ਬੀਬੀਸੀ ਖਿ਼ਲਾਫ਼ ਦੂਜੇ ਦਿਨ ਵੀ ਆਮਦਨ ਕਰ ਵਿਭਾਗ ਵੱਲੋਂ ਕਾਰਵਾਈ ਜਾਰੀ

ਬੀਬੀਸੀ ਖਿ਼ਲਾਫ਼ ਦੂਜੇ ਦਿਨ ਵੀ ਆਮਦਨ ਕਰ ਵਿਭਾਗ ਵੱਲੋਂ ਕਾਰਵਾਈ ਜਾਰੀ
ਨਵੀਂ ਦਿੱਲੀ-ਆਮਦਨ ਕਰ ਵਿਭਾਗ ਨੇ ਬੀਬੀਸੀ ਇੰਡੀਆ ਦੇ ਦਫ਼ਤਰਾਂ ’ਤੇ ਅੱਜ ਦੂਜੇ ਦਿਨ ਵੀ ਛਾਪੇ ਜਾਰੀ ਰੱਖੇ। ਵਿਭਾਗੀ ਟੀਮਾਂ ਨੇ ਸੰਸਥਾ ਦੇ ਇਲੈਕਟ੍ਰਾਨਿਕ ਤੇ ਦਸਤਾਵੇਜ਼ ਅਧਾਰਿਤ ਵਿੱਤੀ ਡੇਟਾ ਦੀਆਂ ਕਾਪੀਆਂ ਬਣਾ ਕੇ ਰੱਖ ਲਈਆਂ। ਉਧਰ ਬੀਬੀਸੀ ਨੇ ਆਪਣੇ ਮੁਲਾਜ਼ਮਾਂ ਨੂੰ ਅੱਜ ਭੇਜੀ ਈਮੇਲ ਵਿੱਚ ਬਰਾਡਕਾਸਟਿੰਗ ਵਿਭਾਗ ਨੂੰ ਛੱਡ ਕੇ ਬਾਰੀ ਸਾਰੇ ਸਟਾਫ਼ ਨੂੰ ਘਰੋਂ ਕੰਮ ਕਰਨ ਦੀ ਅਪੀਲ ਕੀਤੀ ਹੈ। ਭਾਰਤ ਵਿੱਚ ਬ੍ਰਿਟਿਸ਼ ਬਰਾਡਕਾਸਟਰ ਖਿਲਾਫ਼ ਕਥਿਤ ਟੈਕਸ ਧੋਖਾਧੜੀ ਦੀ ਜਾਂਚ ਵਜੋਂ ਟੈਕਸ ਵਿਭਾਗ ਨੇ ਬੀਬੀਸੀ ਦੇ ਦਿੱਲੀ ਤੇ ਮੁੰਬਈ ਵਿਚਲੇ ਦਫ਼ਤਰਾਂ ਖਿਲਾਫ਼ ਮੰਗਲਵਾਰ ਤੋਂ ਕਾਰਵਾਈ ਵਿੱਢੀ ਸੀ। ਸੂਤਰਾਂ ਨੇ ਕਿਹਾ ਕਿ ਆਮਦਨ ਕਰ ਟੀਮਾਂ ਅੱਜ ਵੀ ਉਥੇ ਮੌਜੂਦ ਰਹੀਆਂ। ਟੈਕਸ ਅਧਿਕਾਰੀਆਂ ਨੇ ਵਿੱਤ ਤੇ ਕੁਝ ਹੋਰਨਾਂ ਵਿਭਾਗਾਂ ਵਿੱਚ ਕੰਮ ਕਰਦੇ ਬੀਬੀਸੀ ਦੇ ਸਟਾਫ਼ਰਾਂ ਨੂੰ ਸਵਾਲ ਜਵਾਬ ਕੀਤੇ। ਕੁਝ ਸਟਾਫ਼ ਮੈਂਬਰਾਂ ਤੇ ਪੱਤਰਕਾਰਾਂ ਨੂੰ ਮੰਗਲਵਾਰ ਰਾਤ ਨੂੰ ਦਫ਼ਤਰਾਂ ’ਚੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਟੈਕਸ ਸਰਵੇ ਵਜੋਂ ਕੁਝ ਕੰਪਿਊਟਰਾਂ ਤੇ ਮੋਬਾਈਲ ਫੋਨਾਂ ਦੀ ਕਲੋਨਿੰਗ (ਕਾਪੀ) ਕੀਤੀ ਗਈ ਹੈ। ਬੀਬੀਸੀ ਨਿਊਜ਼ ਪ੍ਰੈੱਸ ਟੀਮ ਨੇ ਮੰਗਲਵਾਰ ਰਾਤ ਨੂੰ ਸਾਢੇ ਦਸ ਵਜੇ ਦੇ ਕਰੀਬ ਅਧਿਕਾਰਤ ਟਵਿੱਟਰ ਪੋਸਟ ’ਤੇ ਕਿਹਾ ਸੀ, ‘‘ਆਮਦਨ ਕਰ ਅਥਾਰਿਟੀਜ਼ ਬੀਬੀਸੀ ਦੇ ਨਵੀਂ ਦਿੱਲੀ ਤੇ ਮੁੰਬਈ ਵਿਚਲੇ ਦਫ਼ਤਰਾਂ ਵਿੱਚ ਅਜੇ ਵੀ ਮੌਜੂਦ ਹਨ। ਕਈ ਸਟਾਫ਼ ਮੈਂਬਰ ਹੁਣ ਦਫ਼ਤਰ ਵਿੱਚੋਂ ਜਾ ਚੁੱਕੇ ਹਨ, ਪਰ ਕੁਝ ਨੂੰ ਅਜੇ ਵੀ ਇਥੇ ਰੁਕਣ ਤੇ ਚੱਲ ਰਹੀ ਜਾਂਚ ਵਿੱਚ ਸਹਿਯੋਗ ਦੇਣ ਲਈ ਕਿਹਾ ਗਿਆ ਹੈ।’’ ਪੋਸਟ ਵਿੱਚ ਅੱਗੇ ਕਿਹਾ ਗਿਆ ਕਿ ‘‘ਇਸ ਮੁਸ਼ਕਲ ਸਮੇਂ ਵਿੱਚ ਅਸੀਂ ਆਪਣੇ ਸਟਾਫ਼ ਦੀ ਹਰ ਸੰਭਵ ਹਮਾਇਤ ਕਰ ਰਹੇ ਹਾਂ ਤੇ ਆਸ ਕਰਦੇ ਹਾਂ ਜਲਦੀ ਹੀ ਹਾਲਾਤ ਠੀਕ ਹੋ ਜਾਣਗੇ। ਸਾਡਾ ਕੰਮ ਤੇ ਪੱਤਰਕਾਰੀ ਆਮ ਵਾਂਗ ਜਾਰੀ ਹੈ ਤੇ ਅਸੀਂ ਭਾਰਤ ਵਿਚਲੇ ਆਪਣੇ ਦਰਸ਼ਕਾਂ ਦੀ ਸੇਵਾ ਲਈ ਵਚਨਬੱਧ ਹਾਂ।’’ ਦੱਸ ਦੇਈੲੇ ਕਿ ਆਮਦਨ ਕਰ ਵਿਭਾਗ ਨੇ ਕਥਿਤ ਟੈਕਸ ਚੋਰੀ ਦੀ ਜਾਂਚ ਵਜੋਂ ਮੰਗਲਵਾਰ ਨੂੰ ਦਿੱਲੀ ਅਤੇ ਮੁੰਬਈ ਸਥਿਤ ਬੀਬੀਸੀ ਦਫ਼ਤਰਾਂ ’ਤੇ ਛਾਪੇ ਮਾਰੇ ਸਨ। ਇਨ੍ਹਾਂ ਛਾਪਿਆਂ ਦੀ ਦੇਸ਼ ਭਰ ਵਿੱਚ ਵੱਖ ਵੱਖ ਸੰਗਠਨਾਂ ਤੇ ਸਿਆਸੀ ਪਾਰਟੀਆਂ ਨੇ ਨਿੰਦਾ ਕੀਤੀ ਹੈ।