ਪ੍ਰਕਾਸ਼ ਸਿੰਘ ਬਾਦਲ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਪ੍ਰਕਾਸ਼ ਸਿੰਘ ਬਾਦਲ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਲੰਬੀ-ਦੇਸ਼ ਦੇ ਸਭ ਤੋਂ ਉਮਰਦਰਾਜ ਸਿਆਸਤਦਾਨ ਪ੍ਰਕਾਸ਼ ਸਿੰੰਘ ਬਾਦਲ ਅੱਜ ਜ਼ਿੰਦਗੀ ਦਾ ਇਤਿਹਾਸਕ ਅਤੇ ਬੇਮਿਸਾਲ ਸਫ਼ਰ ਮੁਕਾ ਕੇ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਪੰਜ ਵਾਰ ਦੇ ਮੁੱਖ ਮੰਤਰੀ ਦਾ ਬੇਹੱਦ ਗਮਗੀਨ ਮਾਹੌਲ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਇਥੇ ਉਨ੍ਹਾਂ ਦੇ ਬਾਗ ’ਚ ਵਿਸ਼ੇਸ਼ ਤੌਰ ’ਤੇ ਬਣਾਈ ਗਈ ਥਾਂ ’ਤੇ ਅੰਤਿਮ ਸੰਸਕਾਰ ਕੀਤਾ ਗਿਆ। ਮਰਹੂਮ ਬਾਦਲ ਦੇ ਮਹਿਲਾ ਸ਼ਕਤੀਕਰਨ ਪ੍ਰਤੀ ਜ਼ਿੰਦਗੀ ਭਰ ਦੇ ਉਪਰਾਲਿਆਂ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਤਿੰਨੇ ਪੋਤਰੀਆਂ ਹਰਕੀਰਤ ਬਾਦਲ, ਗੁਰਲੀਨ ਬਾਦਲ ਅਤੇ ਰੀਆ ਬਾਦਲ ਨੇ ਉਨ੍ਹਾਂ ਦੀ ਚਿਖਾ ਨੂੰ ਪਹਿਲੀ ਅਗਨੀ ਦਿੱਤੀ। ਇਸ ਮਗਰੋਂ ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਅਰਜੁਨ ਬਾਦਲ ਅਤੇ ਅਨੰਤਬੀਰ ਬਾਦਲ ਨੇ ਪੁੱਤਰਾਂ-ਪੋਤਰਿਆਂ ਵਾਲੇ ਫਰਜ਼ ਨਿਭਾਏ। ਇਸ ਮੌਕੇ ਮਹੇਸ਼ਇੰਦਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਵੀਨੂੰ ਬਾਦਲ, ਬਿਕਰਮ ਸਿੰਘ ਮਜੀਠੀਆ, ਮੇਜਰ ਭੁਪਿੰਦਰ ਸਿੰਘ ਬਾਦਲ, ਲਾਲੀ ਬਾਦਲ ਤੇ ਗਨੀਵ ਕੌਰ ਮਜੀਠੀਆ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਸ੍ਰੀ ਬਾਦਲ ਦੀ ਦੇਹ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਪੁਲੀਸ ਵੱਲੋਂ ਐੱਸਪੀ (ਐਚ) ਦੀ ਅਗਵਾਈ ਹੇਠ ਤਿਰੰਗੇ ’ਚ ਲਪੇਟਿਆ ਗਿਆ। ਸ੍ਰੀ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਅੱਜ ਉਨ੍ਹਾਂ ਦੀ ਰਿਹਾਇਸ਼ ’ਤੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਲੋਕਾਂ ਦੀ ਭੀੜ ਅੱਗੇ ਪੁਲੀਸ ਦੇ ਪੁਖ਼ਤਾ ਪ੍ਰਬੰਧ ਵੀ ਮੱਠੇ ਪੈਂਦੇ ਨਜ਼ਰ ਆਏ। ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸਮੇਤ ਸਾਰਾ ਪਰਿਵਾਰ ਬੇਹੱਦ ਭਾਵੁਕ ਸੀ। ਪਰਿਵਾਰ ਨਾਲ ਦੁੱਖ ਵੰਡਾਉਣ ਅਤੇ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਆਇਆ ਹਰੇਕ ਵਿਅਕਤੀ ਪ੍ਰਕਾਸ਼ ਸਿੰਘ ਬਾਦਲ ਦੀ ਹਲੀਮੀ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਾ ਨਜ਼ਰ ਆਇਆ। ਸ੍ਰੀ ਬਾਦਲ ਦੇ ਸਭ ਤੋਂ ਨਜ਼ਦੀਕੀ ਦੋਸਤਾਂ ’ਚੋਂ ਇਕ ਉੱਘੇ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਵੀ ਸੁਖਬੀਰ ਬਾਦਲ ਦੇ ਨਾਲ ਗਲੇ ਲੱਗ ਕੇ ਭਾਵੁਕ ਹੋ ਗਏ। ਅੰਤਿਮ ਸੰਸਕਾਰ ਤੋਂ ਪਹਿਲਾਂ ਜਲੰਧਰ ਪੁਲੀਸ ਦੇ ਬੈਂਡ ਵੱਲੋਂ ਮਾਤਮੀ ਧੁਨਾਂ ਅਤੇ ਸਪੈਸ਼ਲ ਗਾਰਦ ਵੱਲੋਂ ਸਲਾਮੀ ਦਿੱਤੀ ਗਈ। ਸ੍ਰੀ ਬਾਦਲ ਦੀ ਸਾਂਭ-ਸੰਭਾਲ ਵਾਲੇ ਸਟਾਫ਼, ਐੱਨਐੱਸਜੀ ਅਤੇ ਰਸੋਈਏ ਤੱਕ ਨੇ ਵੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।