ਸਰਕਾਰੀ ਐਮੀਨੈਂਸ ਸਕੂਲ: ਲੈਂਟਰ ਡਿੱਗਣ ਕਾਰਨ ਅਧਿਆਪਕਾ ਦੀ ਮੌਤ

ਸਰਕਾਰੀ ਐਮੀਨੈਂਸ ਸਕੂਲ: ਲੈਂਟਰ ਡਿੱਗਣ ਕਾਰਨ ਅਧਿਆਪਕਾ ਦੀ ਮੌਤ
ਲੁਧਿਆਣਾ-ਪਿੰਡ ਬੱਦੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦੂਜੀ ਮੰਜ਼ਿਲ ਦੇ ਕਮਰੇ ਦਾ ਲੈਂਟਰ ਡਿੱਗਣ ਕਾਰਨ ਹੇਠਲੀ ਮੰਜ਼ਿਲ ’ਤੇ ਬਣੇ ਸਟਾਫ ਰੂਮ ਦਾ ਲੈਂਟਰ ਵੀ ਟੁੱਟ ਗਿਆ, ਜਿਸ ਕਾਰਨ ਖਾਣਾ ਖਾ ਰਹੀਆਂ ਚਾਰ ਅਧਿਆਪਕਾਂ ਮਲਬੇ ਹੇਠ ਦੱਬ ਗਈਆਂ। ਇਸ ਦੌਰਾਨ ਇੱਕ ਅਧਿਆਪਕਾ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਈਆਂ। ਮ੍ਰਿਤਕਾ ਦੀ ਪਛਾਣ ਰਵਿੰਦਰ ਕੌਰ ਵਜੋਂ ਹੋਈ ਹੈ, ਜੋ ਕੁਝ ਸਮਾਂ ਪਹਿਲਾਂ ਹੀ ਪਿੰਡ ਨੂਰਪੁਰ ਬੇਟ ਤੋਂ ਬਦਲ ਕੇ ਇੱਥੇ ਆਏ ਸਨ। ਜ਼ਖ਼ਮੀਆਂ ਵਿੱਚ ਅੰਗਰੇਜ਼ੀ ਅਧਿਆਪਕਾ ਨਰਿੰਦਰਜੀਤ ਕੌਰ, ਗਣਿਤ ਅਧਿਆਪਕਾ ਇੰਦੂ ਰਾਣੀ, ਪ੍ਰੀ-ਪ੍ਰਾਇਮਰੀ ਅਧਿਆਪਕਾ ਸੁਰਜੀਤ ਕੌਰ ਦੇ ਨਾਂ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਸਕੂਲ ਨੂੰ ਸਰਕਾਰ ਵੱਲੋਂ ਐਮੀਨੈਂਸ ਸਕੂਲ ਬਣਾਇਆ ਗਿਆ ਹੈ, ਜਿਸ ਕਰਕੇ ਇੱਥੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਸੀ। ਇਹ ਇਮਾਰਤ ਕਰੀਬ 40-50 ਸਾਲ ਪੁਰਾਣੀ ਦੱਸੀ ਜਾ ਰਹੀ ਹੈ। ਸਥਾਨਕ ਲੋਕਾਂ ਅਨੁਸਾਰ ਸਕੂਲ ਦੀ ਉਪਰਲੀ ਮੰਜ਼ਿਲ ’ਤੇ ਕਮਰੇ ਦੀ ਉਸਾਰੀ ਚੱਲ ਰਹੀ ਸੀ, ਜਿਸ ਦੌਰਾਨ ਕਮਰੇ ਦਾ ਲੈਂਟਰ ਡਿੱਗ ਗਿਆ। ਜਦੋਂ ਮਲਬੇ ਦਾ ਭਾਰ ਹੇਠਲੇ ਕਮਰੇ ਦੀ ਛੱਤ ’ਤੇ ਪਿਆ ਤਾਂ ਉਹ ਵੀ ਢਹਿ-ਢੇਰੀ ਹੋ ਗਿਆ। ਹਾਦਸੇ ਦੌਰਾਨ ਹੇਠਲੇ ਕਮਰੇ ’ਚ ਦੁਪਹਿਰ ਦਾ ਖਾਣਾ ਖਾ ਰਹੀਆਂ ਚਾਰ ਅਧਿਆਪਕਾਵਾਂ ਮਲਬੇ ਹੇਠ ਦੱਬ ਗਈਆਂ। ਪ੍ਰਤੱਖਦਰਸ਼ੀਆਂ ਅਤੇ ਸਟਾਫ ਦੀ ਮਦਦ ਨਾਲ ਦੋ ਅਧਿਆਪਕਾਵਾਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਦਕਿ ਦੋ ਅਧਿਆਪਕਾਵਾਂ ਕਾਫ਼ੀ ਸਮੇਂ ਤੱਕ ਮਲਬੇ ਹੇਠ ਦਬੀਆਂ ਰਹੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਸਕੂਲ ਦੀ ਮੁਰੰਮਤ ਦਾ ਕੰਮ ਕਰ ਰਹੇ ਠੇਕੇਦਾਰ ਖ਼ਿਲਾਫ਼ ਐੱਫਆਈਆਰ ਦਰਜ ਕਰਨ ਅਤੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀ ਅਧਿਆਪਕਾਵਾਂ ਦਾ ਹਾਲ-ਚਾਲ ਪੁੱਛਿਆ। ਜ਼ਖ਼ਮੀ ਅਧਿਆਪਕਾ ਨਰਿੰਦਰਜੀਤ ਕੌਰ ਇਸ ਵੇਲੇ ਡੀਐੱਮਸੀ ਹਸਪਤਾਲ ਲੁਧਿਆਣਾ, ਜਦਕਿ ਸੁਖਜੀਤ ਕੌਰ ਅਤੇ ਇੰਦੂ ਰਾਣੀ ਲੁਧਿਆਣਾ ਦੇ ਮੈਡੀਵੇਜ਼ ਵਿੱਚ ਜ਼ੇਰੇ ਇਲਾਜ ਹਨ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਲੁਧਿਆਣਾ ਦਿਹਾਤੀ ਪੁਲੀਸ ਵੱਲੋਂ ਠੇਕੇਦਾਰ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾ ਰਹੀ ਹੈ। ਡੀਸੀ ਨੇ ਕਿਹਾ ਕਿ ਅਧਿਆਪਕਾਂ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾਵੇਗਾ।
ਇਸੇ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ’ਤੇ ਮ੍ਰਿਤਕ ਅਧਿਆਪਕਾ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਜ਼ਿਲ੍ਹਾ ਪ੍ਰਸਾਸ਼ਨ ਤੇ ਸਿੱਖਿਆ ਅਧਿਕਾਰੀਆਂ ਨੂੰ ਹਰ ਸੰਭਵ ਸਹਾਇਤਾ ਪਹੁੰਚਾਉਣ ਬਾਰੇ ਕਿਹਾ ਹੈ।