ਆਸਟਰੇਲੀਆ ਖ਼ਾਲਿਸਤਾਨੀ ਅਨਸਰਾਂ ਨੂੰ ਮੁਲਕ ਵਿਚ ਦਾਖ਼ਲ ਹੋਣ ਤੋਂ ਰੋਕੇ: ਭਾਰਤ

ਆਸਟਰੇਲੀਆ ਖ਼ਾਲਿਸਤਾਨੀ ਅਨਸਰਾਂ ਨੂੰ ਮੁਲਕ ਵਿਚ ਦਾਖ਼ਲ ਹੋਣ ਤੋਂ ਰੋਕੇ: ਭਾਰਤ
ਆਸਟਰੇਲੀਆ-ਆਸਟਰੇਲੀਆ ਰਹਿੰਦੇ ਭਾਰਤੀ ਪਰਵਾਸੀ ਭਾਈਚਾਰੇ ਵਿਚਾਲੇ ਵਧਦੀ ਕਸ਼ੀਦਗੀ ਦਰਮਿਆਨ ਭਾਰਤ ਨੇ ਐਲਬਨੀਜ਼ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਖ਼ਾਲਿਸਤਾਨੀ ਅਨਸਰਾਂ ਨੂੰ ਮੁਲਕ ਵਿੱਚ ਦਾਖਲ ਹੋਣ ਤੋਂ ਰੋਕੇ। ਆਸਟਰੇਲੀਆ ਦੇ ਮੈਲਬਰਨ ਸ਼ਹਿਰ ਵਿੱਚ ਐਤਵਾਰ ਨੂੰ ਖਾਲਿਸਤਾਨੀ ਕਾਰਕੁਨਾਂ ਤੇ ਭਾਰਤ ਪੱਖੀ ਮੁਜ਼ਾਹਰਾਕਾਰੀਆਂ ਵਿਚਾਲੇ ਟਕਰਾਅ ਦੀਆਂ ਦੋ ਵੱਖੋ-ਵੱਖਰੀਆਂ ਘਟਨਾਵਾਂ ’ਚ ਦੋ ਵਿਅਕਤੀ ਜ਼ਖ਼ਮੀ ਹੋ ਗੲੇ ਸਨ। ਆਸਟਰੇਲੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਮਨਪ੍ਰੀਤ ਵੋਹਰਾ ਨੇ ਉਨ੍ਹਾਂ ਦੋ ਮੰਦਿਰਾਂ(ਬੀਏਪੀਐੱਸ ਸ੍ਰੀ ਸਵਾਮੀਨਰਾਇਣ ਮੰਦਰ ਤੇ ਇਸਕੋਨ ਕ੍ਰਿਸ਼ਨ ਮੰਦਰ) ਦਾ ਵੀ ਦੌਰਾ ਕੀਤਾ, ਜਿੱਥੇ ਦੋਵਾਂ ਧਿਰਾਂ ਵਿਚਾਲੇ ਟਕਰਾਅ ਹੋਇਆ ਸੀ। ਵੋਹਰਾ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੂੰ ਵੀ ਮਿਲੇ।
ਕਾਬਿਲੇਗੌਰ ਹੈ ਕਿ ਐਤਵਾਰ ਨੂੰ ਖਾਲਿਸਤਾਨ ਪੱਖੀਆਂ ਵੱਲੋਂ ‘ਰਾਏਸ਼ੁਮਾਰੀ’ ਲਈ ਕਰਵਾਈ ਵੋਟਿੰਗ ਦੌਰਾਨ ਵੀ ਦੋਵੇਂ ਧਿਰਾਂ ਇਕ ਦੂਜੇ ਨਾਲ ਖਹਿਬੜ ਪਈਆਂ ਸਨ। ਸ੍ਰੀ ਵੋਹਰਾ ਨੇ ਕਿਹਾ ਕਿ ਆਸਟਰੇਲੀਆ ਨੂੰ ਖਾਲਿਸਤਾਨੀ ਅਨਸਰਾਂ ਨੂੰ ਦੇਸ਼ ਵਿੱਚ ਦਾਖ਼ਲ ਹੋਣ ਤੋਂ ਰੋਕਣਾ ਚਾਹੀਦਾ ਹੈ। ਵੋਹਰਾ ਨੇ ਕਿਹਾ ਕਿ ਉਹ ‘ਨਿਰਾਸ਼’ ਹਨ ਕਿਉਂਕਿ ਇਸ ਮਸਲੇ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਨੱਥ ਨਹੀਂ ਪਾਈ ਗਈ। ਭਾਰਤੀ ਹਾਈ ਕਮਿਸ਼ਨ ਨੇ ਇਕ ਬਿਆਨ ਵਿੱਚ ਕਿਹਾ, ‘‘ਅਜਿਹੇ ਸੰਕੇਤ ਹਨ ਕਿ ਖਾਲਿਸਤਾਨ ਪੱਖੀ ਅਨਸਰਾਂ ਨੇ ਆਸਟਰੇਲੀਆ ਵਿੱਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ ਤੇ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਜਿਹੀਆਂ ਦਹਿਸ਼ਤੀ ਜਥੇਬੰਦੀਆਂ ਦੇ ਮੈਂਬਰਾਂ ਵੱਲੋਂ ਇਨ੍ਹਾਂ ਅਨਸਰਾਂ ਦੀ ਸਹਾਇਤਾ ਦੇ ਨਾਲ ਇਨ੍ਹਾਂ ਨੂੰ ਮਜਬੂਰ ਕੀਤਾ ਜਾ ਰਿਹੈ।’’ ਵੋਹਰਾ ਨੇ ਮਗਰੋਂ ਇਕ ਮੀਡੀਆ ਚੈਨਲ ਨੂੰ ਕਿਹਾ ਕਿ ਆਸਟਰੇਲੀਆ ਜਾਂ ਫਿਰ ਕਿਤੇ ਹੋਰ ਰਹਿੰਦੇ ਬਹੁਗਿਣਤੀ ਸਿੱਖ ਅਜਿਹੇ ਵੱਖਵਾਦੀ ਰੁਝਾਨ ਦੀ ਹਮਾਇਤ ਨਹੀਂ ਕਰਦੇ। ਉਹ ਅਭਿਮਾਨੀ ਸਿੱਖ, ਆਸਟਰੇਲੀਅਨ ਤੇ ਭਾਰਤੀ ਹਨ। ਇਨ੍ਹਾਂ ਵਿਚੋਂ ਬਹੁਤਿਆਂ ਨੂੰ ਅਕਸਰ ਕੱਟੜਵਾਦੀ ਅਨਸਰਾਂ, ਜੋ ਗੁਰਦੁਆਰਿਆਂ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਵੱਲੋਂ ਡਰਾਇਆ ਧਮਕਾਇਆ ਜਾਂਦਾ ਹੈ। ਉਨ੍ਹਾਂ ਦੀ ਵਿਚਾਰਧਾਰਾ ਨਫ਼ਰਤ ਨਾਲ ਭਰੀ ਹੈ ਤੇ ਖਾਮੋਸ਼ ਬਹੁਗਿਣਤੀ ਨੂੰ ਇਨ੍ਹਾਂ ਖਿਲਾਫ਼ ਖੜ੍ਹੇ ਹੋ ਕੇ, ਇਨ੍ਹਾਂ ਨੂੰ ਥਾਂ ਬਣਾਉਣ ਤੋਂ ਰੋਕਣਾ ਚਾਹੀਦਾ ਹੈ।’’ ’