ਪੱਕੇ ਮੋਰਚੇ ’ਚ ਪੁੱਜੇ ਹਿੰਦੂ ਭਾਈਚਾਰੇ ਨੇ ਬੰਦੀ ਸਿੰਘਾਂ ਦੀ ਰਿਹਾਈ ਮੰਗੀ

ਪੱਕੇ ਮੋਰਚੇ ’ਚ ਪੁੱਜੇ ਹਿੰਦੂ ਭਾਈਚਾਰੇ ਨੇ ਬੰਦੀ ਸਿੰਘਾਂ ਦੀ ਰਿਹਾਈ ਮੰਗੀ
ਐਸਏਐਸ ਨਗਰ (ਮੁਹਾਲੀ)-ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਸਮੇਤ ਹੋਰ ਸਿੱਖ ਮਸਲਿਆਂ ਬਾਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ। ਜਗਤਾਰ ਸਿੰਘ ਹਵਾਰਾ ਦੇ ਜੱਦੀ ਪਿੰਡ ਤੇ ਨੇੜਲੇ ਪਿੰਡਾਂ ’ਚੋਂ ਹਿੰਦੂ ਭਾਈਚਾਰੇ ਦਾ ਵੱਡਾ ਜਥਾ ਅੱਜ ਪੱਕੇ ਮੋਰਚੇ ਵਿੱਚ ਪੁੱਜਿਆ। ਸਿੱਖ ਸੰਘਰਸ਼ ਵਿੱਚ ਪਹੁੰਚਣ ’ਤੇ ਬਾਪੂ ਗੁਰਚਰਨ ਸਿੰਘ ਸਮੇਤ ਹੋਰਨਾਂ ਪ੍ਰਬੰਧਕਾਂ ਨੇ ਇਨ੍ਹਾਂ ਪਰਿਵਾਰਾਂ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਐਡਵੋਕੇਟ ਦਿਲਸ਼ੇਰ ਸਿੰਘ ਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਪਹੁੰਚੇ ਇਸ ਜਥੇ ਨਾਲ ਪੱਕੇ ਮੋਰਚੇ ਨੂੰ ਨੈਤਿਕ ਅਤੇ ਸਿਧਾਂਤਕ ਬਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਥ ਦੋਖੀਆਂ ਵੱਲੋਂ ਸਿੱਖ ਕੈਦੀਆਂ ਬਾਰੇ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਵੀ ਕਰਾਰਾ ਜਵਾਬ ਮਿਲਿਆ ਹੈ।
ਪੰਡਤ ਰੂਪ ਚੰਦ ਨੇ ਹਵਾਰਾ ਪਰਿਵਾਰ ਨਾਲ ਆਪਣੀ ਸਾਂਝ ਅਤੇ ਸਿੱਖ ਨੌਜਵਾਨ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਇਕੱਠੇ ਖੇਡੇ ਅਤੇ ਪੜ੍ਹੇ ਹਨ। ਉਨ੍ਹਾਂ ਕਿਹਾ ਕਿ ਜਗਤਾਰ ਹਿੰਦੂ ਭਾਈਚਾਰੇ ਦੇ ਨਹੀਂ, ਸਗੋਂ ਜਬਰ ਦੇ ਖ਼ਿਲਾਫ਼ ਸੀ। ਉਨ੍ਹਾਂ ਕਿਹਾ ਕਿ ਪਿੰਡ ਹਵਾਰਾ ਨੂੰ ਉਨ੍ਹਾਂ ਦੀ ਜੇਲ੍ਹ ਜ਼ਿੰਦਗੀ ਕਰ ਕੇ ਵੱਡਾ ਘਾਟਾ ਪਿਆ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜਦੋਂ ਇਸ ਨੌਜਵਾਨ ਨੇ ਆਪਣੇ ਜੁਰਮ ਦੀ ਸਜ਼ਾ ਪੂਰੀ ਕਰ ਲਈ ਹੈ ਤਾਂ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਹਿੰਦੂ ਭਾਈਚਾਰੇ ਦੇ ਲੋਕ ਕੌਮੀ ਇਨਸਾਫ਼ ਮੋਰਚੇ ਨਾਲ ਡਟ ਕੇ ਖੜ੍ਹੇ ਹਨ।