ਐੱਫਬੀਆਈ ਵੱਲੋਂ ਰਾਸ਼ਟਰਪਤੀ ਬਾਇਡਨ ਦੇ ਘਰ ’ਤੇ ਛਾਪਾ

ਐੱਫਬੀਆਈ ਵੱਲੋਂ ਰਾਸ਼ਟਰਪਤੀ ਬਾਇਡਨ ਦੇ ਘਰ ’ਤੇ ਛਾਪਾ

ਐੱਫਬੀਆਈ ਵੱਲੋਂ ਰਾਸ਼ਟਰਪਤੀ ਬਾਇਡਨ ਦੇ ਘਰ ’ਤੇ ਛਾਪਾ
ਵਾਸ਼ਿੰਗਟਨ-ਸੰਘੀ ਜਾਂਚ ਏਜੰਸੀ (ਐੱਫਬੀਆਈ) ਨੇ ਅਮਰੀਕੀ ਸਦਰ ਜੋਅ ਬਾਇਡਨ ਦੀ ਵਿਲਮਿੰਗਟਨ ਵਿਚਲੀ ਰਿਹਾਇਸ਼ ’ਤੇ ਮਾਰੇ ਛਾਪੇ ਦੌਰਾਨ ਗੁਪਤ ਜਾਣਕਾਰੀ ਨਾਲ ਜੁੜੇ ਵਧੀਕ ਦਸਤਾਵੇਜ਼ ਬਰਾਮਦ ਕੀਤੇ ਹਨ। ਐੱਫਬੀਆਈ ਦੀ ਟੀਮ ਨੇ ਬਾਇਡਨ ਦੇ ਘਰ ਵਿੱਚ 13 ਘੰਟੇ ਦੇ ਕਰੀਬ ਫਰੋਲਾ-ਫਰਾਲੀ ਕੀਤੀ। ਛਾਪਿਆਂ ਦੌਰਾਨ ਮਿਲੇ ਇਹ ਦਸਤਾਵੇਜ਼, 2024 ਵਿੱਚ ਮੁੜ ਰਾਸ਼ਟਰਪਤੀ ਚੋਣਾਂ ਲੜਨ ਦੀ ਤਿਆਰੀ ਕਰੀ ਬੈਠੇ ਬਾਇਡਨ ਲਈ ਸਿਆਸੀ ਤੇ ਸੰਭਾਵੀ ਕਾਨੂੰਨੀ ਉਲਝਣਾਂ ਖੜ੍ਹੀਆਂ ਕਰ ਸਕਦੇ ਹਨ। ਰਾਸ਼ਟਰਪਤੀ ਦੇ ਨਿੱਜੀ ਅਟਾਰਨੀ ਬੌਬ ਬੇਓਰ ਨੇ ਇਕ ਬਿਆਨ ਵਿੱਚ ਕਿਹਾ ਕਿ ਸ਼ੁੱਕਰਵਾਰ ਨੂੰ ਮਾਰੇ ਛਾਪੇ ਦੌਰਾਨ ‘ਨਿਆਂ ਵਿਭਾਗ ਨੇ ਕੁਝ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ, ਜੋ ਏਜੰਸੀ ਮੁਤਾਬਕ ਉਸ ਦੀ ਜਾਂਚ ਦੇ ਘੇਰੇ ਵਿਚ ਆਉਂਦੇ ਹਨ। ਇਨ੍ਹਾਂ ਵਿਚੋਂ ਕੁਝ ਦਸਤਾਵੇਜ਼ ਬਾਇਡਨ ਦੀ ਸੈਨੇਟ ਵਿੱਚ ਸੇਵਾ ਤੇ ਕੁਝ ਉਨ੍ਹਾਂ ਦੇ ਉਪ ਰਾਸ਼ਟਰਪਤੀ ਵਜੋਂ ਕਾਰਜਕਾਲ ਨਾਲ ਸਬੰਧਤ ਹਨ।’’ ਅਟਾਰਨੀ ਨੇ ਕਿਹਾ, ‘‘ਨਿਆਂ ਵਿਭਾਗ ਕੁਝ ਹੱਥ ਲਿਖਤ ਨੋਟਸ ਵੀ ਲੈ ਗਿਆ, ਜੋ ਉਨ੍ਹਾਂ ਸਮਿਆਂ ਦੇ ਹਨ ਜਦੋਂ ਬਾਇਡਨ ਦੇਸ਼ ਦੇ ਉਪ ਰਾਸ਼ਟਰਪਤੀ ਸਨ।’’
ਐੱਫਬੀਆਈ ਦੇ ਇਸ ਸੱਜਰੇ ਛਾਪੇ ਮਗਰੋਂ ਬਾਇਡਨ ਦੀ ਰਿਹਾਇਸ਼ ਤੇ ਨਿੱਜੀ ਦਫ਼ਤਰਾਂ ਤੋਂ ਮਿਲੇ ਕਲਾਸੀਫਾਈਡ ਦਸਤਾਵੇਜ਼ਾਂ ਦੀ ਗਿਣਤੀ ਵਧ ਕੇ ਡੇਢ ਦਰਜਨ ਦੇ ਕਰੀਬ ਹੋ ਗਈ ਹੈ। ਸੰਘੀ ਏਜੰਟਾਂ ਨੇ ਇਨ੍ਹਾਂ ਸਾਰੇ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਬਾਇਡਨ 2009 ਤੋਂ 2016 ਦੇ ਅਰਸੇ ਤੱਕ ਅਮਰੀਕਾ ਦੇ ਉਪ ਰਾਸ਼ਟਰਪਤੀ ਰਹੇ ਹਨ। ਅਟਾਰਨੀ ਨੇ ਕਿਹਾ, ‘‘ਨਿਆਂ ਵਿਭਾਗ ਨੇ ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਨ੍ਹਾਂ ਛਾਪਿਆਂ ਨੂੰ ਜਨਤਕ ਨਾ ਕੀਤੇ ਜਾਣ ਦੀ ਗੁਜ਼ਾਰਿਸ਼ ਕੀਤੀ ਹੈ...ਤੇ ਅਸੀਂ ਹਰ ਸੰਭਵ ਸਹਿਯੋਗ ਲਈ ਸਹਿਮਤੀ ਦਿੱਤੀ ਹੈ।’’ ਬਾਇਡਨ ਇਸ ਵੀਕੈਂਡ ਡੈਲਾਵੇਅਰ ਦੀ ਵੈਲਮਿੰਗਟਨ ਸਥਿਤ ਰਿਹਾਇਸ਼ ’ਤੇ ਸਮਾਂ ਬਿਤਾ ਰਹੇ ਹਨ। ਕਾਬਿਲੇਗੌਰ ਹੈ ਕਿ ਅਮਰੀਕੀ ਅਟਾਰਨੀ ਜਨਰਲ ਮੈਰਿਕ ਬੀ.ਗਾਰਲੈਂਡ ਨੇ ਰਾਸ਼ਟਰਪਤੀ ਦੇ ਨਿੱਜੀ ਦਫ਼ਤਰ ਤੇ ਰਿਹਾਇਸ਼ ਤੋਂ ਮਿਲੇ ਕਲਾਸੀਫਾਈਡ ਦਸਤਾਵੇਜ਼ਾਂ ਦੀ ਜਾਂਚ ਲਈ ਰੌਬਰਟ ਹਰ ਨੂੰ ਵਿਸ਼ੇਸ਼ ਕੌਂਸਲ ਨਿਯੁਕਤ ਕੀਤਾ ਸੀ। 
 

Radio Mirchi