ਪੂਤਿਨ ਨੇ ਫੋਨ ’ਤੇ ਦਿੱਤੀ ਸੀ ਮਿਜ਼ਾਈਲ ਹਮਲੇ ਦੀ ਧਮਕੀ: ਬੋਰਿਸ ਜੌਹਨਸਨ

ਪੂਤਿਨ ਨੇ ਫੋਨ ’ਤੇ ਦਿੱਤੀ ਸੀ ਮਿਜ਼ਾਈਲ ਹਮਲੇ ਦੀ ਧਮਕੀ: ਬੋਰਿਸ ਜੌਹਨਸਨ
ਲੰਡਨ-ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਦਾਅਵਾ ਕੀਤਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਉਨ੍ਹਾਂ ਨੂੰ ਇਕ ‘ਗੈਰ-ਸਾਧਾਰਨ’ ਫੋਨ ਕਾਲ ਵਿਚ ਮਿਜ਼ਾਈਲ ਹਮਲੇ ਦੀ ਧਮਕੀ ਦਿੱਤੀ ਸੀ। ਬੋਰਿਸ ਨੇ ਕਿਹਾ ਕਿ ਇਹ ਕਾਲ ਉਨ੍ਹਾਂ ਨੂੰ ਪਿਛਲੇ ਸਾਲ ਫਰਵਰੀ ਵਿਚ ਜੰਗ ਲੱਗਣ ਵੇਲੇ ਆਈ ਸੀ। ਜੌਹਨਸਨ, ਜੋ ਕਿ ਉਸ ਵੇਲੇ ਪ੍ਰਧਾਨ ਮੰਤਰੀ ਸਨ, ਨੇ ਦੱਸਿਆ ਕਿ ਪੂਤਿਨ ਨੇ ਉਨ੍ਹਾਂ ਨੂੰ ਕਿਹਾ ਕਿ ‘ਇਸ ਨੂੰ ਸਿਰਫ਼ ਇਕ ਮਿੰਟ ਲੱਗੇਗਾ।’ ਜੌਹਨਸਨ ਨੇ ਪੂਤਿਨ ਨੂੰ ਚਿਤਾਵਨੀ ਦਿੱਤੀ ਸੀ ਕਿ ਇਹ ਜੰਗ ‘ਸਿਰਫ਼ ਤਬਾਹੀ ਲਿਆਏਗੀ।’ ਇਸ ਗੱਲਬਾਤ ਵਿਚਲੇ ਵੇਰਵੇ ਬੀਬੀਸੀ ਦੀ ਦਸਤਾਵੇਜ਼ੀ ‘ਪੂਤਿਨ ਵਰਸਿਜ਼ ਦਿ ਵੈਸਟ’ ਵਿਚ ਸਾਂਝੇ ਕੀਤੇ ਗਏ ਹਨ। ਇਸ ਦਸਤਾਵੇਜ਼ੀ ਦਾ ਪ੍ਰਸਾਰਨ ਅੱਜ ਕੀਤਾ ਗਿਆ ਹੈ। ਇਸ ਵਿਚ ਪੂਤਿਨ ਦੀ ਸੰਸਾਰ ਦੇ ਆਗੂਆਂ ਨਾਲ ਹੋਈ ਗੱਲਬਾਤ ਦਾ ਅਧਿਐਨ ਹੈ। ਜੌਹਨਸਨ ਨੇ ਪੂਤਿਨ ਨੂੰ ਚਿਤਾਵਨੀ ਦਿੱਤੀ ਸੀ ਕਿ ਯੂਕਰੇਨ ਨਾਲ ਟਕਰਾਅ ਕਾਰਨ ਰੂਸ ਨੂੰ ਪੱਛਮੀ ਮੁਲਕਾਂ ਦੀਆਂ ਪਾਬੰਦੀਆਂ ਝੱਲਣੀਆਂ ਪੈਣਗੀਆਂ, ਤੇ ਰੂਸ ਦੀਆਂ ਸਰਹੱਦਾਂ ’ਤੇ ਨਾਟੋ ਹੋਰ ਸੈਨਾ ਤਾਇਨਾਤ ਕਰੇਗੀ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਪੂਤਿਨ ਨੂੰ ਕਿਹਾ ਸੀ ਕਿ ਯੂਕਰੇਨ ਦੇ ‘ਨੇੜ ਭਵਿੱਖ ਵਿਚ ਨਾਟੋ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ’ ਤਾਂ ਕਿ ਫ਼ੌਜੀ ਕਾਰਵਾਈ ਟਾਲੀ ਜਾ ਸਕੇ। ਜੌਹਨਸਨ ਨੇ ਬੀਬੀਸੀ ਨੂੰ ਦੱਸਿਆ, ‘ਇਕ ਵੇਲੇ ਤਾਂ ਉਸ ਨੇ ਮੈਨੂੰ ਧਮਕਾ ਦਿੱਤਾ, ਉਸ ਨੇ ਕਿਹਾ, ‘ਬੋਰਿਸ, ਮੈਂ ਤੁਹਾਨੂੰ ਮਿਜ਼ਾਈਲ ਨਾਲ ਦੁਖੀ ਨਹੀਂ ਕਰਨਾ ਚਾਹੁੰਦਾ, ਇਸ ਨੂੰ ਸਿਰਫ਼ ਇਕ ਮਿੰਟ ਲੱਗੇਗਾ ਜਾਂ ਇਸ ਤਰ੍ਹਾਂ ਦੀ ਕਿਸੇ ਹੋਰ ਕਾਰਵਾਈ ਨੂੰ।’