ਅਮਰੀਕਾ ਨੇ ਚੀਨ ਦਾ ‘ਜਾਸੂਸੀ’ ਗੁਬਾਰਾ ਮਿਜ਼ਾਈਲ ਨਾਲ ਡੇਗਿਆ

ਅਮਰੀਕਾ ਨੇ ਚੀਨ ਦਾ ‘ਜਾਸੂਸੀ’ ਗੁਬਾਰਾ ਮਿਜ਼ਾਈਲ ਨਾਲ ਡੇਗਿਆ

ਅਮਰੀਕਾ ਨੇ ਚੀਨ ਦਾ ‘ਜਾਸੂਸੀ’ ਗੁਬਾਰਾ ਮਿਜ਼ਾਈਲ ਨਾਲ ਡੇਗਿਆ
ਵਾਸ਼ਿੰਗਟਨ-ਅਮਰੀਕਾ ਨੇ ਚੀਨ ਦੇ ‘ਜਾਸੂਸੀ’ ਗੁਬਾਰੇ ਨੂੰ ਅੰਧ ਮਹਾਸਾਗਰ ਦੇ ਉਤੇ ਮਿਜ਼ਾਈਲ ਮਾਰ ਕੇ ਡੇਗ ਦਿੱਤਾ ਹੈ। ਸ਼ੱਕ ਦੇ ਘੇਰੇ ’ਚ ਆਏ ਗੁਬਾਰੇ ਨੂੰ ਡੇਗਣ ਤੋਂ ਬਾਅਦ ਫ਼ੌਜ ਹੁਣ ਇਸ ਮਲਬੇ ਵਿਚੋਂ ਉਪਕਰਨ ਲੱਭ ਰਹੀ ਹੈ। ਐਫਬੀਆਈ ਤੇ ਹੋਰ ਸੂਹੀਆ ਏਜੰਸੀਆਂ ਇਸ ਮਲਬੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਨਗੀਆਂ।   ਚੀਨ ਨੇ ਅਮਰੀਕਾ ਨੂੰ ਚਿਤਾਵਨੀ  ਦਿੱਤੀ ਹੈ ਕਿ ਨਾਗਰਿਕ ਮੰਤਵਾਂ ਲਈ ਵਰਤਿਆ ਜਾ ਰਿਹਾ ਗੁਬਾਰਾ ਡੇਗਣ ਦੇ ਵਾਸ਼ਿੰਗਟਨ ਨੂੰ ਨਤੀਜੇ ਭੁਗਤਣੇ ਪੈਣਗੇ। ਜ਼ਿਕਰਯੋਗ ਹੈ ਕਿ ਇਸ ਗੁਬਾਰੇ ’ਤੇ ਕੋਈ ਮਨੁੱਖ ਸਵਾਰ ਨਹੀਂ ਸੀ। ਵੇਰਵਿਆਂ ਮੁਤਾਬਕ ਰਾਸ਼ਟਰਪਤੀ ਜੋਅ ਬਾਇਡਨ ਦੀ ਹਦਾਇਤ ’ਤੇ ਅਮਰੀਕੀ ਫ਼ੌਜ ਨੇ ਸ਼ੁੱਕਰਵਾਰ ਬਾਅਦ ਦੁਪਹਿਰ 2.39 (ਸਥਾਨਕ ਸਮਾਂ) ’ਤੇ ਚੀਨ ਦੇ ਜਾਸੂਸੀ ਗੁਬਾਰੇ ਨੂੰ ਅੰਧ ਮਹਾਸਾਗਰ ਵਿਚ ਸੁੱਟ ਦਿੱਤਾ। ਇਹ ਦੱਖਣ ਕੈਰੋਲੀਨਾ ਦੇ ਤੱਟ ਤੋਂ ਕਰੀਬ ਛੇ ਮੀਲ ਦੂਰ ਅਮਰੀਕੀ ਪਾਣੀਆਂ ਵਿਚ ਡਿੱਗ ਗਿਆ। ਵਰਜੀਨੀਆ ਦੇ ਲੈਂਗਲੇ ਏਅਰ ਫੋਰਸ ਬੇਸ ਤੋਂ ਉੱਡੇ ਲੜਾਕੂ ਜਹਾਜ਼ ਨੇ ਇਸ ਗੁਬਾਰੇ ’ਤੇ ਮਿਜ਼ਾਈਲ ਦਾਗੀ ਤੇ ਇਹ ਸਮੁੰਦਰ ਵਿਚ ਡਿੱਗ ਗਿਆ। ਬਾਇਡਨ ਨੇ ਮੈਰੀਲੈਂਡ ਵਿਚ ਮੀਡੀਆ ਨੂੰ ਦੱਸਿਆ, ‘ਮੈਂ ਉਨ੍ਹਾਂ ਨੂੰ ਗੁਬਾਰਾ ਸੁੱਟਣ ਦੇ ਹੁਕਮ ਦਿੱਤੇ ਸਨ।
ਰਾਸ਼ਟਰਪਤੀ ਨੇ ਕਿਹਾ ਕਿ ਪੈਂਟਾਗਨ ਨੇ ਉਨ੍ਹਾਂ ਨੂੰ ਇਸ ਗੁਬਾਰੇ ਬਾਰੇ  ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਜਲਦੀ ਤੋਂ ਜਲਦੀ ਗੁਬਾਰਾ ਡੇਗਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਗੁਬਾਰਾ ਸੁੱਟਣ ਵੇਲੇ ਇਸ ਗੱਲ ਦਾ ਧਿਆਨ ਰੱਖਣ ਲਈ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਲਈ ਸਭ ਤੋਂ ਵਧੀਆ ਸਮਾਂ ਇਹੀ ਸੀ ਜਦ ਗੁਬਾਰਾ ਪਾਣੀ ਉਤੇ ਹੋਵੇ ਤੇ 12 ਮੀਲ ਦੀ ਹੱਦ ਵਿਚ ਹੋਵੇ। 
ਗੁਬਾਰਾ ਸੁੱਟਣ ’ਤੇ ਚੀਨ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਚੀਨ ਦੀ ਸਰਕਾਰੀ ਸਿਨਹੂਆ ਖ਼ਬਰ ਏਜੰਸੀ ਨੇ ਵਿਦੇਸ਼ ਮੰਤਰਾਲੇ ਦਾ ਬਿਆਨ ਜਨਤਕ ਕੀਤਾ ਹੈ। ਚੀਨ ਨੇ ਕਿਹਾ ਕਿ ਅਮਰੀਕਾ ਨੇ ਤਾਕਤ ਦੀ ਵਰਤੋਂ ਕਰ ਕੇ ਲੋੜ ਤੋਂ ਵੱਧ ਕਾਰਵਾਈ ਕੀਤੀ ਹੈ ਤੇ ਇਹ ਕੌਮਾਂਤਰੀ ਨੇਮਾਂ ਦੀ ਗੰਭੀਰ ਉਲੰਘਣਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚੀਨ ਸਬੰਧਤ ਕੰਪਨੀ ਦੇ ਹੱਕਾਂ ਤੇ ਹਿੱਤਾਂ ਨੂੰ ਕਾਇਮ ਰੱਖਣ ਪ੍ਰਤੀ ਵਚਨਬੱਧ ਹੈ ਤੇ ਨਾਲ ਹੀ ਅਗਲੀ ਕਿਸੇ ਵੀ ਜਵਾਬੀ ਕਾਰਵਾਈ ਲਈ ਆਜ਼ਾਦ ਹੈ। 
ਚੀਨ ਨੇ ਪੁਸ਼ਟੀ ਤੋਂ ਬਾਅਦ ਕਈ ਵਾਰ ਅਮਰੀਕਾ ਨੂੰ ਇਸ ‘ਏਅਰਸ਼ਿਪ’ ਦੀ ਬਣਤਰ ਤੇ ਮੰਤਵ ਬਾਰੇ ਦੱਸਿਆ ਸੀ। ਉਨ੍ਹਾਂ ਅਮਰੀਕਾ ਨੂੰ ਜਾਣਕਾਰੀ ਦਿੱਤੀ ਸੀ ਕਿ ਇਹ ਰਾਹ ਭਟਕ ਕੇ ਉੱਥੇ ਚਲਾ ਗਿਆ ਹੈ, ਇਸ ਦਾ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚੀਨ ਨੇ ਸਪੱਸ਼ਟ ਤੌਰ ’ਤੇ ਅਮਰੀਕਾ ਨੂੰ ਕਿਹਾ ਸੀ ਕਿ ਉਹ ਇਸ ਮਾਮਲੇ ਨਾਲ ਸ਼ਾਂਤੀ ਤੇ ਪੇਸ਼ੇਵਰ ਢੰਗ ਨਾਲ ਨਜਿੱਠੇ। 

Radio Mirchi