ਡਾ. ਬਲਬੀਰ ਸਿੰਘ ਨੂੰ ਮਿਲੀ ਤਿੰਨ ਸਾਲ ਦੀ ਸਜ਼ਾ ਹੈ ਅਪੀਲ ਅਧੀਨ

ਡਾ. ਬਲਬੀਰ ਸਿੰਘ ਨੂੰ ਮਿਲੀ ਤਿੰਨ ਸਾਲ ਦੀ ਸਜ਼ਾ ਹੈ ਅਪੀਲ ਅਧੀਨ
ਚੰਡੀਗੜ੍ਹ -ਅੱਜ ਸਹੁੰ ਚੁੱਕਣ ਵਾਲੇ ਨਵੇਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੂੰ ਰੋਪੜ ਦੇ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਵਲੋਂ ਮਾਰਕੁਟਾਈ ਦੇ ਇਕ ਕੇਸ ਵਿਚ 3 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਲੇਕਿਨ ਅਦਾਲਤ ਵਲੋਂ ਮੌਕੇ 'ਤੇ ਹੀ 50-50 ਹਜ਼ਾਰ ਦੇ ਨਿੱਜੀ ਮੁਚੱਲਕੇ 'ਤੇ ਡਾ. ਬਲਬੀਰ ਸਿੰਘ, ਉਨ੍ਹਾਂ ਦੀ ਪਤਨੀ ਰੁਪਿੰਦਰ ਕੌਰ ਤੇ ਬੇਟੇ ਰਾਹੁਲ ਦੀਆਂ ਜ਼ਮਾਨਤਾਂ ਕਰ ਦਿੱਤੀਆਂ ਗਈਆਂ ਸਨ ਅਤੇ ਹੁਣ ਡਾ. ਬਲਬੀਰ ਸਿੰਘ ਦੀ ਅਪੀਲ ਸੁਣਵਾਈ ਅਧੀਨ ਹੈ | ਡਾ. ਬਲਬੀਰ ਸਿੰਘ ਦੀ ਪਤਨੀ ਜਿਸ ਨੂੰ ਆਪਣੇ ਪਿਤਾ ਦੀ ਜਾਇਦਾਦ 'ਚੋਂ ਚਮਕੌਰ ਸਾਹਿਬ ਦੇ ਪਿੰਡ ਟਪਰੀਆਂ ਦਿਆਲ ਸਿੰਘ 'ਚ ਹਿੱਸਾ ਮਿਲਿਆ ਸੀ, ਜਿੱਥੇ ਉਨ੍ਹਾਂ ਦੀਆਂ ਦੋ ਭੈਣਾਂ ਨੂੰ ਵੀ ਕੁਲ 109 ਬਿੱਗੇ ਜ਼ਮੀਨ 'ਚੋਂ ਹਿੱਸਾ ਮਿਲਿਆ ਸੀ ਲੇਕਿਨ ਉਨ੍ਹਾਂ ਦਾ ਆਪਣੀ ਭੈਣ ਪਰਮਜੀਤ ਕੌਰ ਨਾਲ ਵਿਵਾਦ ਸੀ, ਜਿਸ ਨੂੰ ਲੈ ਕੇ ਕੇਸ ਹਾਈਕੋਰਟ ਤੱਕ ਵੀ ਗਿਆ | ਬਾਅਦ ਵਿਚ ਪਰਮਜੀਤ ਕੌਰ ਤੇ ਉਸ ਦੇ ਪਤੀ ਸੇਵਾਮੁਕਤ ਵਿੰਗ ਕਮਾਂਡਰ ਮੇਵਾ ਸਿੰਘ ਨੇ ਉਥੇ ਹੋਏ ਝਗੜੇ ਤੋਂ ਬਾਅਦ ਡਾ. ਬਲਬੀਰ ਸਿੰਘ, ਉਨ੍ਹਾਂ ਦੀ ਪਤਨੀ ਤੇ ਬੇਟੇ 'ਤੇ ਆਈ.ਪੀ.ਸੀ. ਦੀ ਧਾਰਾ 323, 324, 325, 506 ਤੇ 34 ਵਿਚ ਕੇਸ ਵੀ ਦਰਜ ਕਰਵਾਇਆ ਸੀ ਅਤੇ ਡਾ. ਬਲਬੀਰ ਸਿੰਘ ਵਲੋਂ ਵੀ ਪਰਮਜੀਤ ਕੌਰ ਤੇ ਉਸ ਦੇ ਪਤੀ ਵਿਰੁੱਧ ਕੇਸ ਦਰਜ ਕਰਵਾਇਆ ਗਿਆ ਸੀ | ਅਦਾਲਤ ਵਲੋਂ ਇਨ੍ਹਾਂ ਕੇਸਾਂ 'ਤੇ ਫ਼ੈਸਲਾ ਦਿੰਦਿਆਂ 23 ਮਈ, 2022 ਨੂੰ ਧਾਰਾ 323 ਤਹਿਤ ਡਾ. ਬਲਬੀਰ, ਉਨ੍ਹਾਂ ਦੀ ਪਤਨੀ ਤੇ ਬੇਟੇ ਨੂੰ ਇਕ ਸਾਲ ਸਜ਼ਾ ਤੇ ਇਕ ਹਜ਼ਾਰ ਰੁਪਿਆ ਜੁਰਮਾਨਾ, ਜਦੋਂ ਕਿ ਧਾਰਾ 324, 325 ਤੇ 506 ਤਹਿਤ 3-3 ਸਾਲ ਸਜ਼ਾ ਤੇ 5-5 ਹਜ਼ਾਰ ਜੁਰਮਾਨਾ ਕੀਤਾ ਸੀ, ਜਦੋਂ ਕਿ ਪਰਮਜੀਤ ਕੌਰ ਤੇ ਮੇਵਾ ਸਿੰਘ ਨੂੰ ਕਰਾਸ ਕੇਸ 'ਚੋਂ ਬਰੀ ਕਰ ਦਿੱਤਾ ਸੀ | ਡਾ. ਬਲਬੀਰ ਵਲੋਂ ਆਪਣੀ ਸਜ਼ਾ ਵਿਰੁੱਧ ਦਾਇਰ ਅਪੀਲ ਅਜੇ ਸੁਣਵਾਈ ਅਧੀਨ ਹੈ | ਵਰਨਣਯੋਗ ਹੈ ਕਿ ਸਜ਼ਾ ਮੁਅੱਤਲ ਨਾ ਹੋਣ ਕਾਰਨ 3 ਸਾਲ ਦੀ ਸਜ਼ਾ ਕਾਰਨ ਵਿਧਾਇਕ ਆਪਣੀ ਵਿਧਾਇਕੀ ਵੀ ਗੁਆ ਸਕਦਾ ਹੈ |