ਪੰਜਾਬ ਹਰਿਆਣਾ ਨੂੰ ਜਲ ਸੈੱਸ ਦਾ ਕੋਈ ਨੁਕਸਾਨ ਨਹੀਂ: ਸੁੱਖੂ

ਪੰਜਾਬ ਹਰਿਆਣਾ ਨੂੰ ਜਲ ਸੈੱਸ ਦਾ ਕੋਈ ਨੁਕਸਾਨ ਨਹੀਂ: ਸੁੱਖੂ
ਚੰਡੀਗੜ੍ਹ-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਅੱਜ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਪਣਬਿਜਲੀ ਪ੍ਰੋਜੈਕਟਾਂ ’ਤੇ ਲਾਏ ਜਲ ਸੈੱਸ ਦਾ ਪੰਜਾਬ ਤੇ ਹਰਿਆਣਾ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਹਿਮਾਚਲ ਪ੍ਰਦੇਸ਼ ਵਿਚ ਪੈਂਦੇ 172 ਪਣਬਿਜਲੀ ਪ੍ਰੋਜੈਕਟਾਂ ’ਤੇ ਜਲ ਸੈੱਸ ਲਾਇਆ ਹੈ ਜਦੋਂ ਕਿ ਹਿਮਾਚਲ ’ਚ ਪੰਜਾਬ ਦਾ ਕੋਈ ਪਣ-ਬਿਜਲੀ ਪ੍ਰੋਜੈਕਟ ਨਹੀਂ ਹੈ। ਇੱਥੇ ਪੰਜਾਬ ਦੇ ਆਪਣੇ ਹਮਰੁਤਬਾ ਭਗਵੰਤ ਮਾਨ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਨਾਸ਼ਤੇ ਦੌਰਾਨ ਕੀਤੀ ਬੈਠਕ ਮੌਕੇ ਸੁੱਖੂ ਨੇ ਕਿਹਾ ਕਿ ਪੰਜਾਬ ਦੇ ਕਿਸੇ ਵੀ ਪਣ-ਬਿਜਲੀ ਪ੍ਰੋਜੈਕਟ ’ਤੇ ਜਲ ਸੈੱਸ ਨਹੀਂ ਲਗਾਇਆ ਹੈ। ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਭਗਵੰਤ ਮਾਨ ਨੂੰ ਹਿਮਾਚਲ ਪ੍ਰਦੇਸ਼ ਵਿਚ ਆਉਣ ਦਾ ਸੱਦਾ ਵੀ ਦਿੱਤਾ। ਚੇਤੇ ਰਹੇ ਕਿ ਪੰਜਾਬ ਵਿਧਾਨ ਸਭਾ ਨੇ ਹਿਮਾਚਲ ਸਰਕਾਰ ਵੱਲੋਂ ਪਣ-ਬਿਜਲੀ ਪ੍ਰੋਜੈਕਟਾਂ ’ਤੇ ਜਲ ਸੈੱਸ ਲਾਏ ਜਾਣ ਦੇ ਫ਼ੈਸਲੇ ਖ਼ਿਲਾਫ਼ ਮਤਾ ਪਾਸ ਕੀਤਾ ਸੀ। ਮਤਾ ਪਾਸ ਹੋਣ ਤੋਂ ਕਰੀਬ ਇੱਕ ਹਫ਼ਤੇ ਬਾਅਦ ਹਿਮਾਚਲ ਪ੍ਰਦੇਸ਼ ਨੇ ਇੱਕ ਤਰੀਕੇ ਨਾਲ ਯੂ-ਟਰਨ ਲਿਆ ਜਾਪਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹਿਮਾਚਲ ਦੇ ਆਪਣੇ ਹਮਰੁਤਬਾ ਨੂੰ ਅੱਜ ਨਾਸ਼ਤੇ ’ਤੇ ਬੁਲਾਇਆ ਸੀ ਅਤੇ ਮੁੱਖ ਮੰਤਰੀਆਂ ਵੱਲੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਸਾਂਝੇ ਮਸਲਿਆਂ ’ਤੇ ਵਿਚਾਰ ਚਰਚਾ ਵੀ ਕੀਤੀ ਗਈ। ਹਾਲਾਂਕਿ ਇਸ ਦੌਰਾਨ ਭਖਵਾਂ ਮੁੱਦਾ ਪਣ-ਬਿਜਲੀ ਪ੍ਰੋਜੈਕਟਾਂ ’ਤੇ ਲਾਏ ਜਲ ਸੈੱਸ ਦਾ ਰਿਹਾ।
ਦੋਵਾਂ ਮੁੱਖ ਮੰਤਰੀਆਂ ’ਚ ਸਹਿਮਤੀ ਬਣੀ ਕਿ ਦੋਵਾਂ ਸੂਬਿਆਂ ਦੇ ਮੁੱਖ ਸਕੱਤਰ ਅਤੇ ਬਿਜਲੀ ਸਕੱਤਰ ਹਰ ਪੰਦਰਵਾੜੇ ਮੀਟਿੰਗ ਕਰਨਗੇ। ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਇਹ ਕਮਿਊਨੀਕੇਸ਼ਨ ਗੈਪ ਸੀ ਅਤੇ ਅਜਿਹੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇੱਕ ਮੁੱਦਾ ਹੈ ਜਿਸ ਨੂੰ ਸਾਂਝੇ ਤੌਰ ’ਤੇ ਹੱਲ ਕਰ ਲਿਆ ਜਾਵੇਗਾ।
ਭਗਵੰਤ ਮਾਨ ਨੇ ਸ੍ਰੀ ਅਨੰਦਪੁਰ ਸਾਹਿਬ ਅਤੇ ਨੈਣਾਂ ਦੇਵੀ ਜੀ ਵਿਚਕਾਰ ਰੋਪਵੇਅ ਦੀ ਵਕਾਲਤ ਕੀਤੀ। ਰੋਪਵੇਅ ਨਾਲ ਇਨ੍ਹਾਂ ਦੋਵਾਂ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਲੱਖਾਂ ਸ਼ਰਧਾਲੂਆਂ ਨੂੰ ਸਹੂਲਤ ਮਿਲੇਗੀ। ਦੋਵਾਂ ਮੁੱਖ ਮੰਤਰੀਆਂ ਨੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਪਠਾਨਕੋਟ-ਡਲਹੌਜ਼ੀ ਰੋਪਵੇਅ ਪ੍ਰਾਜੈਕਟ ਸਥਾਪਤ ਕਰਨ ’ਤੇ ਵੀ ਸਹਿਮਤੀ ਪ੍ਰਗਟਾਈ।
ਉਨ੍ਹਾਂ ਕਿਹਾ ਕਿ ਸੈਲਾਨੀਆਂ ਦੀ ਸਹੂਲਤ ਦੇ ਨਾਲ-ਨਾਲ ਇਹ ਦੋਵਾਂ ਰਾਜਾਂ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਵੀ ਮਦਦ ਕਰੇਗਾ। ਦੋਵਾਂ ਆਗੂਆਂ ਨੇ ਇਸ ਖੇਤਰ ਵਿੱਚ ਸੈਰ-ਸਪਾਟੇ ਦੀ ਵੱਡੀ ਸੰਭਾਵਨਾ ’ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਸੈਰ-ਸਪਾਟੇ ਦੀ ਸਹੂਲਤ ਲਈ ਸਾਂਝੇ ਤੌਰ ’ਤੇ ਕੰਮ ਕਰਨਾ ਦੋਵਾਂ ਰਾਜਾਂ ਦੇ ਹਿਤ ਵਿੱਚ ਹੈ। ਮੁੱਖ ਮੰਤਰੀ ਨੇ ਬਿਜਲੀ ਖੇਤਰ ਵਿੱਚ ਵੀ ਦੋਵਾਂ ਸੂਬਿਆਂ ਦਰਮਿਆਨ ਆਪਸੀ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ ਪੀਕ ਸੀਜ਼ਨ ਦੌਰਾਨ ਆਪਣੇ ਕੋਲ ਮੌਜੂਦ ਵਾਧੂ ਬਿਜਲੀ ਪੰਜਾਬ ਨੂੰ ਵੇਚ ਸਕਦਾ ਹੈ। ਭਗਵੰਤ ਮਾਨ ਨੇ ਜਿੱਥੇ ਹਿਮਾਚਲ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਸਾਂਝਿਆਂ ਕੀਤਾ, ਉਥੇ ਸੁੱਖੂ ਨੇ ਮਾਨ ਨੂੰ ਪਹਾੜੀ ਸੂਬੇ ’ਚ ਆਉਣ ਦਾ ਸੱਦਾ ਦਿੱਤਾ।