ਅਮਰੀਕਾ: ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ’ਚ ਦਸ ਮੌਤਾਂ

ਅਮਰੀਕਾ: ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ’ਚ ਦਸ ਮੌਤਾਂ

ਅਮਰੀਕਾ: ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ’ਚ ਦਸ ਮੌਤਾਂ
ਹਾਫ ਮੂਨ ਬੇਅ/ਸਾਂ ਫਰਾਂਸਿਸਕੋ-ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸਾਂ ਫਰਾਂਸਿਸਕੋ ਦੇ ਦੱਖਣ ਵਿਚ ਖੁੰਭਾਂ ਦੇ ਇਕ ਫਾਰਮ ਤੇ ਟਰੱਕਿੰਗ ਕੰਪਨੀ ਵਿਚ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ’ਚ ਸੱਤ ਲੋਕ ਮਾਰੇ ਗਏ ਹਨ। ਪੁਲੀਸ ਮੁਤਾਬਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਚਾਰ ਲੋਕ ਫਾਰਮ ’ਤੇ ਮਾਰੇ ਗਏ ਹਨ ਜਦਕਿ ਤਿੰਨ ਹੋਰ ਟਰੱਕਿੰਗ ਕੰਪਨੀ ਦੇ ਦਫ਼ਤਰ ਵਿਚ ਮਾਰੇ ਗਏ ਹਨ। ਪੁਲੀਸ ਨੇ ਇਸ ਮਾਮਲੇ ਵਿਚ 67 ਸਾਲਾ ਚੁਨਲੀ ਝਾਓ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਇਨ੍ਹਾਂ ਥਾਵਾਂ ਉਤੇ ਕੰਮ ਕਰਦਾ ਰਿਹਾ ਹੈ। ਪੁਲੀਸ ਮੁਤਾਬਕ ਸ਼ੱਕੀ ‘ਨਾਰਾਜ਼ ਹੋਇਆ ਵਰਕਰ’ ਹੈ। ਅਮਰੀਕਾ ਵਿਚ ਇਸ ਸਾਲ ਵੱਡੇ ਪੱਧਰ ਉਤੇ ਗੋਲੀਬਾਰੀ ਦੀ ਇਹ ਛੇਵੀਂ ਘਟਨਾ ਹੈ। ਇਸ ਤੋਂ ਪਹਿਲਾਂ ਕੈਲੀਫੋਰਨੀਆ ਵਿਚ ਸ਼ਨਿਚਰਵਾਰ ਹੋਈ ਗੋਲੀਬਾਰੀ ’ਚ 11 ਲੋਕ ਮਾਰੇ ਗਏ ਸਨ। ਪੁਲੀਸ ਨੇ ਦੱਸਿਆ ਕਿ ਬੰਦੂਕਧਾਰੀ ਨੇ ਇਕੱਲੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਹਾਲੇ ਤੱਕ ਗੋਲੀਬਾਰੀ ਪਿਛਲੇ ਮੰਤਵਾਂ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਸੂਬੇ ਦੇ ਸੈਨੇਟਰ ਜੋਸ਼ ਬੇਕਰ ਨੇ ਦੱਸਿਆ ਕਿ ਇਹ ਖੇਤੀਬਾੜੀ ਕਰਨ ਵਾਲੇ ਭਾਈਚਾਰੇ ਦਾ ਇਲਾਕਾ ਹੈ ਤੇ ਲੋਕ ਰਲ-ਮਿਲ ਕੇ ਰਹਿੰਦੇ ਹਨ। ਇਸ ਘਟਨਾ ਨਾਲ ਸਦਮਾ ਲੱਗਾ ਹੈ। ਹਾਫ ਮੂਨ ਬੇਅ ਵਿਚ ਜ਼ਿਆਦਾਤਰ ਗੋਰੀ ਨਸਲ ਦੇ ਲੋਕ ਰਹਿੰਦੇ ਹਨ ਜਦਕਿ ਪੰਜ ਪ੍ਰਤੀਸ਼ਤ ਲੋਕ ਏਸ਼ਿਆਈ ਹਨ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਹਸਪਤਾਲ ਵਿਚ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ। ਓਕਲੈਂਡ ਦੇ ਗੈਸ ਸਟੇਸ਼ਨ ’ਤੇ ਹੋਈ ਗੋਲੀਬਾਰੀ ਦੀ ਇਕ ਹੋਰ ਘਟਨਾ ਵਿਚ ਇਕ ਵਿਅਕਤੀ ਮਾਰਿਆ ਗਿਆ ਹੈ ਤੇ 8 ਫੱਟੜ ਹੋ ਗਏ ਹਨ। ਘਟਨਾ ਮੈਕਾਰਥਰ ਬੁਲੇਵਾਰਡ ਵਿਚ ਵਾਪਰੀ ਹੈ। ਪੁਲੀਸ ਨੇ ਦੱਸਿਆ ਕਿ ਗੈਸ ਸਟੇਸ਼ਨ ’ਤੇ ਕਈ ਵਿਅਕਤੀਆਂ ਵਿਚਾਲੇ ਗੋਲੀਬਾਰੀ ਹੋਈ ਹੈ। ਇਸ ਮਾਮਲੇ ਵਿਚ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਤੇ ਕਰੀਬ 19 ਸ਼ਾਟ ਗੋਲੀਆਂ ਦੇ ਦਾਗੇ ਗਏ ਹਨ। ਜ਼ਿਕਰਯੋਗ ਹੈ ਕਿ ਓਕਲੈਂਡ, ਹਾਫ ਮੂਨ ਬੇਅ ਤੋਂ 38 ਕਿਲੋਮੀਟਰ ਦੂਰ ਹੈ। ਇਸੇ ਦੌਰਾਨ ਅਮਰੀਕੀ ਸੂਬੇ ਆਇਓਵਾ ਦੇ ਇਕ ਸਕੂਲ ਵਿਚ ਮਿੱਥ ਕੇ ਕੀਤੀ ਗਈ ਗੋਲੀਬਾਰੀ ਵਿਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਇਕ ਹੋਰ ਵਿਅਕਤੀ ਨੂੰ ਵੀ ਗੋਲੀ ਲੱਗੀ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਮੁਤਾਬਕ ਗੋਲੀਆਂ ਚਲਾਉਣ ਵਾਲੇ ਕਥਿਤ ਤੌਰ ’ਤੇ ਕਾਰ ਵਿਚ ਹੀ ਬੈਠੇ ਰਹੇ ਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਤੀਜੇ ਮੁਲਜ਼ਮ ਨੂੰ ਬਾਅਦ ’ਚ ਫੜ ਲਿਆ ਗਿਆ। 

Radio Mirchi