ਨਿਊਜ਼ੀਲੈਂਡ: ਪ੍ਰਧਾਨ ਮੰਤਰੀ ਵਜੋਂ ਆਖ਼ਰੀ ਵਾਰ ਸਾਹਮਣੇ ਆਈ ਜੈਸਿੰਡਾ

ਨਿਊਜ਼ੀਲੈਂਡ: ਪ੍ਰਧਾਨ ਮੰਤਰੀ ਵਜੋਂ ਆਖ਼ਰੀ ਵਾਰ ਸਾਹਮਣੇ ਆਈ ਜੈਸਿੰਡਾ
ਵੈਲਿੰਗਟਨ-ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅਹੁਦਾ ਛੱਡਣ ਤੋਂ ਪਹਿਲਾਂ ਅੱਜ ਆਖ਼ਰੀ ਵਾਰ ਜਨਤਕ ਤੌਰ ਉਤੇ ਸਾਹਮਣੇ ਆਈ। ਇਸ ਮੌਕੇ ਜੈਸਿੰਡਾ ਨੇ ਕਿਹਾ ਕਿ ਸਭ ਤੋਂ ਵੱਧ ਉਹ ਲੋਕਾਂ ਨੂੰ ਹੀ ਯਾਦ ਕਰੇਗੀ, ਕਿਉਂਕਿ ਉਹ ਇਸ ‘ਨੌਕਰੀ ਦਾ ਸਭ ਤੋਂ ਖ਼ੁਸ਼ਨੁਮਾ ਹਿੱਸਾ ਸਨ।’ ਉਨ੍ਹਾਂ ਵੱਲੋਂ ਵੀਰਵਾਰ ਅਹੁਦਾ ਛੱਡਣ ਦੇ ਕੀਤੇ ਐਲਾਨ ਤੋਂ ਬਾਅਦ ਦੇਸ਼ ਦੇ ਲੋਕਾਂ ਨੂੰ ਕਾਫ਼ੀ ਝਟਕਾ ਲੱਗਾ ਹੈ। ਜੈਸਿੰਡਾ ਨੇ ਅਹੁਦਾ ਛੱਡਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਪੰਜ ਸਾਲ ਦੇਸ਼ ਨੂੰ ਦੇ ਚੁੱਕੀ ਹੈ ਤੇ ਹੁਣ ਉਸ ਕੋਲ ਦੇਣ ਲਈ ਹੋਰ ਕੁਝ ਨਹੀਂ ਬਚਿਆ। ਲੇਬਰ ਪਾਰਟੀ ਦੇ ਮੈਂਬਰਾਂ ਨੇ ਐਤਵਾਰ ਕ੍ਰਿਸ ਹਿਪਕਿਨਜ਼ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਲਈ ਚੁਣਿਆ ਹੈ। ਉਹ ਭਲਕੇ ਅਹੁਦੇ ਦੀ ਸਹੁੰ ਚੁੱਕਣਗੇ। ਆਗੂ ਵਜੋਂ ਆਰਡਨ ਅੱਜ ਹਿਪਕਿਨਜ਼ ਤੇ ਬਾਕੀ ਸੰਸਦ ਮੈਂਬਰਾਂ ਨਾਲ ਰੈਟਾਨਾ ਮੀਟਿੰਗ ਗਰਾਊਂਡ ’ਚ ਗਈ ਜਿੱਥੇ ਇਸ ਮੌਕੇ ਜਸ਼ਨ ਮਨਾਇਆ ਗਿਆ।