ਬੇਅਦਬੀ ਮਾਮਲਾ: ਇਨਸਾਫ਼ ਨਾ ਮਿਲਣ ’ਤੇ ਆਵਾਜਾਈ ਰੋਕੀ

ਬੇਅਦਬੀ ਮਾਮਲਾ: ਇਨਸਾਫ਼ ਨਾ ਮਿਲਣ ’ਤੇ ਆਵਾਜਾਈ ਰੋਕੀ
ਜੈਤੋ/ਕੋਟਕਪੁਰਾ-ਬਹਿਬਲ ਕਲਾਂ ਬੇਅਦਬੀ ਇਨਸਾਫ਼ ਮੋਰਚਾ ਦੇ ਕਾਰਕੁਨਾਂ ਨੇ ਅੱਜ ਦੁਪਹਿਰ ਵੇਲੇ ਪਿੰਡ ਬਹਿਬਲ ਕਲਾਂ ਨੇੜਿਉਂ ਗੁਜ਼ਰਦੇ ਬਠਿੰਡਾ-ਅੰਮ੍ਰਿਤਸਰ ਸ਼ਾਹਰਾਹ ’ਤੇ ਦੋਵੇਂ ਪਾਸੇ ਧਰਨਾ ਲਾ ਕੇ ਮੁਕੰਮਲ ਤੌਰ ’ਤੇ ਆਵਾਜਾਈ ਬੰਦ ਕਰ ਦਿੱਤੀ। ਧਰਨਾਕਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਮਾਮਲੇ ’ਚ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਖ਼ਬਰ ਲਿਖ਼ੇ ਜਾਣ ਤੱਕ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨਾਲ ਵਿਖਾਵਾਕਾਰੀਆਂ ਦੀ ਕੋਈ ਗੱਲਬਾਤ ਨਹੀਂ ਸੀ ਹੋਈ ਅਤੇ ਧਰਨਾ ਜਾਰੀ ਰਿਹਾ।
ਪੁਲੀਸ ਵੱਲੋਂ ਹਾਈਵੇਅ ਜਾਮ ਹੋਣ ਕਰ ਕੇ ਇਸ ਹਾਈਵੇਅ ਰਾਹੀਂ ਅੰਮ੍ਰਿਤਸਰ ਤੋਂ ਬਠਿੰਡਾ ਜਾਣ ਵਾਲੇ ਵਾਹਨਾਂ ਨੂੰ ਢਿੱਲਵਾਂ ਕਲਾਂ ਤੋਂ ਵਾਇਆ ਜੈਤੋ ਰਾਹੀਂ ਭੇਜਿਆ ਗਿਆ। ਸਿੱਖ ਸੰਗਤ ਨੇ ਅੱਜ ਹਾਈਵੇਅ ਦੇ ਦੋਵੇਂ ਪਾਸੇ ਬੰਦ ਕਰ ਦਿੱਤੇ। ਹਾਈਵੇਅ ਦੇ ਇੱਕ ਪਾਸੇ ਸੰਗਤ ਵੱਲੋਂ ਸਟੇਜ ਲਾਈ ਗਈ ਜਦੋਂਕਿ ਦੂਜਾ ਪਾਸਾ ਵਾਹਨਾਂ ਦੀਆਂ ਰੋਕਾਂ ਲਾ ਕੇ ਬੰਦ ਕਰ ਦਿੱਤਾ ਗਿਆ। ਸੰਗਤ ਵੱਲੋਂ ਇਸ ਮੋਰਚੇ ਨੂੰ ਲਗਾਤਾਰ ਜਾਰੀ ਰੱਖਣ ਦੀ ਗੱਲ ਆਖੀ ਜਾ ਰਹੀ ਹੈ। ਮੋਰਚੇ ’ਚ ਸਿੱਖ ਸੰਗਤ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਫਤਿਹ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਾਰਕੁਨ ਵੀ ਸ਼ਾਮਲ ਹੋਏ।
ਧਰਨਾਕਾਰੀਆਂ ਨੇ ਜ਼ੋਰ ਦਿੱਤਾ ਕਿ ਮਸਲਿਆਂ ਦੇ ਠੋਸ ਹੱਲ ਦੇ ਸਰਕਾਰੀ ਐਲਾਨ ਤੋਂ ਬਿਨਾਂ ਕਿਸੇ ਵੀ ਸਰਕਾਰੀ ਪ੍ਰਤੀਨਿਧ ਨਾਲ ਗੱਲ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਇਨ੍ਹਾਂ ਮਸਲਿਆਂ ਦੇ ਹੱਲ ਵਾਲੇ ਮੁੱਦੇ ’ਤੇ ਹੀ ਹੋਂਦ ਵਿੱਚ ਆਈ ਸੀ ਹੁਣ ਸਾਲ ਬੀਤਣ ’ਤੇ ਆਇਆ ਹੈ ਪਰ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਸੜਕ ਜਾਮ ਹੋਣ ਕਾਰਨ ਇੱਥੋਂ ਲੰਘਣ ਵਾਲੇ ਵਾਹਨਾਂ ਨੂੰ ਬਦਲਵੇਂ ਰਸਤੇ ਤੋਂ ਆਪਣੀਆਂ ਮੰਜ਼ਿਲਾਂ ਵੱਲ ਜਾਣਾ ਪਿਆ। ਧਰਨੇ ਵਿੱਚ ਸੁਖਰਾਜ ਸਿੰਘ ਨਿਆਮੀਵਾਲਾ, ਰਾਮ ਸਿੰਘ ਢਪਾਲੀ, ਸੁਖਜੀਤ ਸਿੰਘ ਖੋਸਾ, ਬਾਬਾ ਬਖ਼ਸ਼ੀਸ਼ ਸਿੰਘ, ਐਡਵੋਕੇਟ ਹਰਪਾਲ ਸਿੰਘ ਖਾਰਾ, ਬਾਬਾ ਹਰਦੀਪ ਸਿੰਘ ਮਹਿਰਾਜ, ਗੁਰਮੀਤ ਸਿੰਘ ਬੁੱਕਣਵਾਲਾ ਆਦਿ ਆਗੂ ਸ਼ਾਮਲ ਹਨ।
ਕੋਟਕਪੂਰਾ ਗੋਲੀ ਕਾਂਡ: ਸਿਟ ਮੁਖੀ ਵੱਲੋਂ 14 ਤੱਕ ਘਟਨਾ ਸਬੰਧੀ ਜਾਣਕਾਰੀ ਸਾਂਝੀ ਕਰਨ ਦਾ ਸੱਦਾ
ਚੰਡੀਗੜ੍ਹ:ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਤਿਆਰ ਕੀਤੀ ਗਈ ਵਿਸ਼ੇਸ਼ ਟੀਮ (ਸਿਟ) ਦੇ ਮੁਖੀ ਏਡੀਜੀਪੀ ਐੱਲਕੇ ਯਾਦਵ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਕਿਸੇ ਵਿਅਕਤੀ ਕੋਲ ਇਸ ਮਾਮਲੇ ਸਬੰਧੀ ਕੋਈ ਹੋਰ ਜਾਣਕਾਰੀ ਹੋਵੇ, ਜਿਸ ਨਾਲ ਇਸ ਮਾਮਲੇ ਦੇ ਨਤੀਜੇ ’ਤੇ ਪ੍ਰਭਾਵ ਪੈ ਸਕਦਾ ਹੋਵੇ ਤਾਂ ਉਹ ਨਿੱਜੀ ਤੌਰ ’ਤੇ 10 ਫਰਵਰੀ ਜਾਂ 14 ਫਰਵਰੀ 2023 ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ, ਪੰਜਾਬ ਪੁਲੀਸ ਹੈੱਡਕੁਆਰਟਰ, ਸੈਕਟਰ 9-ਸੀ ਸਥਿਤ ਉਨ੍ਹਾਂ ਦੇ ਦਫ਼ਤਰ ਪਹੁੰਚ ਕੇ ਦੱਸ ਸਕਦਾ ਹੈ। ਸਿਟ ਮੁਖੀ ਦੇ ਇਸ ਬਿਆਨ ਨੇ ਸੰਕੇਤ ਦਿੱਤੇ ਹਨ ਕਿ ਮਾਮਲੇ ਦੀ ਜਾਂਚ ਹੁਣ ਆਪਣੇ ਆਖਰੀ ਪੜਾਅ ’ਤੇ ਪਹੁੰਚ ਗਈ ਹੈ। ਸ੍ਰੀ ਯਾਦਵ ਨੇ ਕਿਹਾ ਕਿ ਵਟਸਐਪ ਨੰਬਰ 98759-83237 ’ਤੇ ਮੈਸੇਜ ਭੇਜ ਕੇ ਜਾਂ ਈਮੇਲ ਆਈਡੀ newsit2021kotkapuracase@gmail.com ਰਾਹੀਂ ਸੰਪਰਕ ਕਰ ਕੇ ਵੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਇਸ ਪੜਾਅ ’ਤੇ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਵੱਲੋਂ ਦਿੱਤੀ ਕੋਈ ਵੀ ਜਾਣਕਾਰੀ ਸਿਟ ਦੀ ਕਾਨੂੰਨੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਵਿੱਚ ਲਾਹੇਵੰਦ ਸਾਬਤ ਹੋ ਸਕਦੀ ਹੈ।