ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦਾ ਦੇਹਾਂਤ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦਾ ਦੇਹਾਂਤ
ਇਸਲਾਮਾਬਾਦ-ਭਾਰਤ ਨਾਲ ਕਾਰਗਿਲ ਜੰਗ ਛੇੜਨ ਵਾਲੇ ਪਾਕਿਸਤਾਨ ਦੇ ਸਾਬਕਾ ਫ਼ੌਜੀ ਤਾਨਾਸ਼ਾਹ ਤੇ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਦਾ ਅੱਜ ਦੁਬਈ ਵਿਚ ਦੇਹਾਂਤ ਹੋ ਗਿਆ। ਉਹ ਇਕ ਲਾਇਲਾਜ ਬੀਮਾਰੀ ਨਾਲ ਜੂਝ ਰਹੇ ਸਨ। ਦੱਸਣਯੋਗ ਹੈ ਕਿ 79 ਸਾਲਾ ਮੁਸ਼ੱਰਫ਼ ਪਾਕਿਸਤਾਨ ਵਿਚ ਅਪਰਾਧਕ ਦੋਸ਼ਾਂ ਤੋਂ ਬਚਣ ਲਈ ਸਵੈ-ਜਲਾਵਤਨ ਹੋ ਕੇ ਯੂਏਈ ਵਿਚ ਰਹਿ ਰਹੇ ਸਨ। ਲੰਮੀ ਬੀਮਾਰੀ ਮਗਰੋਂ ਉਨ੍ਹਾਂ ਦੀ ਮੌਤ ਦੁਬਈ ਦੇ ਹਸਪਤਾਲ ਵਿਚ ਹੋਈ ਹੈ। ਕਾਰਗਿਲ ’ਚ ਨਾਕਾਮ ਹੋਣ ਤੋਂ ਬਾਅਦ ਜਨਰਲ ਮੁਸ਼ੱਰਫ਼ ਨੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ 1999 ਵਿਚ ਰਾਜ ਪਲਟੇ ਰਾਹੀਂ ਅਹੁਦੇ ਤੋਂ ਲਾਂਭੇ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ 1999 ਤੋਂ 2008 ਤੱਕ ਵੱਖ-ਵੱਖ ਅਹੁਦਿਆਂ ਉਤੇ ਪਾਕਿਸਤਾਨ ’ਤੇ ਰਾਜ ਕੀਤਾ। ਉਹ ਪਾਕਿਸਤਾਨ ਦੇ ਰਾਸ਼ਟਰਪਤੀ ਵੀ ਰਹੇ। ਸਾਬਕਾ ਜਨਰਲ ਦੀ ਮੌਤ ਤੋਂ ਬਾਅਦ ਪਾਕਿਸਤਾਨ ਦੇ ਚੋਟੀ ਦੇ ਫ਼ੌਜੀ ਅਧਿਕਾਰੀਆਂ ਨੇ ਡੂੰਘੀ ਸੰਵੇਦਨਾ ਜ਼ਾਹਿਰ ਕੀਤੀ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਵੀ ਜਨਰਲ ਪਰਵੇਜ਼ ਦੇ ਦੇਹਾਂਤ ’ਤੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ। ਪੀਟੀਆਈ ਆਗੂ ਫਵਾਦ ਚੌਧਰੀ ਨੇ ਮੁਸ਼ੱਰਫ਼ ਨੂੰ ‘ਮਹਾਨ ਸ਼ਖ਼ਸੀਅਤ’ ਕਰਾਰ ਦਿੱਤਾ। ਜਨਰਲ ਦੇ ਪਰਿਵਾਰ ਵਿਚ ਪਤਨੀ ਸਹਿਬਾ ਮੁਸ਼ੱਰਫ਼ ਤੋਂ ਇਲਾਵਾ ਪੁੱਤਰ ਤੇ ਧੀ ਹੈ। ਮੁਸ਼ੱਰਫ਼ ਦੇ ਪਰਿਵਾਰ ਨੇ ਸਾਬਕਾ ਫ਼ੌਜੀ ਸ਼ਾਸਕ ਦੀ ਦੇਹ ਨੂੰ ਵਤਨ ਲਿਜਾਣ ਲਈ ਦੁਬਈ ਵਿਚਲੇ ਪਾਕਿਸਤਾਨੀ ਦੂਤਾਵਾਸ ਵਿਚ ਅਰਜ਼ੀ ਪਾਈ ਹੈ। ਇਕ ਵਿਸ਼ੇਸ਼ ਹਵਾਈ ਜਹਾਜ਼ ਰਾਵਲਪਿੰਡੀ ਦੇ ਨੂਰ ਖਾਨ ਏਅਰਬੇਸ ਤੋਂ ਦੁਬਈ ਜਾਵੇਗਾ ਤੇ ਜਨਰਲ ਮੁਸ਼ੱਰਫ਼ ਦੀ ਦੇਹ ਨੂੰ ਪਾਕਿਸਤਾਨ ਲਿਆਏਗਾ। ਕਾਰਗਿਲ ਜੰਗ ਦਾ ਖ਼ਾਕਾ ਤਿਆਰ ਕਰਨ ਵਿਚ ਜਨਰਲ ਮੁਸ਼ੱਰਫ਼ ਮੋਹਰੀ ਸਨ। ਇਹ 1999 ਵਿਚ ਉਸ ਵੇਲੇ ਲੜੀ ਗਈ ਸੀ ਜਦ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਇਤਿਹਾਸਕ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ। ਦਸੰਬਰ 2007 ਵਿਚ ਵਿਰੋਧੀ ਧਿਰ ਦੀ ਆਗੂ ਬੇਨਜ਼ੀਰ ਭੁੱਟੋ ਦੀ ਹੱਤਿਆ ਤੋਂ ਬਾਅਦ ਮੁਸ਼ੱਰਫ਼ ਦੇ ਭਾਈਵਾਲਾਂ ਨੂੰ 2008 ਦੀਆਂ ਚੋਣਾਂ ਵਿਚ ਜ਼ਬਰਦਸਤ ਹਾਰ ਮਿਲੀ। ਇਸ ਤੋਂ ਬਾਅਦ ਉਹ ਇਕੱਲੇ ਰਹਿ ਗਏ। ਸੱਤ ਸਾਲ ਦੇ ਕਾਰਜਕਾਲ ਦੌਰਾਨ ਮੁਸ਼ੱਰਫ਼ ਨੂੰ ਕਰੀਬ ਤਿੰਨ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਸੰਨ 2002 ਦੀ ਰਾਇਸ਼ੁਮਾਰੀ ਵਿਚ ਮੁਸ਼ੱਰਫ਼ ਨੂੰ ਪੰਜ ਸਾਲ ਦਾ ਕਾਰਜਕਾਲ ਮਿਲਿਆ। ਮੁਸ਼ੱਰਫ਼ 2013 ਵਿਚ ਸੱਤਾ ’ਚ ਪਰਤਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਗਿਆ ਤੇ ਇਹ ਚੋਣ ਨਵਾਜ਼ ਸ਼ਰੀਫ਼ ਨੇ ਜਿੱਤ ਲਈ, ਜਿਨ੍ਹਾਂ ਨੂੰ ਜਨਰਲ ਨੇ 1999 ਵਿਚ ਗੱਦੀ ਤੋਂ ਲਾਹਿਆ ਸੀ। ਮਾਰਚ 2014 ਵਿਚ ਮੁਸ਼ੱਰਫ਼ ’ਤੇ ਸੰਵਿਧਾਨ ਭੰਗ ਕਰਨ ਦੇ ਦੋਸ਼ ਲਾਏ ਗਏ ਤੇ 2019 ਵਿਚ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਹਾਲਾਂਕਿ ਮਗਰੋਂ ਇਕ ਅਦਾਲਤ ਨੇ ਇਸ ਨੂੰ ਖਾਰਜ ਕਰ ਦਿੱਤਾ। ਸਾਬਕਾ ਫ਼ੌਜੀ ਸ਼ਾਸਕ ਇਲਾਜ ਲਈ ਮਾਰਚ 2016 ਵਿਚ ਦੁਬਈ ਚਲਾ ਗਿਆ ਸੀ।