ਕਾਬੁਲ ’ਚ ਵਿਦੇਸ਼ ਮੰਤਰਾਲੇ ਦੇ ਬਾਹਰ ਫਿਦਾਈਨ ਹਮਲਾ, 20 ਹਲਾਕ

ਕਾਬੁਲ ’ਚ ਵਿਦੇਸ਼ ਮੰਤਰਾਲੇ ਦੇ ਬਾਹਰ ਫਿਦਾਈਨ ਹਮਲਾ, 20 ਹਲਾਕ
ਕਾਬੁਲ:ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਵਿਦੇਸ਼ ਮੰਤਰਾਲੇ ਦੇ ਬਾਹਰ ਫਿਦਾਈਨ ਹਮਲੇ ’ਚ 20 ਵਿਅਕਤੀ ਮਾਰੇ ਗਏ। ਸੂਚਨਾ ਮੰਤਰਾਲੇ ਦੇ ਅਧਿਕਾਰੀ ਉਸਤਾਦ ਫਰੀਦੁਨ ਨੇ ਕਿਹਾ ਕਿ ਬੰਬਾਰ ਦੀ ਵਿਦੇਸ਼ ਮੰਤਰਾਲੇ ਅੰਦਰ ਦਾਖ਼ਲ ਹੋਣ ਦੀ ਯੋਜਨਾ ਸੀ ਪਰ ਉਸ ਦੀ ਕੋਸ਼ਿਸ਼ ਨੂੰ ਨਾਕਾਮ ਬਣਾ ਦਿੱਤਾ ਗਿਆ ਹੈ। ਉਸ ਨੇ ਹਮਲੇ ’ਚ 20 ਵਿਅਕਤੀਆਂ ਦੇ ਹਲਾਕ ਅਤੇ ਕਈ ਹੋਰਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਕਾਬੁਲ ਦੇ ਪੁਲੀਸ ਤਰਜਮਾਨ ਖਾਲਿਦ ਜ਼ਾਦਰਾਨ ਨੇ ਕਿਹਾ ਕਿ ਧਮਾਕਾ ਸ਼ਾਮ ਚਾਰ ਵਜੇ ਦੇ ਕਰੀਬ ਹੋਇਆ। ਉਂਜ ਉਸ ਨੇ ਮ੍ਰਿਤਕਾਂ ਦੀ ਗਿਣਤੀ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਹੈ। ਸੂਤਰਾਂ ਮੁਤਾਬਕ ਹਮਲੇ ’ਚ 9 ਵਿਅਕਤੀ ਮਾਰੇ ਗਏ ਹਨ ਜਾਂ ਜ਼ਖ਼ਮੀ ਹੋਏ ਹਨ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ’ਚ ਤੁਰਕੀ ਅਤੇ ਚੀਨ ਸਮੇਤ ਕਈ ਹੋਰ ਮੁਲਕਾਂ ਦੇ ਸਫ਼ਾਰਤਖਾਨੇ ਵੀ ਹਨ। -