ਸਕੂਲੀ ਲੜਕੀਆਂ ਨੂੰ ਜ਼ਹਿਰ ਦੇਣਾ ਮੁਆਫ਼ੀਯੋਗ ਅਪਰਾਧ ਨਹੀਂ: ਖਮੇਨੀ

ਸਕੂਲੀ ਲੜਕੀਆਂ ਨੂੰ ਜ਼ਹਿਰ ਦੇਣਾ ਮੁਆਫ਼ੀਯੋਗ ਅਪਰਾਧ ਨਹੀਂ: ਖਮੇਨੀ
ਦੁਬਈ-ਇਰਾਨ ਦੇ ਮੁੱਖ ਆਗੂ ਨੇ ਅੱਜ ਕਿਹਾ ਹੈ ਕਿ ਜੇਕਰ ਸਕੂਲ ਦੀਆਂ ਲੜਕੀਆਂ ਨੂੰ ਸ਼ੱਕੀ ਤੌਰ ’ਤੇ ਲੜੀਵਾਰ ਜ਼ਹਿਰ ਦੇਣ ਦੀਆਂ ਘਟਨਾਵਾਂ ਜਾਣਬੁੱਝ ਕੇ ਅੰਜਾਮ ਦਿੱਤੀਆਂ ਗਈਆਂ ਹਨ ਤਾਂ ਅਪਰਾਧੀਆਂ ਨੂੰ ਇਸ ਨਾ-ਮੁਆਫੀਯੋਗ ਅਪਰਾਧ ਲਈ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਇਹ ਪਹਿਲੀ ਵਾਰ ਹੈ ਕਿ ਸੁਪਰੀਮ ਆਗੂ ਅਯਾਤੁੱਲ੍ਹਾ ਅਲੀ ਖਮੇਨੀ ਨੇ ਜ਼ਹਿਰ ਦੇਣ ਦੇ ਸ਼ੱਕੀ ਮਾਮਲਿਆਂ ਬਾਰੇ ਜਨਤਕ ਤੌਰ ’ਤੇ ਕੁਝ ਕਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਅਖੀਰ ਵਿੱਚ ਸ਼ੁਰੂ ਹੋਏ ਇਸ ਅਮਲ ਨਾਲ ਹੁਣ ਤੱਕ ਸੈਂਕੜੇ ਬੱਚੇ ਬਿਮਾਰ ਹੋ ਚੁੱਕੇ ਹਨ। ਇਰਾਨ ਦੇ ਅਧਿਕਾਰੀਆਂ ਨੇ ਹਾਲ ਦੇ ਹਫ਼ਤਿਆਂ ਵਿੱਚ ਇਹ ਗੱਲ ਸਵੀਕਾਰ ਕੀਤੀ ਸੀ ਪਰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਸੀ ਦਿੱਤੀ ਗਈ ਕਿ ਇਨ੍ਹਾਂ ਹਮਲਿਆਂ ਦੇ ਪਿੱਛੇ ਕੌਣ ਹੋ ਸਕਦਾ ਹੈ ਜਾਂ ਜੇਕਰ ਕੋਈ ਰਸਾਇਣ ਦਿੱਤਾ ਗਿਆ ਹੈ ਤਾਂ ਉਹ ਕਿਹੜਾ ਹੈ। ਅਫ਼ਗਾਨਿਸਤਾਨ ਤੋਂ ਵੱਖ ਇਰਾਨ ਦਾ ਧਾਰਮਿਕ ਕੱਟੜਪੰਥੀਆਂ ਵੱਲੋਂ ਮਹਿਲਾਵਾਂ ਦੀ ਸਿੱਖਿਆ ’ਤੇ ਨਿਸ਼ਾਨਾ ਸੇਧੇ ਜਾਣ ਦਾ ਕੋਈ ਇਤਿਹਾਸ ਨਹੀਂ ਹੈ।
ਸਰਕਾਰੀ ਖ਼ਬਰ ਏਜੰਸੀ ਆਈਆਰਐੱਨਏ ਅਨੁਸਾਰ, ਖਮੇਨੀ ਨੇ ਕਿਹਾ, ‘‘ਜੇਕਰ ਵਿਦਿਆਰਥਣਾਂ ਨੂੰ ਜ਼ਹਿਰ ਦਿੱਤੇ ਜਾਣ ਦੀਆਂ ਘਟਨਾਵਾਂ ਸਾਬਿਤ ਹੁੰਦੀਆਂ ਹਨ ਤਾਂ ਇਸ ਅਪਰਾਧ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਲਈ ਕੋਈ ਹਮਦਰਦੀ ਨਹੀਂ ਵਰਤੀ ਜਾਵੇਗੀ।’’ ਅਧਿਕਾਰੀ ਨਵੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਇਰਾਨ ਦੇ 30 ’ਚੋਂ 21 ਸੂਬਿਆਂ ਵਿਚਲੇ 50 ਤੋਂ ਵੱਧ ਸਕੂਲਾਂ ਵਿੱਚ ਅਜਿਹੇ ਸ਼ੱਕੀ ਹਮਲਿਆਂ ਦੀ ਪੁਸ਼ਟੀ ਕਰ ਚੁੱਕੇ ਹਨ।
ਇਰਾਨ ਦੇ ਗ੍ਰਹਿ ਮੰਤਰੀ ਅਹਿਮਦ ਵਾਹਿਦੀ ਨੇ ਹਫਤੇ ਦੇ ਅਖ਼ੀਰ ’ਚ ਕਿਹਾ ਸੀ ਕਿ ਜਾਂਚਕਰਤਾਵਾਂ ਵੱਲੋਂ ਸ਼ੱਕੀ ਨਮੂਨੇ ਲਏ ਗਏ ਹਨ। ਉਨ੍ਹਾਂ ਹੋਰ ਜਾਣਕਾਰੀ ਦਿੱਤੇ ਬਿਨਾਂ ਜਨਤਾ ਨੂੰ ਸ਼ਾਂਤ ਰਹਿਣ ਲਈ ਕਿਹਾ। ਵਾਹਿਦੀ ਨੇ ਕਿਹਾ ਸੀ ਕਿ ਘੱਟੋ-ਘੱਟ 52 ਸਕੂਲਾਂ ਵਿੱਚ ਸ਼ੱਕੀ ਤੌਰ ’ਤੇ ਜ਼ਹਿਰ ਦੇਣ ਦੇ ਮਾਮਲੇ ਸਾਹਮਣੇ ਆਏ ਹਨ।