ਬਜਟ ਇਜਲਾਸ: ਰਾਜਪਾਲ ਦੇ ਭਾਸ਼ਣ ਵਿੱਚ ‘ਮੇਰੀ ਸਰਕਾਰ’ ਦੇ ਹਵਾਲੇ ਨੂੰ ਲੈ ਕੇ ਪਿਆ ਰੌਲਾ

ਬਜਟ ਇਜਲਾਸ: ਰਾਜਪਾਲ ਦੇ ਭਾਸ਼ਣ ਵਿੱਚ ‘ਮੇਰੀ ਸਰਕਾਰ’ ਦੇ ਹਵਾਲੇ ਨੂੰ ਲੈ ਕੇ ਪਿਆ ਰੌਲਾ

ਬਜਟ ਇਜਲਾਸ: ਰਾਜਪਾਲ ਦੇ ਭਾਸ਼ਣ ਵਿੱਚ ‘ਮੇਰੀ ਸਰਕਾਰ’ ਦੇ ਹਵਾਲੇ ਨੂੰ ਲੈ ਕੇ ਪਿਆ ਰੌਲਾ
ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਸ਼ੁਰੂਆਤ ਦੌਰਾਨ ਹੀ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਮੌਕੇ ਹੰਗਾਮਾ ਖੜ੍ਹਾ ਹੋ ਗਿਆ। ਜਿਉਂ ਹੀ ਰਾਜਪਾਲ ‘ਮੇਰੀ ਸਰਕਾਰ’ ਆਖ ਕੇ ਸਦਨ ਦੇ ਮੁਖ਼ਾਤਬ ਹੋਏ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਸਰਕਾਰ ਨੂੰ ‘ਮੇਰੀ ਸਰਕਾਰ’ ਕਹਿਣ ’ਤੇ ਇਤਰਾਜ਼ ਕਰ ਦਿੱਤਾ। ਹੰਗਾਮੇ ਭਰੇ ਮਾਹੌਲ ’ਚ ਰਾਜਪਾਲ ਨੂੰ ਭਾਸ਼ਣ ਰੋਕਣਾ ਪਿਆ। ਬਾਜਵਾ ਨੇ ਇਸ਼ਾਰਾ ਕਰਕੇ ਕਿਹਾ ਕਿ ‘ਆਪ’ ਸਰਕਾਰ ‘ਤੁਹਾਨੂੰ ‘ਸਿਲੈੱਕਟਿਡ’ ਆਖਦੀ ਹੈ ਤੇ ਤੁਹਾਡਾ ਸਤਿਕਾਰ ਨਹੀਂ ਕਰਦੀ ਤਾਂ ਤੁਸੀਂ ਵੀ ‘ਮੇਰੀ ਸਰਕਾਰ’ ਸ਼ਬਦ ਨਾ ਵਰਤੋ। ਸਦਨ ’ਚ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਬੈਂਚਾਂ ਨੇ ਇੱਕ ਦੂਸਰੇ ਖ਼ਿਲਾਫ਼ ਤਿੱਖੀ ਸ਼ਬਦਾਵਲੀ ਦੀ ਵਰਤੋਂ ਕੀਤੀ। ਬਾਜਵਾ ਨੇ ਇੱਥੋਂ ਤੱਕ ਆਖ ਦਿੱਤਾ ਕਿ ‘ਜਿਹੜਾ ਪੁੱਤਰ ਆਪਣੇ ਬਾਪ ਨੂੰ ਕਬੂਲਣ ਲਈ ਤਿਆਰ ਨਹੀਂ, ਉਸ ਪੁੱਤਰ ਨੂੰ ਬੇਦਖ਼ਲ ਹੀ ਕਰ ਦੇਣਾ ਚਾਹੀਦਾ ਹੈ।’ ਰਾਜਪਾਲ ਪੁਰੋਹਿਤ ਨੇ ਬਾਜਵਾ ਦੀ ਗੱਲ ਸਵੀਕਾਰੀ ਅਤੇ ਕਿਹਾ ਕਿ ‘ਠੀਕ ਹੈ, ਮੈਂ ਸਰਕਾਰ ਕਹਾਂਗਾ, ਮੇਰੀ ਸਰਕਾਰ ਨਹੀਂ’। ਉਧਰ ਰਾਜਪਾਲ ਨੇ ਵਿਰੋਧੀ ਧਿਰ ਦੇ ਨੇਤਾ ਦੀ ਸਲਾਹ ’ਤੇ ‘ਮੇਰੀ ਸਰਕਾਰ’ ਨਾ ਕਹੇ ਜਾਣ ਦੀ ਹਾਮੀ ਭਰੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਤੈਸ਼ ਵਿਚ ਆ ਗਏ ਅਤੇ ਸੱਤਾਧਾਰੀ ਧਿਰ ਨੇ ਰਾਜਪਾਲ ਨੂੰ ਨਿਸ਼ਾਨੇ ’ਤੇ ਲੈ ਲਿਆ। ਹਾਕਮ ਧਿਰ ਨੇ ਉਦੋਂ ਤੱਕ ਦਬਾਓ ਬਣਾਇਆ ਜਦੋਂ ਤੱਕ ਰਾਜਪਾਲ ਨੇ ਮੋੜਾ ਨਾ ਕੱਟਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਸੰਸਦੀ ਪ੍ਰਣਾਲੀ ਦੇ ਹਵਾਲਿਆਂ ਨਾਲ ਰਾਜਪਾਲ ਨੂੰ ਸੰਬੋਧਿਤ ਹੋ ਕੇ ਕਿਹਾ ਕਿ ‘ਭਾਸ਼ਣ’ ਕੈਬਨਿਟ ਨੇ ਪ੍ਰਵਾਨ ਕੀਤਾ ਹੈ ਅਤੇ ਉਹ (ਰਾਜਪਾਲ) ‘ਮੇਰੀ ਸਰਕਾਰ’ ਕਹਿਣ ਲਈ ਪਾਬੰਦ ਹਨ। ਇਸ ਦੌਰਾਨ ਰਾਜਪਾਲ ਨੇ ਥੋੜ੍ਹੀ ਤਲਖ਼ੀ ਦਿਖਾਈ ਕਿ ਉਹ ਪਹਿਲੀ ਵਾਰ ਗਵਰਨਰ ਨਹੀਂ ਬਣੇ ਬਲਕਿ ਪਹਿਲਾਂ ਅਸਾਮ, ਮੇਘਾਲਿਆ ਤੇ ਤਾਮਿਲਨਾਡੂ ਵਿਚ ਰਾਜਪਾਲ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਸ਼ਣ ਵਿੱਚ ‘ਮੇਰੀ ਸਰਕਾਰ’ ਅਤੇ ਕਿਤੇ ‘ਸਰਕਾਰ’ ਦਾ ਵੀ ਜ਼ਿਕਰ ਹੈ। ਭਗਵੰਤ ਮਾਨ ਨੇ ਰਾਜਪਾਲ ਨੂੰ ਕਿਹਾ ਕਿ ਉਹ ਵਿਰੋਧੀਆਂ ਦੀਆਂ ਗੱਲਾਂ ਵਿਚ ਨਾ ਆਉਣ। ਰਾਜਪਾਲ ਨੇ ਸੰਵਿਧਾਨਕ ਰਵਾਇਤਾਂ ਨੂੰ ਚੇਤੇ ਕਰਦਿਆਂ ਮੌਕਾ ਸੰਭਾਲਦਿਆਂ ਕਿਹਾ ਕਿ ਜੋ ਕੈਬਨਿਟ ਨੇ ਪਾਸ ਕੀਤਾ ਹੈ, ਉਹ ਠੀਕ ਹੈ। ਰਾਜਪਾਲ ਨੂੰ ਫ਼ੌਰੀ ਹਾਕਮ ਧਿਰ ਅੱਗੇ ਝੁਕਣਾ ਪਿਆ ਅਤੇ ਰਾਜਪਾਲ ਨੇ ਮੁੜ ਭਾਸ਼ਣ ’ਚ ‘ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਸੱਤਾਧਾਰੀ ਧਿਰ ਇਸ ਮੌਕੇ ਜੇਤੂ ਅੰਦਾਜ਼ ’ਚ ਨਜ਼ਰ ਆਈ। ਜਦੋਂ ਰਾਜਪਾਲ ‘ਮੇਰੀ ਸਰਕਾਰ’ ਆਖ ਕੇ ‘ਆਪ’ ਸਰਕਾਰ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਗਿਣਾ ਰਹੇ ਸਨ ਤਾਂ ਸੱਤਾਧਾਰੀ ਧਿਰ ਵਾਰ ਵਾਰ ਮੇਜ਼ ਥਾਪੜਦੀ ਰਹੀ। ਉਂਜ, ਅੱਜ ਇਸ ਮੌਕੇ ਪੰਜਾਬ ਵਿਧਾਨ ਸਭਾ ਵਿੱਚ ਤਾਮਿਲਨਾਡੂ ਵਿਧਾਨ ਸਭਾ ਵਾਲਾ ਇਤਿਹਾਸ ਦੁਹਰਾਏ ਜਾਣ ਤੋਂ ਬਚਾਓ ਹੋ ਗਿਆ ਜਿੱਥੋਂ ਦੇ ਰਾਜਪਾਲ ਨੇ ਪ੍ਰਵਾਨਿਤ ਭਾਸ਼ਣ ’ਚੋਂ ਕੁਝ ਹਿੱਸੇ ਨੂੰ ਹੀ ਛੱਡ ਦਿੱਤਾ ਸੀ। ਅੱਜ ਵਿਧਾਨ ਸਭਾ ’ਚ ਰਾਜਪਾਲ ਦੇ ਭਾਸ਼ਣ ’ਚ ਮੁੜ ਉਦੋਂ ਅੜਿੱਕਾ ਖੜ੍ਹਾ ਹੋ ਗਿਆ ਜਦੋਂ ਰਾਜਪਾਲ ਨੇ ‘ਮੇਰੀ ਸਰਕਾਰ’ ਆਖ ਕੇ ਸਿੰਗਾਪੁਰ ਸਿਖਲਾਈ ਲਈ ਭੇਜੇ ਪ੍ਰਿੰਸੀਪਲਾਂ ਨੂੰ ਇੱਕ ਪ੍ਰਾਪਤੀ ਵਜੋਂ ਚਿਤਵਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੁੜ ਉੱਠ ਖੜ੍ਹੇ ਹੋਏ ਤੇ ਇਸ ’ਤੇ ਇਤਰਾਜ਼ ਕਰਦਿਆਂ ਸੁਆਲ ਕੀਤਾ ਕਿ ਕੀ ਉਨ੍ਹਾਂ (ਰਾਜਪਾਲ) ਨੂੰ ਸੂਬਾ ਸਰਕਾਰ ਨੇ ਸਿੰਗਾਪੁਰ ਸਿਖਲਾਈ ਲਈ ਭੇਜੇ ਪ੍ਰਿੰਸੀਪਲਾਂ ਦੀ ਚੋਣ ਤੇ ਖ਼ਰਚੇ ਬਾਰੇ ਜਵਾਬ ਦੇ ਦਿੱਤੇ ਹਨ? ਇਸ ’ਤੇ ਰਾਜਪਾਲ ਨੇ ਕਿਹਾ ਕਿ ‘ਜਦੋਂ ਮੈਂ ਹੁਣ ‘ਮੇਰੀ ਸਰਕਾਰ’ ਆਖ ਰਿਹਾ ਹਾਂ ਤਾਂ ਮੈਨੂੰ ਵਿਸ਼ਵਾਸ ਹੈ ਕਿ ਜੋ ਵੀ ਜਾਣਕਾਰੀ ਮੰਗਾਂਗਾ, ਉਹ ਮੈਨੂੰ ਦੇਣਗੇ।’ ਇਹ ਵੀ ਕਿਹਾ ਕਿ ‘ਮੈਨੂੰ ਭਾਸ਼ਣ ਪੜ੍ਹਨ ਦਿਓ, ਇਹ ਸਦਨ ਤੋਂ ਬਾਹਰ ਦਾ ਮਾਮਲਾ ਹੈ।’
ਵਿਰੋਧੀ ਧਿਰ ਇਸ ਮੌਕੇ ਉੱਠ ਖੜ੍ਹੀ ਤੇ ਸਦਨ ’ਚੋਂ ਵਾਕ ਆਊਟ ਕਰ ਗਈ। ਹਾਲਾਂਕਿ ਰਾਜਪਾਲ ਨੇ ਉਨ੍ਹਾਂ ਨੂੰ ਰੋਕਿਆ ਵੀ ਅਤੇ ਕਿਹਾ ਵੀ ਕਿ ਇਨ੍ਹਾਂ ਗੱਲਾਂ ਬਾਰੇ ਚਰਚਾ ਕਰਨ ਲਈ ਬਾਕੀ ਦਿਨ ਪਏ ਹਨ। ਵਾਕਆਊਟ ਮਗਰੋਂ ਰਾਜਪਾਲ ਨੇ ਸਰਕਾਰੀ ਪ੍ਰਾਪਤੀਆਂ ਨੂੰ ‘ਮੇਰੀ ਸਰਕਾਰ’ ਦੇ ਸੰਬੋਧਨ ਨਾਲ ਨਿਰਵਿਘਨ ਪੜ੍ਹਿਆ। ਅੱਜ ਰਾਜਪਾਲ ਦੇ ਭਾਸ਼ਣ ’ਚ ਪਏ ਵਿਘਨ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਰਾਜਪਾਲ ਕੋਲ ਜਾ ਕੇ ਉਚੇਚੇ ਤੌਰ ’ਤੇ ਕੁਝ ਕਿਹਾ। ਇਸ ਤੋਂ ਪਹਿਲਾਂ ਬਜਟ ਇਜਲਾਸ ਦਾ ਆਗਾਜ਼ ਰਾਸ਼ਟਰੀ ਗਾਣ ਨਾਲ ਹੋਇਆ ਅਤੇ ਰਾਜਪਾਲ ਨੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਆਖ ਕੇ ਆਪਣਾ ਭਾਸ਼ਣ ਸਮਾਪਤ ਕੀਤਾ। 16ਵੀਂ ਵਿਧਾਨ ਸਭਾ ਦਾ ਇਹ ਬਜਟ ਸੈਸ਼ਨ ਉਦੋਂ ਹੋ ਰਿਹਾ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਸਬੰਧ ਸੁਖਾਵੇਂ ਨਹੀਂ ਹਨ। ਪੰਜਾਬ ਸਰਕਾਰ ਨੂੰ ਬਜਟ ਸੈਸ਼ਨ ਦੀ ਪ੍ਰਵਾਨਗੀ ਲਈ ਸੁਪਰੀਮ ਕੋਰਟ ਦਾ ਰੁਖ਼ ਕਰਨਾ ਪਿਆ ਹੈ। ਅੱਜ ਸੈਸ਼ਨ ਦੌਰਾਨ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਬਸਪਾ ਦੇ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਨੂੰ ਨੀਝ ਲਾ ਕੇ ਸੁਣਿਆ।
ਰਾਜਪਾਲ ਦੀ ਗੁੱਝੇ ਮਾਅਨੇ ਵਾਲੀ ਨਸੀਹਤ
ਰਾਜਪਾਲ ਨੇ ਆਪਣੇ ਭਾਸ਼ਣ ਦੇ ਅਖੀਰ ਵਿੱਚ ਨਸੀਹਤ ਦਿੱਤੀ ਕਿ ਸਦਨ ’ਚ ਉਸਾਰੂ ਬਹਿਸ ਕੀਤੀ ਜਾਵੇ ਅਤੇ ਗੈਰ-ਸੰਸਦੀ ਅਤੇ ਨਿੱਜੀ ਹਮਲਿਆਂ ਵਾਲੀ ਭਾਸ਼ਾ ਤੋਂ ਗੁਰੇਜ਼ ਕੀਤਾ ਜਾਵੇ। ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਥਾਂ ਇੱਕ ਦੂਸਰੇ ਦਾ ਸਤਿਕਾਰ ਕੀਤਾ ਜਾਵੇ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਦੋਵੇਂ ਧਿਰਾਂ ਉਨ੍ਹਾਂ ਦੀ ਸਲਾਹ ਦੀ ਪਾਲਣਾ ਕਰਨਗੀਆਂ। ਰਾਜਪਾਲ ਨੇ ਗੁੱਝੇ ਤਰੀਕੇ ਨਾਲ ਇੱਥੋਂ ਤੱਕ ਕਿਹਾ ਕਿ ਨਿੱਜੀ ਜ਼ਿੰਦਗੀ ’ਚ ਵੀ ਪਾਰਦਰਸ਼ਤਾ ਬਣੀ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਜੇ ਤੁਹਾਡੇ ’ਚ ਖ਼ਰਾਬ ਆਦਤਾਂ ਵੀ ਹਨ, ਉਨ੍ਹਾਂ ਨੂੰ ਵੀ ਦੋਸਤਾਂ ਨਾਲ ਸਾਂਝਾ ਕਰੋ। ਫਿਰ ਹੀ ਉਹ ਰੋਕਣਗੇ।’’

Radio Mirchi