-ਪ੍ਰਦਾਨ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ-ਤਰੀਕਿਆਂ ਬਾਰੇ ਚਰਚਾ ਕੀਤੀ।’ ਉਨ੍ਹਾਂ ਕਿਹਾ, ‘ਭਾਰਤ ਤੇ ਅਮਰੀਕਾ, ਭਾਰਤ-ਅਮਰੀਕਾ ਰੱਖਿਆ ਭਾਈਵਾਲੀ ਤਹਿਤ ਮਜ਼ਬੂਤ ਫੌਜੀ ਸਬੰਧਾਂ ਨੂੰ ਸਾਂਝਾ ਕਰਦੇ ਹਨ।’ ਉਨ੍ਹਾਂ ਕਿਹਾ ਕਿ ਭਾਰਤ ਇੱਕ ਮੁਕਤ ਹਿੰਦ-ਪ੍ਰਸ਼ਾਂਤ ਖੇਤਰ ਨੂੰ ਬਣਾਈ ਰੱਖਣ ’ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਉਨ੍ਹਾਂ ਕਿਹਾ, ‘ਭਾਰਤ ਇੱਕ ਅਹਿਮ ਖੇਤਰੀ ਆਗੂ ਹੈ ਅਤੇ ਮੁਕਤ ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਬਣਾਈ ਰੱਖਣ ’ਚ ਮਹੱਤਵਪੂਰਨ ਸਹਿਯੋਗੀ ਹੈ।’ ਅਮਰੀਕਾ, ਭਾਰਤ ਤੇ ਹੋਰ ਕਈ ਆਲਮੀ ਸ਼ਕਤੀਆਂ ਸਰੋਤਾਂ ਨਾਲ ਭਰਪੂਰ ਤੇ ਰਣਨੀਤਕ ਤੌਰ ’ਤੇ ਅਹਿਮ ਖੇਤਰ ’ਚ ਚੀਨ ਦੇ ਵਧਦੇ ਫੌਜੀ ਪ੍ਰਬੰਧਨ ਦੀ ਪਿੱਠਭੂਮੀ ’ਚ ਇੱਕ ਆਜ਼ਾਦ, ਖੁੱਲ੍ਹੇ ਦੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਨੂੰ ਯਕੀਨੀ ਬਣਾਉਣ ਦੀ ਲੋੜ ਬਾਰੇ ਗੱਲ ਕਰ ਰਹੀਆਂ ਹਨ।