ਭਾਰਤੀ ਫੌਜ ਦਾ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ, ਛੱਡ ਗਿਆ ਸਦੀਵੀ ਪੀੜਾ

ਭਾਰਤੀ ਫੌਜ ਦਾ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ, ਛੱਡ ਗਿਆ ਸਦੀਵੀ ਪੀੜਾ
-ਐੱਸ.ਪੀ.ਸਿੰਘ
ਸ੍ਰੀ ਹਰਿਮੰਦਰ ਸਾਹਿਬ ’ਤੇ ਜੂਨ 1984 ਦੇ ਪਹਿਲੇ ਹਫ਼ਤੇ ਫੌਜੀ ਹਮਲਾ ਕੀਤਾ ਗਿਆ ਜਿਸ ਨੂੰ 39 ਸਾਲ ਦਾ ਸਮਾ ਬੀਤ ਗਿਆ ਹੈ ਪਰ ਸਿੱਖ ਮਾਨਸਿਕਤਾ ’ਤੇ ਉਸਦਾ ਅਸਰ ਅੱਜ ਵੀ ਬਰਕਰਾਰ ਹੈ। ਮੌਜੂਦਾ ਰਾਜਨੀਤੀ ਵਿਚ ਜਦ ਸਿੱਖ ਵੱਖਰੇ-ਵੱਖਰੇ ਸਿਆਸੀ ਗਰੱੁਪਾਂ ਵਿਚ ਵੰਡੇ ਹੋਏ ਹਨ ਫਿਰ ਵੀ ਸ੍ਰੀ ਹਰਿਮੰਦਰ ਸਾਹਿਬ ਉੱਪਰ ਹੋਏ ਹਮਲੇ ਨੂੰ ਕੋਈ ਵੀ ਜਾਇਜ਼ ਨਹੀਂ ਮੰਨਦਾ। ਫੌਜੀ ਹਮਲੇ ਉਪਰੰਤ ਦੇਸ਼ ਦੇ ਉੱਚ ਅਹੁਦਿਆਂ ’ਤੇ ਬੈਠੇ ਸਿੱਖ ਵੀ ਇਸ ਦੇ ਪ੍ਰਭਾਵ ਤੋਂ ਬਚ ਨਾ ਸਕੇ ਅਤੇ ਉਹਨਾਂ ਉੱਚ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ। ਭਾਰਤ ਦੇ ਰਾਜਦੂਤ ਹਰਿੰਦਰ ਸਿੰਘ ਨਾਰਵੇ, ਕੈਪਟਨ ਅਮਰਿੰਦਰ ਸਿੰਘ, ਖੁਸ਼ਵੰਤ ਸਿੰਘ, ਸਿਮਰਨਜੀਤ ਸਿੰਘ ਮਾਨ ਅਤੇ ਅਨੇਕਾਂ ਸਿੱਖ ਫੌਜੀਆਂ ਨੇ ਆਪਣੇ ਆਪਣੇ ਢੰਗ ਨਾਲ ਰੋਸ ਪ੍ਰਗਟਾਵਾ ਕੀਤਾ। ਕਈ ਸਿੱਖ ਫੌਜੀ ਪਲਟਨਾ ਨੇ ਬਗ਼ਾਵਤ ਦਾ ਰੁਖ ਅਪਣਾਇਆ ਅਤੇ ਬੈਰਕਾਂ ਛੱਡ ਕੇ ਸ੍ਰੀ ਅੰਮਿ੍ਰਤਸਰ ਵੱਲ ਨੂੰ ਚਾਲੇ ਪਾ ਲਏ ਪਰ ਉਹਨਾਂ ਦੀ ਰਸਤਿਆਂ ਵਿਚ ਹੀ ਫੜੋ ਫੜਾਈ ਹੋ ਗਈ ਅਤੇ ਸੈਂਕੜੇ ਧਰਮੀ ਫੌਜੀ ਬਾਅਦ ਵਿਚ ਆਪਣੀਆਂ ਨੌਕਰੀਆਂ ਤੋਂ ਹੱਥ ਧੋ ਬੈਠੇ। ਲੰਮੀਆਂ ਲੰਮੀਆਂ ਕੈਦਾਂ ਕੱਟਣ ਤੋਂ ਬਾਅਦ ਅੱਜ ਤੱਕ ਆਪਣੀ ਜ਼ਿੰਦਗੀ ਤੰਗੀਆਂ ਤੁਰਸ਼ੀਆਂ ਵਿਚ ਕੱਟਦੇ ਚੱਲ ਵਸੇ।
ਜਦ ਦੇਸ਼ ਆਜ਼ਾਦੀ ਪ੍ਰਾਪਤ ਕਰ ਰਿਹਾ ਸੀ, ਮੂਲ ਰੂਪ ਵਿਚ ਤਿੰਨ ਹੀ ਵੱਡੀਆਂ ਕੌਮਾਂ ਹਿੰਦੂ, ਮੁਸਲਮਾਨ ਅਤੇ ਸਿੱਖ ਆਪੋ ਆਪਣੇ ਰਾਜ ਦਾ ਦਾਅਵਾ ਕਰ ਸਕਦੀਆਂ ਸਨ। ਜਦ ਮੁਸਲਮਾਨਾਂ ਅਤੇ ਹਿੰਦੂਆਂ ਵਿਚਕਾਰ ਇਤਿਹਾਸਕ ਨਫ਼ਰਤ ਨੇ ਦੋਨਾਂ ਹੀ ਕੌਮਾਂ ਨੂੰ ਇਕ ਦੂਜੇ ਉੱਤੇ ਵਿਸ਼ਵਾਸ ਨਾ ਕਰਨਯੋਗ ਬਣਾ ਦਿੱਤਾ ਸੀ, ਹਿੰਦੂ ਲੀਡਰਸ਼ਿਪ ਰਾਜਨੀਤਕ ਤੌਰ ’ਤੇ ਮੁਸਲਮਾਨਾਂ ’ਤੇ ਯਕੀਨ ਨਹੀਂ ਸੀ ਕਰ ਰਹੀ ਉੱਥੇ ਮੁਸਲਮਾਨ ਲੀਡਰਸ਼ਿਪ ਹਿੰਦੂ ਨੇਤਾਵਾਂ ’ਤੇ ਵਿਸ਼ਵਾਸ ਨਹੀਂ ਸਨ ਕਰ ਰਹੇ। ਕਿਹਾ ਜਾਂਦਾ ਹੈ ਕਿ 1935 ਦੇ ਕਰੀਬ ਜਦ ਅਜ਼ਾਦੀ ਦੀ ਲੜਾਈ ਲਗਭਗ ਫੈਸਲਾਕੁੰਨ ਮੋੜ ’ਤੇ ਅੱਪੜ ਚੱੁਕੀ ਸੀ ਤਾਂ ਇਸ ਉੱਪਰ ਵਿਚਾਰਾਂ ਹੋ ਰਹੀਆਂ ਸਨ ਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਦੇਸ਼ ਦੀ ਰਾਜਸੱਤਾ ’ਤੇ ਕੌਣ ਬੈਠੇਗਾ? ਮਹਾਤਮਾ ਗਾਂਧੀ ਦਾ ਮੰਨਣਾ ਸੀ ਕਿ ‘ਸਿਰਾਂ’ ਦਾ ਰਾਜ ਹੋਵੇਗਾ ਪਰ ਉੱਥੇ ਮੁਸਲਮਾਨ ਲੀਡਰਸ਼ਿਪ ਖਾਸ ਕਰ ਕੇ ਮੁਹੰਮਦ ਅਲੀ ਜਨਾਹ ਦਾ ਮੰਨਣਾ ਸੀ ਕਿ ਅਗਰ ਵੋਟਾਂ ਦਾ ਰਾਜ ਹੋਇਆ ਤਾਂ ਅਸੀਂ 1000 ਸਾਲ ਵੀ ਸੱਤਾ ਦਾ ਅਨੰਦ ਨਹੀਂ ਮਾਣ ਸਕਾਂਗੇ ਤੇ ਭਾਰਤ ਵਿਚ ਮੁਸਲਮਾਨ ਗ਼ੁਲਾਮੀ ਦਾ ਸ਼ਿਕਾਰ ਹੋ ਜਾਣਗੇ। ਜਨਾਹ ਨੇ ਮੰਗ ਕੀਤੀ ਕਿ ਪਾਰਲੀਮੈਂਟ ਵਿਚ ਸਾਨੂੰ ਬਰਾਬਰ ਦੀਆਂ ਸੀਟਾਂ ਦਾ ਰਾਖਵਾਂਕਰਨ ਦੇ ਦਿਓ। ਇਕ ਵਾਰ ਤੁਹਾਡਾ ਪ੍ਰਧਾਨ ਮੰਤਰੀ ਹੋਵੇਗਾ ਤੇ ਇਕ ਵਾਰ ਸਾਡਾ। ਇਸੇ ਤਰ੍ਹਾਂ ਹੀ ਰਾਸ਼ਟਰਪਤੀ ਦੇ ਅਹੁਦਿਆਂ ਦੇ ਮਾਮਲੇ ’ਚ ਕੀਤਾ ਜਾਵੇਗਾ ਪਰ ਹਿੰਦੂ ਲੀਡਰਸ਼ਿਪ ਮੁਹੰਮਦ ਅਲੀ ਜਨਾਹ ਨਾਲ ਮੂਲੋਂ ਹੀ ਸਹਿਮਤ ਨਾ ਹੋਈ। ਨਤੀਜਾ ਇਹ ਹੋਇਆ ਕਿ ਮੁਹੰਮਦ ਇਕਬਾਲ ਵਰਗੇ ਨੇਤਾ ਜਿਹੜੇ ਕਦੇ ਮੁਸਲਮ ਲੀਗ ਨਾਲ ਬਹੁਤਾ ਸਹਿਮਤ ਨਹੀਂ ਸਨ ਉਹ ਵੀ ਮੁਸਲਮ ਲੀਗ ਦੇ ਉਸ ਏਜੰਡੇ ਨਾਲ ਸਹਿਮਤ ਹੋ ਗਏ ਕਿ ਮੁਸਲਮਾਨਾਂ ਨੂੰ ਵੱਖਰਾ ਦੇਸ਼ ਦੇ ਦਿੱਤਾ ਜਾਵੇ। ਉਹੀ ਇਕਬਾਲ ਜਿਸਦਾ ਤਰਾਨਾ ਅੱਜ ਵੀ ਦੇਸ਼ ਵਿਚ ਗਾਇਆ ਜਾਂਦਾ ਹੈ ‘ਸਾਰੇ ਜਹਾਂ ਸੇ ਅੱਛਾ ਹਿੰਦੋਸੁਤਾਂ ਹਮਾਰਾ’ ਨੇ ਹਿੰਦੂ ਲੀਡਰਾਂ ਦੀ ਬੇਰੁਖੀ ਤੋਂ ਤੰਗ ਆ ਕੇ ਲਿਖ ਦਿੱਤਾ ਸੀ ‘ਸਦੀਆਂ ਗੁਜ਼ਰ ਗਈ ਰੰਜ਼ੋ ਗ਼ਮ ਸਹਿਤੇ ਹੂਏ, ਅਬ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ’।
ਸਿੱਖ ਕੌਮ ਜਿੱਥੇ ਜੰਗ ਦੇ ਮੈਦਾਨਾਂ ਵਿਚ ਹਮੇਸ਼ਾ ਜੇਤੂ ਹੋ ਕੇ ਨਿੱਬੜਦੀ ਰਹੀ ਹੈ ਪਰ ਜਦ ਸਮਾਂ ਗੱਲਬਾਤ ਦਾ ਆਉਂਦਾ ਹੈ ਤਾਂ ਹਮੇਸ਼ਾ ਆਪਣੇ ਨਿਸ਼ਾਨੇ ਤੋਂ ਖੁੰਝ ਜਾਂਦੀ ਰਹੀ ਹੈ। ਜਨਾਹ ਜੋ ਫਾਰਮੂਲਾ ਹਿੰਦੂ ਲੀਡਰਾਂ ਨੂੰ ਦੇ ਰਿਹਾ ਸੀ ਉਹੀ ਫਾਰਮੂਲਾ ਉਸ ਨੇ ਸਿੱਖ ਨੇਤਾਵਾਂ ਨੂੰ ਦਿੱਤਾ, ਕਿ ਤੁਸੀਂ ਸਾਡੇ ਨਾਲ ਆ ਜਾਓ ਅਸੀਂ ਤੁਹਾਨੂੰ ਬਰਾਬਰ ਦੇ ਰਾਜਨੀਤਕ ਭਾਈਵਾਲ ਬਣਾ ਸਕਦੇ ਹਾਂ। ਪਰ ਮਾਸਟਰ ਤਾਰਾ ਸਿੰਘ ਵਰਗੇ ਸਿੱਖ ਆਗੂਆਂ ਜਿਨ੍ਹਾਂ ਦਾ ਆਪਣਾ ਨਿਸ਼ਾਨਾ ਕੋਈ ਸਪੱਸ਼ਟ ਨਹੀਂ ਸੀ ਨੇ ਸਿੱਖ ਕੌਮ ਦਾ ਤਾਂ ਕੁਝ ਨਹੀਂ ਸੋਚਿਆ ਸਗੋਂ ਮੁਸਲਮ ਲੀਗ਼ ਜੋ ਆਪਣੇ ਸੁਤੰਤਰ ਰਾਜ ਦੀ ਗੱਲ ਕਰਨ ਜਾ ਰਹੀ ਸੀ ਦੇ ਝੰਡੇ ਨੂੰ ਪਾੜਨ ਵਿਚ ਆਪਣੀ ਸੂਰਮਗਤੀ ਸਮਝੀ। ਉਸ ਨੇ ਆਪਣਾ ਝੰਡਾ ਤਾਂ ਕੀ ਝੁਲਾਉਣਾ ਸੀ ਜਿਹੜੇ ਆਪਣਾ ਚੜ੍ਹਾ ਰਹੇ ਸਨ ਉਨ੍ਹਾਂ ਦਾ ਵੀ ਪਾੜ ਦਿੱਤਾ ਅਤੇ ਬਿਆਨ ਦੇ ਮਾਰਿਆ ਕਿ ‘ਪਾਕਿਸਤਾਨ ਮੇਰੀ ਲਾਸ਼ ’ਤੇ ਬਣੇਗਾ’।
ਦੂਜੇ ਪਾਸੇ ਹਿੰਦੂ ਸਿਆਸਤਦਾਨਾਂ ਨੇ ਸਿੱਖ ਨੇਤਾਵਾਂ ਨੂੰ ਇਹ ਕਹਿ ਕੇ ਵਰਗਲਾ ਲਿਆ ਕਿ ਸਾਡਾ ਤੇ ਤੁਹਾਡਾ ਨਹੁੰ ਮਾਸ ਦਾ ਰਿਸ਼ਤਾ ਹੈ। ਕਾਂਗਰਸ ਨੇ 1929 ਦੀ ਸਭਾ ਵਿਚ ਅਗਾਊਂ ਹੀ ਐਲਾਨ ਕਰ ਦਿੱਤਾ ਸੀ ਕਿ ਸਿੱਖਾਂ ਨੂੰ ਉੱਤਰੀ ਭਾਰਤ ਵਿਚ ਇਕ ਅਜਿਹਾ ਖਿੱਤਾ ਦਿੱਤਾ ਜਾਵੇਗਾ ਜਿਸ ਵਿਚ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਇਸੇ ਮਤੇ ਨੂੰ ਕਾਂਗਰਸ ਨੇ 1946 ਵਿਚ ਫ਼ਿਰ ਦੁਹਰਾਇਆ। ਸਿੱਖ ਲੀਡਰਸ਼ਿਪ ਨੇ ਕਾਂਗਰਸੀ ਨੇਤਾਵਾਂ ’ਤੇ ਵਿਸ਼ਵਾਸ ਕੀਤਾ ਕਿ ਅੰਤ ਦੇਸ਼ ਦੇ ਦੋ ਟੋਟੇ ਹੋਏ, ਇਕ ਭਾਰਤ ਬਣ ਗਿਆ ਤੇ ਇਕ ਪਾਕਿਸਤਾਨ। ਅਸਲ ਵਿਚ ਟੋਟੇ ਦੋ ਸੂਬਿਆਂ ਦੇ ਹੋਏ, ਇਕ ਪੰਜਾਬ ਅਤੇ ਦੂਜਾ ਬੰਗਾਲ। ਬੰਗਾਲ ਦਾ ਹਿੱਸਾ ਪੂਰਬੀ ਪਾਕਿਸਤਾਨ ਬਣ ਗਿਆ ਅਤੇ ਪੰਜਾਬ ਦਾ ਜ਼ਿਆਦਾ ਹਿੱਸਾ ਟੱੁਟ ਕੇ ਪੱਛਮੀਂ ਪਾਕਿਸਤਾਨ ਵਿਚ ਚਲਾ ਗਿਆ। ਦਸ ਲੱਖ ਤੋਂ ਜ਼ਿਆਦਾ ਬੇਗੁਨਾਹ ਪੰਜਾਬੀਆਂ ਦੀਆਂ ਮੌਤਾਂ ਹੋਈਆਂ। ਪੰਜਾਬ ਵਿਚ ਰਹਿੰਦੇ ਮੁਸਲਮਾਨ, ਹਿੰਦੂ ਅਤੇ ਸਿੱਖ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਖਾਸਕਰ ਮੁਸਲਮਾਨਾਂ ਅਤੇ ਸਿੱਖਾਂ ਨੇ ਇਕ ਦੂਜੇ ਦੀ ਰੱਜ ਕੇ ਕਤਲੋਗਾਰਤ ਕੀਤੀ। ਦੋਵਾਂ ਪਾਸਿਆਂ ਤੋਂ ਧੀਆਂ ਭੈਣਾਂ ਦੀਆਂ ਬੇਪਤੀਆਂ ਹੋਈਆਂ। ਜਾਨੀ ਮਾਲੀ ਨੁਕਸਾਨ ਵੱਡੇ ਪੱਧਰ ’ਤੇ ਹੋਇਆ। ਸਿੱਖ ਤੇ ਹਿੰਦੂ ਸੈਂਕੜਿਆਂ ਦੀ ਗਿਣਤੀ ਵਿਚ ਮੰਦਿਰ ਗੁਰਦੁਆਰੇ ਛੱਡ ਚੜ੍ਹਦੇ ਪੰਜਾਬ ਨੂੰ ਆ ਗਏ ਜਿੱਥੇ ਸਿੱਖ ਆਪਣੇ ਇਤਿਹਾਸਕ ਗੁਰਦੁਆਰਿਆਂ ਤੋਂ ਵਾਂਝੇ ਹੋ ਗਏ ਉੱਥੇ ਮੁਸਲਮਾਨ ਭਾਈਚਾਰਾ ਆਪਣੀ ਵਿਰਾਸਤ ਤੇ ਮਸਜ਼ਿਦਾਂ ਛੱਡ ਲਹਿੰਦੇ ਪੰਜਾਬ ਨੂੰ ਹੋ ਤੁਰਿਆ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਅੰਗਰੇਜ਼ ਸਾਸ਼ਨ ਸ਼ੁਰੂ ਹੋਇਆ ਸੀ ਜਿਸ ਦਾ ਅਧਿਆਇ 1947 ’ਚ ਖ਼ਤਮ ਹੋਇਆ ਅਤੇ ਸਿੱਖ ਕੌਮ ਨੇ ਭਾਰਤੀ ਨੇਤਾਵਾਂ ਉੱਪਰ ਯਕੀਨ ਕਰ ਕੇ ਇਕ ਨਵੀਂ ਤਰਾਸਦੀ ਸਹੇੜ ਲਈ। ਆਜ਼ਾਦੀ ਦੇ ਇਕ ਸਾਲ ਬਾਅਦ ਹੀ ਭਾਰਤੀ ਗ੍ਰਹਿ ਵਿਭਾਗ ਵਲੋਂ ਇਕ ਸਰਕੂਲਰ ਜਾਰੀ ਕਰ ਦਿੱਤਾ ਗਿਆ ਜਿਸ ਵਿਚ ਪਾਕਿਸਤਾਨ ਤੋਂ ਆਏ ਸਿੱਖਾਂ ਨੂੰ ‘ਜਰਾਇਮਪੇਸ਼ਾ ਕੌਮ’ ਵਜੋਂ ਪੇਸ਼ ਕੀਤਾ ਗਿਆ ਜਿਸ ਦਾ ਵਿਰੋਧ ਹੁਸ਼ਿਆਰਪੁਰ ਵਿਚ ਲੱਗੇ ਡੀ.ਸੀ. ਸਿੱਖ ਵਿਦਵਾਨ ਸਿਰਦਾਰ ਕਪੂਰ ਸਿੰਘ ਨੇ ਸਰਕੂਲਰ ਨੂੰ ਜਾਰੀ ਕਰਨ ਤੋਂ ਇਨਕਾਰ ਕਰ ਕੇ ਕੀਤਾ, ਫ਼ਲਸਰੂਪ ਉਸਨੂੰ ਨੌਕਰੀ ਤੋਂ ਹੱਥ ਧੋਣੇ ਪਏ। ਸਿੱਖ ਲੀਡਰਸ਼ਿਪ ਨੇ ਜਦ ਜਵਾਹਰ ਲਾਲ ਨਹਿਰੂ ਨੂੰ ਕਾਂਗਰਸ ਦਾ ਵਾਅਦਾ ਯਾਦ ਕਰਵਾਇਆ ਤਾਂ ਨਹਿਰੂ ਨੇ ਕਿਹਾ ਕਿ ‘ਹੁਣ ਹਾਲਾਤ ਬਦਲ ਗਏ ਹਨ’ ਤਦ ਸਿੱਖ ਲੀਡਰਸ਼ਿਪ ਨੂੰ ਸ਼ਾਇਦ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੋਵੇਗਾ। ਫ਼ਿਰ ਭਾਸ਼ਾ ਦੇ ਆਧਾਰ ’ਤੇ ਸੂਬੇ ਬਣੇ ਪਰ ਪੰਜਾਬ ਨੂੰ ਭਾਸ਼ਾ ਦੇ ਆਧਾਰ ’ਤੇ ਨਾ ਬਣਾਇਆ ਗਿਆ। ਸਿੱਖਾਂ ਵਲੋਂ ਪੰਜਾਬੀ ਸੂਬੇ ਦੀ ਮੰਗ ਉੱਠਾਈ ਗਈ। ਸਿੱਖ ਕੌਮ ਨੂੰ ਸ਼ਾਂਤਮਈ ਅੰਦੋਲਨ ਕਰਨ ਦੇ ਬਾਵਜੂਦ ਵੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਅਖ਼ੀਰ 1966 ਵਿਚ ਲੰਗੜਾ ਪੰਜਾਬੀ ਸੂਬਾ ਸਿੱਖਾਂ ਨੂੰ ਦੇ ਦਿੱਤਾ ਗਿਆ ਅਤੇ ਸੈਂਕੜੇ ਪਿੰਡ ਜੋ ਪੰਜਾਬੀ ਬੋਲਦੇ ਸਨ, ਪੰਜਾਬ ਤੋਂ ਬਾਹਰ ਰੱਖ ਕੇ ਹਰਿਆਣੇ ਅਤੇ ਹਿਮਾਚਲ ਵਿਚ ਰਲਾ ਦਿੱਤੇ ਗਏ। ਪੰਜਾਬ ਕੋਲ ਅੱਜ ਤੱਕ ਵੀ ਆਪਣੀ ਰਾਜਧਾਨੀ ਨਹੀਂ ਹੈ, ਸੂਬਿਆਂ ਦੀ ਵੰਡ ਸਮੇਂ ਕਿਹਾ ਗਿਆ ਸੀ ਕਿ ਹਰਿਆਣਾ ਆਪਣੀ ਰਾਜਧਾਨੀ ਕੁਝ ਸਾਲਾਂ ਵਿਚ ਉਸਾਰ ਲਵੇਗਾ। ਪੰਜਾਬ ਦੀ ਰਾਜਧਾਨੀ ਦਾ ਕੰਟਰੋਲ ਅੱਜ ਵੀ ਕੇਂਦਰ ਸਰਕਾਰ ਦੇ ਕੋਲ ਹੈ। ਪੰਜਾਬ ਦੇ ਦਰਿਆਵਾਂ ਦਾ ਕੰਟਰੋਲ ਵੀ ਲਗਭਗ ਸੈਂਟਰ ਨੇ ਆਪਣੇ ਹੱਥ ਵਿਚ ਕਰ ਲਿਆ ਹੈ। ਪੰਜਾਬ ਦੇ ਪਾਣੀਆਂ ਨੂੰ ਆਪਣੀ ਮਨਮਰਜ਼ੀ ਨਾਲ ਕੇਂਦਰ ਸਰਕਾਰ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਤੋਂ ਪੰਜਾਬ ਵਿਚ ਵਸਦੇ ਲੋਕ ਖਾਸ ਕਰ ਕੇ ਸਿੱਖ ਭਾਈਚਾਰਾ ਆਪਣੇ ਨਾਲ ਵਧੀਕੀ ਸਮਝ ਰਿਹਾ ਹੈ। ਸਿੱਖ ਲੀਡਰਸ਼ਿਪ ਨੇ ਜੋ 1947 ਵਿਚ ਗਲਤੀ ਕੀਤੀ ਸੀ ਉਸਨੂੰ ਠੀਕ ਕਰਨ ਲਈ 1973 ਵਿਚ ਅਨੰਦਪੁਰ ਸਾਹਿਬ ਦਾ ਮਤਾ ਲਿਆਂਦਾ ਜਿਸ ਦਾ ਆਦੇਸ਼ ਸੀ ਕਿ ਸੂਬੇ ਨੂੰ ਵੱਧ ਅਧਿਕਾਰ ਦੇਣੇ। 1978 ਵਿਚ ਇਸੇ ਮਤੇ ਨੂੰ ਥੋੜ੍ਹਾ ਜਿਹਾ ਨਰਮ ਕੀਤਾ ਗਿਆ, ਪਰ ਕੇਂਦਰ ਸਰਕਾਰ ਨੇ ਇਕ ਯੋਜਨਾਬੱਧ ਢੰਗ ਨਾਲ ਪੰਜਾਬ ਨੂੰ ਇਕ ਕਲੋਨੀ ਦੀ ਤਰ੍ਹਾਂ ਬਣਾ ਕੇ ਇਸ ਉੱਪਰ ਆਪਣਾ ਅਧਿਕਾਰ ਜਮਾਉਣਾ ਜਾਰੀ ਰੱਖਿਆ। 1982 ਵਿਚ ਜ਼ਿਲ੍ਹਾ ਪਟਿਆਲਾ ਦੇ ਪਿੰਡ ਕਪੂਰੀ ਤੋਂ ਐੱਸ.ਵਾਈ.ਐੱਲ ਨਹਿਰ ਬਣਾਉਣ ਦੀ ਸ਼ੁਰੂਆਤ ਹੋਈ ਜਿਸ ਦਾ ਅਕਾਲੀ ਦਲ ਵਲੋਂ ਵਿਰੋਧ ਕੀਤਾ ਗਿਆ। ਅਖ਼ੀਰ ਕਪੂਰੀ ਮੋਰਚਾ ਧਰਮ ਯੱੁਧ ਮੋਰਚੇ ਵਿਚ ਤਬਦੀਲ ਹੋ ਗਿਆ। ਹੁਣ ਸਿੱਖਾਂ ਵਿਚ ਦੋ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਪੈਦਾ ਹੋ ਚੱੁਕੀਆਂ ਸਨ, ਇਕ ਧੜ੍ਹਾ ਜੋ ਅਕਾਲੀ ਦਲ ਲੌਂਗੋਵਾਲ ਦਾ ਸੀ, ਉਹ ਤਾਂ ਰਵਾਇਤੀ ਲੜਾਈ ਭਾਵ ਸ਼ਾਂਤਮਈ ਸੰਘਰਸ਼ ਦੇ ਰੌਂਅ ਵਿਚ ਸੀ ਪਰ ਦੂਜਾ ਧੜ੍ਹਾ ਨੌਜਵਾਨਾਂ ਦਾ ਸੀ ਜੋ ਹੁਣ ਤੱਕ ਮਨ ਬਣਾ ਚੁੱਕਾ ਸੀ ਕਿ ਕੇਂਦਰ ਤੋਂ ਆਪਣੇ ਹੱਕ ਸਿਰਫ਼ ਹਥਿਆਰਬੰਦ ਸੰਘਰਸ਼ ਨਾਲ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ। ਬਸ ਕੁਝ ਕੁ ਸਾਲਾਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਸਿਆਸਤ ਦਾ ਕੇਂਦਰ ਬਿੰਦੂ ਬਣ ਗਏ ਅਤੇ ਉਨ੍ਹਾਂ ਦੀ ਪ੍ਰਭਾਵਸ਼ਾਲੀ ਸਖਸ਼ੀਅਤ ਨੇ ਸਿੱਖ ਨੌਜਵਾਨਾਂ ਨੂੰ ਆਪਣੇ ਵੱਲ ਖਿੱਚ ਲਿਆ।
ਜੂਨ 1984 ਤੱਕ ਕੇਂਦਰ ਦੀ ਸਰਕਾਰ ਨੇ ਸਿੱਖਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਖਾੜਕੂ ਅੰਦੋਲਨ ਦੀ ਆੜ ਵਿਚ ਇਸ ਨੂੰ ਖ਼ਤਮ ਕਰਨ ਦੀ ਧਾਰ ਲਈ ਅਤੇ ਬੇਵਜ੍ਹਾ ਪੂਰੇ ਭਾਰਤ ਵਿਚ ਸਿੱਖ ਅੱਤਵਾਦ ਦਾ ਹਊਆ ਖੜ੍ਹਾ ਕਰ ਦਿੱਤਾ ਗਿਆ। ਪੂਰੇ ਦੇਸ਼ ਵਿਚ ਸਰਕਾਰੀ ਮੀਡੀਆ ਨੇ ਇਸ ਤਰ੍ਹਾਂ ਜਚਾ ਦਿੱਤਾ ਕਿ ਪੰਜਾਬ ਵਿਚ ਹਿੰਦੂਆਂ ਦੇ ਵੱਡੀ ਪੱਧਰ ’ਤੇ ਕਤਲ ਹੋ ਰਹੇ ਹਨ ਜਦਕਿ ਅੰਕੜੇ ਦੱਸਦੇ ਹਨ ਇਸ ਖਾੜਕੂਵਾਦ ਵਿਚ ਪੁਲਿਸ ਅਤੇ ਖਾੜਕੂਆਂ ਵਿਚਕਾਰ ਚੱਲਦੀ ਜੰਗ ਵਿਚ ਸਿੱਖਾਂ ਦੀਆਂ ਬਹੁਮੁੱਲੀਆਂ ਜਾਨਾਂ ਹਿੰਦੂਆਂ ਨਾਲੋਂ ਕਿਤੇ ਜ਼ਿਆਦਾ ਗਈਆਂ। ਪਰ ਕੇਂਦਰ ਸਰਕਾਰ ਦਾ ਨਿਸ਼ਾਨਾਂ ਤਾਂ ਕੁਝ ਹੋਰ ਸੀ। ਅਖੀਰ ਕੇਂਦਰ ਸਰਕਾਰ ਵਲੋਂ ਇਹ ਪ੍ਰਚਾਰ ਅਰੰਭ ਕਰ ਦਿੱਤਾ ਗਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਪਾਕਿਸਤਾਨ ਦੀਆਂ ਖੁਫੀਆਂ ਏਜੰਸੀਆਂ ਨਾਲ ਰਲ ਕੇ ਖਾਲਿਸਤਾਨ ਦਾ ਐਲਾਨ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ। ਖ਼ੁਫ਼ੀਆ ਤੌਰ ’ਤੇ ਇਹ ਵੀ ਦੱਸਿਆ ਗਿਆ ਕਿ ਪਾਕਿਸਤਾਨ ਹਮਲਾ ਕਰੇਗਾ, ਸਿੱਖ ਫੌਜੀ ਨਾਲ ਰਲਣਗੇ, ਪੰਜਾਬ ਦੇ ਲੋਕ ਪਹਿਲਾਂ ਹੀ ਬਾਗੀ ਹਨ ਅਤੇ ਪੰਜਾਬ ਭਾਰਤ ਨਾਲੋਂ ਕਿਸੇ ਸਮੇਂ ਵੀ ਅਲੱਗ ਹੋ ਸਕਦਾ ਹੈ। ਦੇਸ਼ ਦੀ ਅਖੰਡਤਾ ਦੇ ਨਾਮ ’ਤੇ ਆਪਣੇ ਹੀ ਦੇਸ਼ ਦੇ ਲੋਕਾਂ ਅਤੇ ਉਸਦੇ ਪਵਿੱਤਰ ਅਸਥਾਨ ’ਤੇ ਟੈਂਕਾਂ ਅਤੇ ਤੋਪਾਂ ਨਾਲ ਫੌਜੀ ਹਮਲਾ ਕਰ ਦਿੱਤਾ ਗਿਆ ਜਿਸ ਵਿਚ ਹਜ਼ਾਰਾਂ ਬੇਦੋਸ਼ੇ ਸਿੱਖ ਬੱਚੇ, ਬਜ਼ੁਰਗ, ਬੀਬੀਆਂ ਅਤੇ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਅਕਾਲ ਤਖਤ ਢਹਿ ਢੇਰੀ ਕਰ ਦਿੱਤਾ ਗਿਆ। ਸਿੱਖ ਰੈਂਫ਼ਰੈਂਸ ਲਾਇਬਰੇਰੀ ਨੂੰ ਅੱਗ ਲਾ ਦਿੱਤੀ ਗਈ ਅਤੇ ਬਹੁਮੱੁਲਾ ਇਤਿਹਾਸ ਫੌਜੀ ਹਮਲੇ ਦੌਰਾਨ ਜ਼ਬਤ ਕਰ ਲਿਆ ਗਿਆ ਜੋ ਅੱਜ ਤੱਕ ਨਹੀਂ ਮੋੜਿਆ ਗਿਆ।
ਇਸ ਹਮਲੇ ਤੋਂ 39 ਸਾਲ ਬਾਅਦ ਸਿੱਖਾਂ ਦਾ ਮਸਲਾ ਸੁਲਝਣ ਦੀ ਬਜਾਏ ਹੋਰ ਉਲਝ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਹਮਲੇ ਤੋਂ ਬਾਅਦ ਇਸ ਪੀੜ ਨੇ ਸਿੱਖ ਨੌਜਵਾਨਾਂ ਨੂੰ ਵੱਡੀ ਪੱਧਰ ’ਤੇ ਖਾੜਕੂਵਾਦ ਦੇ ਰਾਹ ਪਾ ਦਿੱਤਾ, ਇਸ ਸਭ ਕਾਸੇ ਦੇ ਜ਼ੁੰਮੇਵਾਰ ਅਫ਼ਸਰਾਂ ਸਮੇਤ ਇੰਦਰਾ ਗਾਂਧੀ ਨੂੰ ਆਪਣੀ ਜਾਨ ਦੇ ਕੇ ਇਸ ਗਲਤੀ ਦੀ ਕੀਮਤ ਚੁਕਾਉਣੀ ਪਈ। ਕੇਂਦਰ ਦੀ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਹਮਲੇ ਦੀ ਗਲਤੀ ਨੇ ਸਿੱਖਾਂ ਵਿਚ ਬੇਗਾਨਗੀ ਦਾ ਅਹਿਸਾਸ ਪੈਦਾ ਕਰ ਦਿੱਤਾ ਜੋ ਕਿ ਅੱਜ ਵੀ 39 ਸਾਲ ਬਾਅਦ ਤੱਕ ਵੀ ਜਾਰੀ ਹੈ। ਜਦ ਵੀ ਜੂਨ ਦਾ ਪਹਿਲਾ ਹਫ਼ਤਾ ਆਉਂਦਾ ਹੈ ਤਦ ਹੀ ਸਿੱਖ ਮਾਨਸਿਕਤਾ ਪੀੜਾ ਨਾਲ ਕੁਰਲਾ ਉੱਠਦੀ ਹੈ ਅਤੇ ਆਪਣੇ ’ਤੇ ਹੋਏ ਜ਼ੁਲਮਾਂ ਨੂੰ ਯਾਦ ਕਰਦੀ ਹੈ। ਪੰਜਾਬ ਦੀਆਂ ਕੁਝ ਸਿਆਸੀ ਧਾਰਮਿਕ ਮੰਗਾਂ ਸਨ ਜੋ 1947 ਵੇਲੇ ਕੀਤੇ ਵਾਅਦਿਆਂ ਮੁਤਾਬਿਕ ਸਹਿਜੇ ਹੀ ਪੂਰੀਆਂ ਕੀਤੀਆਂ ਜਾ ਸਕਦੀਆਂ ਸਨ ਪਰ ਕੇਂਦਰ ਸਰਕਾਰ ਨੇ ਉਸਨੂੰ ਸਿਆਸੀ ਅਤੇ ਧਾਰਮਿਕ ਤੌਰ ’ਤੇ ਨਜਿੱਠਣ ਦੀ ਜਗਾ ਫੌਜ ਨਾਲ ਨਜਿੱਠਿਆ ਜਿਸ ਨੇ ਸਿੱਖ ਮਨਾਂ ਅੰਦਰ ਨਫ਼ਰਤ ਅਤੇ ਬੇਗਾਨਗੀ ਪੈਦਾ ਕਰ ਦਿੱਤੀ ਜੋ ਕਿ ਬਾਦਸਤੂਰ ਜਾਰੀ ਹੈ। ਦੂਜੇ ਪਾਸੇ ਸਿੱਖਾਂ ਦਾ ਦੇਸ਼ ਵਿਦੇਸ਼ ਵਿਚ ਬੈਠਾ ਇਕ ਵਰਗ ਖਾੜਕੂ ਸੰਘਰਸ਼ ਜਿਸ ਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਜੱਦੋ-ਜਹਿਦ ਕੀਤੀ ਸੀ ਦੀ ਤਰਜ਼ ’ਤੇ ਸਿੱਖਾਂ ਦੇ ਮਸਲਿਆਂ ਦਾ ਹੱਲ ਖਾਲਿਸਤਾਨ ਦੀ ਪ੍ਰਾਪਤੀ ਨੂੰ ਹੀ ਸਮਝ ਰਿਹਾ ਹੈ। ਇਹ ਸ਼ਾਇਦ ਉਦੋਂ ਤੱਕ ਇੰਝ ਹੀ ਚੱਲਦਾ ਰਵੇ ਜਦ ਤੱਕ ਭਾਰਤ ਦੀ ਬਹੁਗਿਣਤੀ ਕੇਂਦਰੀ ਲੀਡਰਸ਼ਿਪ ਸਿੱਖਾਂ ਦੀ 1947 ਤੋਂ ਬਾਅਦ ਪੈਦਾ ਹੋਈ ਮਾਨਸਿਕ ਪੀੜਾਂ ਨੂੰ ਸਮਝ ਕੇ ਇਸ ਦਾ ਯੋਗ ਹੱਲ ਨਹੀਂ ਲੱਭ ਲੈਂਦੀ।