ਡੇਰਾ ਬਾਬਾ ਨਾਨਕ ਨੇੜੇ 100 ਕਰੋੜ ਦੀ ਹੈਰੋਇਨ ਤੇ ਭਾਰੀ ਮਾਤਰਾ 'ਚ ਅਸਲ੍ਹਾ ਬਰਾਮਦ

ਡੇਰਾ ਬਾਬਾ ਨਾਨਕ ਨੇੜੇ 100 ਕਰੋੜ ਦੀ ਹੈਰੋਇਨ ਤੇ ਭਾਰੀ ਮਾਤਰਾ 'ਚ ਅਸਲ੍ਹਾ ਬਰਾਮਦ
ਡੇਰਾ ਬਾਬਾ ਨਾਨਕ-ਬੀ.ਐਸ.ਐਫ. ਨੇ ਭਾਰਤ-ਪਾਕਿ ਸਰਹੱਦ 'ਤੇ ਡੇਰਾ ਬਾਬਾ ਨਾਨਕ ਨਜ਼ਦੀਕ ਇਲਾਕੇ 'ਚੋਂ 20 ਪੈਕੇਟ ਹੈਰੋਇਨ (ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 100 ਕਰੋੜ ਰੁਪਏ ਬਣਦੀ ਹੈ |) ਤੇ ਭਾਰੀ ਮਾਤਰਾ 'ਚ ਅਸਲ੍ਹਾ ਬਰਾਮਦ ਕੀਤਾ ਹੈ | ਇਸ ਸੰਬੰਧੀ ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਭਾਰਤੀ ਸਰਹੱਦ ਦੇ ਘੇਰੇ 'ਚ ਪਾਕਿ ਤਸਕਰਾਂ ਵਲੋਂ ਸੁੱਟੀ ਗਈ 20 ਪੈਕੇਟ ਹੈਰੋਇਨ, ਚੀਨ ਤੇ ਤੁਰਕੀ ਦਾ ਬਣਿਆ 1-1 ਪਿਸਤੌਲ, 242 ਜ਼ਿੰਦਾ ਕਾਰਤੂਸ ਤੇ 4 ਮੈਗਜ਼ੀਨ ਬਰਾਮਦ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸਵੇਰੇ ਕਰੀਬ 5:30 ਵਜੇ ਤਸਕਰਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਨਸ਼ਾ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਸਰਹੱਦ 'ਤੇ ਤਾਇਨਾਤ ਚੌਕਸ ਜਵਾਨਾਂ ਨੇ ਤਸਕਰਾਂ ਦੀ ਹਲਚਲ ਦੇਖ ਕੇ ਤੁਰੰਤ ਗੋਲੀਬਾਰੀ ਸ਼ੁਰੂ ਕਰ ਦਿੱਤੀ | ਉਨ੍ਹਾਂ ਦੱਸਿਆ ਕਿ ਇਸ ਦੇ ਜਵਾਬ 'ਚ ਪਾਕਿਸਤਾਨ ਵਾਲੇ ਪਾਸੇ ਤੋਂ ਵੀ ਗੋਲੀਬਾਰੀ ਹੋਈ, ਜੋ ਕਿ ਕੁਝ ਸਮਾਂ ਲਗਾਤਾਰ ਜਾਰੀ ਰਹੀ | ਇਸ ਖੇਤਰ 'ਚ ਕਾਫੀ ਧੁੰਦ ਪਈ ਹੋਈ ਸੀ ਤੇ ਗੋਲੀਬਾਰੀ ਦੂਜੇ ਪਾਸਿਓਾ ਥੋੜ੍ਹੀ ਹਲਕੀ ਹੋਣ 'ਤੇ ਬੀ.ਐਸ.ਐਫ. ਜਵਾਨਾਂ ਵਲੋਂ ਭਾਰਤੀ ਸੀਮਾ ਖੇਤਰ ਦੇ ਅੰਦਰ ਤਲਾਸ਼ੀ ਅਭਿਆਨ ਤਹਿਤ ਕੁਝ ਸਾਮਾਨ ਤੇ ਇਕ ਵੱਡਾ ਪਾਈਪ ਪਿਆ ਵੇਖਿਆ | ਉਨ੍ਹਾਂ ਦੱਸਿਆ ਕਿ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਤਸਕਰ ਵਾਪਸ ਪਾਕਿਸਤਾਨ ਭੱਜਣ 'ਚ ਕਾਮਯਾਬ ਹੋ ਗਏ ਜਦਕਿ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ | ਉਨ੍ਹਾਂ ਕਿਹਾ ਕਿ ਹੁਣ ਦਿਨ ਵੇਲੇ ਪੂਰੀ ਤਰ੍ਹਾਂ ਇਸ ਖੇਤਰ ਦੀ ਤਲਾਸ਼ੀ ਲੈਣ ਉਪਰੰਤ ਪਤਾ ਲੱਗੇਗਾ ਕੀ ਕੋਈ ਹੋਰ ਸਾਮਾਨ ਮਿਲਦਾ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ, ਜਿਸ ਲਈ ਪੂਰੇ ਸਰਹੱਦੀ ਖੇਤਰ 'ਚ ਬੀ.ਐਸ.ਐਫ. ਜਵਾਨ ਪੂਰੀ ਤਰ੍ਹਾਂ ਚੌਕਸ ਹਨ | ਇਸ ਮੌਕੇ ਐਸ.ਐਸ.ਪੀ. ਬਟਾਲਾ, ਡੀ.ਐਸ.ਪੀ. ਡੇਰਾ ਬਾਬਾ ਨਾਨਕ ਪੁਲਿਸ ਪਾਰਟੀ ਸਮੇਤ ਹਾਜ਼ਰ ਸਨ |