ਦਿੱਲੀ ਆਬਕਾਰੀ ਨੀਤੀ: ਬੀਆਰਐੱਸ ਆਗੂ ਕਵਿਤਾ ਈਡੀ ਅੱਗੇ ਪੇਸ਼

ਦਿੱਲੀ ਆਬਕਾਰੀ ਨੀਤੀ: ਬੀਆਰਐੱਸ ਆਗੂ ਕਵਿਤਾ ਈਡੀ ਅੱਗੇ ਪੇਸ਼

ਦਿੱਲੀ ਆਬਕਾਰੀ ਨੀਤੀ: ਬੀਆਰਐੱਸ ਆਗੂ ਕਵਿਤਾ ਈਡੀ ਅੱਗੇ ਪੇਸ਼
ਨਵੀਂ ਦਿੱਲੀ-ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਆਗੂ ਕੇ. ਕਵਿਤਾ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋਈ। ਈਡੀ ਨੇ ਕਵਿਤਾ ਤੋਂ ਨੌਂ ਘੰਟੇ ਪੁੱਛ-ਪੜਤਾਲ ਕੀਤੀ। ਈਡੀ ਨੇ ਉਸ ਨੂੰ ਪੁੱਛ-ਪੜਤਾਲ ਲਈ  16 ਮਾਰਚ ਨੂੰ ਮੁੜ ਸੱਦਿਆ ਹੈ। ਉਸ ਨੂੰ ਦਿੱਲੀ ਆਬਕਾਰੀ ਨੀਤੀ ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲੇ ਵਿੱਚ ਬੀਤੇ ਹਫਤੇ ਗ੍ਰਿਫ਼ਤਾਰ ਕੀਤੇ ਹੈਦਰਾਬਾਦ ਦੇ ਕਾਰੋਬਾਰੀ ਅਰੁਣ ਰਾਮਚੰਦਰਨ ਪਿੱਲੈ ਦੇ ਸਾਹਮਣੇ ਬਿਠਾ ਕੇ ਪੁੱਛ-ਪੜਤਾਲ ਕੀਤੀ ਗਈ।
ਜ਼ਿਕਰਯੋਗ ਹੈ ਕਿ ਕੇ. ਕਵਿਤਾ (44) ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਧੀ ਹੈ ਤੇ ਉਹ ਸੰਘੀ ਜਾਂਚ ਏਜੰਸੀ (ਈਡੀ) ਦੇ ਦਫਤਰ ਵਿੱਚ ਅੱਜ ਸਵੇਰੇ 11 ਵਜੇ ਪਹੁੰਚੀ। ਇਸ ਮੌਕੇ ਈਡੀ ਦਫ਼ਤਰ ਦੇ ਬਾਹਰ ਦਿੱਲੀ ਪੁਲੀਸ ਤੇ ਨੀਮ ਫੌਜੀ ਦਲ ਤਾਇਨਾਤ ਸਨ ਅਤੇ ਬੀਆਰਐੱਸ ਦੇ ਕਾਰਕੁਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਈਡੀ ਨੇ ਕਵਿਤਾ ਨੂੰ 9 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਕਵਿਤਾ ਨੇ ਪੇਸ਼ ਹੋਣ ਲਈ ਨਵੀਂ ਤਰੀਕ ਮੰਗੀ ਸੀ। ਉਹ ਸੰਸਦ ਦੇ ਮੁੜ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਵਾਉਣ ਦੀ ਮੰਗ ਕਰ ਰਹੀ ਹੈ ਤੇ ਇਸ ਮੰਤਵ ਲਈ ਉਹ ਬੀਤੇ ਦਿਨ ਭੁੱਖ ਹੜਤਾਲ ’ਤੇ ਸੀ। ਈਡੀ ਨੇ ਪੁੱਛ-ਪੜਤਾਲ ਦੌਰਾਨ ਮਨੀ ਲਾਂਡਰਿੰਗ ਰੋਕੂ ਐਕਟ (ਪੀਐੱਮਐੱਲਏ) ਤਹਿਤ ਕਵਿਤਾ ਦਾ ਬਿਆਨ ਵੀ ਦਰਜ ਕੀਤਾ। ਕਾਬਿਲੇਗੌਰ ਹੈ ਕਿ ਕਵਿਤਾ ਨੇ ਹਾਲ ਹੀ ਵਿੱਚ ਮੀਡੀਆ ਕਾਨਫਰੰਸ ਦੌਰਾਨ ਕਿਹਾ ਸੀ ਕਿ ਉਸ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਈਡੀ ਦੀ ਦੁਰਵਰਤੋਂ ਕਰ ਰਹੀ ਹੈ।
ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕਾਰੋਬਾਰੀ ਅਰੁਣ ਪਿੱਲੈ 12 ਮਾਰਚ ਤਕ ਈਡੀ ਦੀ ਹਿਰਾਸਤ ਵਿੱਚ ਹੈ ਤੇ ਉਸ ਨੂੰ 13 ਅਪਰੈਲ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਈਡੀ ਨੇ ਦੱਸਿਆ ਸੀ ਕਿ ਪਿੱਲੈ ਦੱਖਣੀ ਗਰੁੱਪ ਦੀ ਪ੍ਰਤੀਨਿਧਤਾ ਕਰਦਾ ਹੈ। ਸ਼ਰਾਬ ਦਾ ਕਾਰੋਬਾਰ ਕਰਨ ਵਾਲਾ ਇਹ ਗਰੁੱਪ ਕੇ. ਕਵਿਤਾ ਤੇ ਹੋਰਨਾਂ ਨਾਲ ਸਬੰਧਤ ਹੈ। ਇਸ ਗਰੁੱਪ ਨੇ ਦਿੱਲੀ ਦੀ ਮਾਰਕੀਟ ਵਿੱਚ ਵੱਡੇ ਹਿੱਸੇ ’ਤੇ ਕਬਜ਼ਾ ਕਰਨ ਲਈ ਆਮ ਆਦਮੀ ਪਾਰਟੀ ਨੂੰ ਲਗਭਗ 100 ਕਰੋੜ ਦੀ ਕਥਿਤ ਰਿਸ਼ਵਤ ਦਿੱਤੀ ਸੀ। ਜ਼ਿਕਰਯੋਗ ਹੈ ਕਿ ਵਰ੍ਹਾ 2020-21 ਦੀ ਦਿੱਲੀ ਆਬਕਾਰੀ ਨੀਤੀ ਭੰਗ ਕੀਤੀ ਜਾ ਚੁੱਕੀ ਹੈ। ਇਸ ਆਬਕਾਰੀ ਨੀਤੀ ਬਾਰੇ ਕੇ. ਕਵਿਤਾ ਤੋਂ ਸੀਬੀਆਈ ਵੀ ਪੁੱਛ-ਪੜਤਾਲ ਕਰ ਚੁੱਕੀ ਹੈ ਤੇ ਈਡੀ ਨੇ ਹੁਣ ਤਕ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਸ਼ਾਮਲ ਹਨ। ਈਡੀ ਨੇ ਕਵਿਤਾ ਨਾਲ ਸਬੰਧਤ ਚਾਰਟਰਡ ਅਕਾਊਂਟੈਂਟ ਬੁੱਚੀ ਬਾਬੂ ਦਾ ਵੀ ਬਿਆਨ ਦਰਜ ਕੀਤਾ ਹੈ ਜਿਸ ਨੇ ਕਿਹਾ ਕਿ ਕੇ. ਕਵਿਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਿਚਾਲੇ ਸਿਆਸੀ ਸਹਿਮਤੀ ਹੋਈ ਸੀ। ਇਸ ਮਗਰੋਂ ਕਵਿਤਾ ਨੇ 19 ਤੇ 20 ਮਾਰਚ, 2021 ਨੂੰ ਵਿਜੈ ਨਾਇਰ ਨਾਲ ਮੁਲਾਕਾਤ ਕੀਤੀ ਸੀ। ਨਾਇਰ ਨੂੰ ਦੋਹਾਂ ਜਾਂਚ ਏਜੰਸੀਆਂ ਈਡੀ ਤੇ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਸੀ ਜਦੋਂ ਕਿ ਬੁੱਚੀ ਬਾਬੂ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। ਬੁੱਚੀ ਬਾਬੂ ਵੱਲੋਂ ਦਿੱਤੇ ਬਿਆਨ ਅਨੁਸਾਰ ਵਿਜੈ ਨਾਇਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਲਈ ਕੰਮ ਕਰ ਰਿਹਾ ਸੀ। 

Radio Mirchi