ਸ਼ਹੀਦ ਕਰਨਲ ਮਨਪ੍ਰੀਤ ਸਿੰਘ ਤੇ ਮੇਜਰ ਆਸ਼ੀਸ਼ ਦਾ ਸਸਕਾਰ

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਤੇ ਮੇਜਰ ਆਸ਼ੀਸ਼ ਦਾ ਸਸਕਾਰ

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਤੇ ਮੇਜਰ ਆਸ਼ੀਸ਼ ਦਾ ਸਸਕਾਰ
ਚੰਡੀਗੜ੍ਹ-ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਅੱਜ ਪਿੰਡ ਭੜੌਜੀਆਂ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਉਨ੍ਹਾਂ ਦੀ ਜੰਮੂ ਕਸ਼ਮੀਰ ਦੇ ਅਨੰਤਨਾਗ ਵਿੱਚ ਦਹਿਸ਼ਤਗਰਦਾਂ ਦੇ ਹਮਲੇ ਦੌਰਾਨ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਸੀ। ਅੱਜ ਸਵੇਰੇ ਸਾਢੇ ਗਿਆਰਾਂ ਵਜੇ ਪਿੰਡ ਵਿੱਚ ਕਰਨਲ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪਹੁੰਚਣ ਵੇਲੇ ਵੱਡੀ ਗਿਣਤੀ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ। ਘਰ ਦੇ ਵਿਹੜੇ ਵਿੱਚ ਕੁਝ ਸਮੇਂ ਲਈ ਕਰਨਲ ਦੀ ਮ੍ਰਿਤਕ ਦੇਹ ਲੋਕਾਂ ਦੇ ਦਰਸ਼ਨਾਂ ਲਈ ਰੱਖੀ ਗਈ। ਉਪਰੰਤ ਫੌਜੀ ਅਫ਼ਸਰਾਂ, ਪੰਜਾਬ ਸਰਕਾਰ ਦੇ ਨੁਮਾਇੰਦਿਆਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਮਨਪ੍ਰੀਤ ਸਿੰਘ ਨੂੰ ਫੌਜ ਦੀਆਂ ਵੱਖ-ਵੱਖ ਟੁਕੜੀਆਂ ਦੇ ਦਸਤਿਆਂ ਵੱਲੋਂ ਸਲਾਮੀ ਦਿੱਤੀ ਗਈ।
ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਚਿਖਾ ਨੂੰ ਅੱਗ ਉਸ ਦੇ ਸੱਤ ਸਾਲਾ ਪੁੱਤਰ ਕਬੀਰ ਨੇ ਦਿਖਾਈ, ਜਿਸ ਨੇ ਫੌਜੀ ਵਰਦੀ ਪਾਈ ਹੋਈ ਸੀ ਤੇ ਉਸ ਨੇ ਆਪਣੇ ਪਿਤਾ ਨੂੰ ਸਲੂਟ ਮਾਰ ਕੇ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਸ਼ਹੀਦ ਦੀਆਂ ਭੈਣਾਂ ਨੇ ਆਪਣੇ ਭਰਾ ਦੇ ਗੁੱਟ ’ਤੇ ਰੱਖੜੀਆਂ ਵੀ ਬੰਨ੍ਹੀਆਂ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ਼ਰਧਾ ਦੇ ਫੁਲ ਭੇਟ ਕੀਤੇ। ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਅਨਮੋਲ ਗਗਨ ਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਤੇ ਐੱਸਐੱਸਪੀ ਸੰਦੀਪ ਗਰਗ ਨੇ ਇਲਾਕੇ ਦੇ ਮਹਾਨ ਸਪੂਤ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਦੇ ਚਾਚਾ ਹਰਮੇਸ਼ ਸਿੰਘ ਤੇ ਰਣਜੀਤ ਸਿੰਘ ਨੇ ਦੱਸਿਆ ਕਿ ਕਰਨਲ ਮਨਪ੍ਰੀਤ ਸਿੰਘ 19 ਰਾਸ਼ਟਰੀ ਰਾਈਫਲਜ਼ ਵਿੱਚ ਸਿੱਧਾ ਲੈਫਟੀਨੈਂਟ ਭਰਤੀ ਹੋਇਆ ਸੀ ਜੋ 2005 ਦੌਰਾਨ ਕਰਨਲ ਬਣਿਆ ਸੀ। ਕਰਨਲ ਮਨਪ੍ਰੀਤ ਸਿੰਘ ਦੇ ਛੋਟੇ ਭਰਾ ਸੰਦੀਪ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਮਨਪ੍ਰੀਤ ਸਿੰਘ ਦਾ ਵਿਆਹ ਜਗਮੀਤ ਕੌਰ ਨਾਲ ਹੋਇਆ ਸੀ ਜੋ ਮੋਰਨੀ ਇਲਾਕੇ ਵਿੱਚ ਸਕੂਲ ਵਿੱਚ ਅਧਿਆਪਕਾ ਵਜੋਂ ਤਾਇਨਾਤ ਹੈ। ਮਨਪ੍ਰੀਤ ਦੇ 7 ਸਾਲ ਦਾ ਲੜਕਾ ਕਬੀਰ ਅਤੇ ਢਾਈ ਕੁ ਸਾਲ ਦੀ ਲੜਕੀ ਬਾਣੀ ਹੈ। ਸਸਕਾਰ ਮੌਕੇ ਵੱਡੀ ਗਿਣਤੀ ਲੋਕਾਂ ਨੇ ਭਾਰਤ ਮਾਤਾ ਦੀ ਜੈ ਹੋ ਅਤੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਅਮਰ ਰਹੇ ਦੇ ਨਾਅਰੇ ਲਾਏ। ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਵੱਲੋਂ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ ਅਤੇ 15 ਹਵਾਈ ਫਾਇਰ ਕੀਤੇ ਗਏ।
ਉਧਰ, ਜੰਮੂ ਕਸ਼ਮੀਰ ਵਿੱਚ ਦਹਿਸ਼ਤਗਰਦੀ ਹਮਲੇ ’ਚ ਸ਼ਹੀਦ ਹੋਏ ਮੇਜਰ ਆਸ਼ੀਸ਼ ਧਨਚੈਕ ਦਾ ਪਾਣੀਪਤ ਵਿਚਲੇ ਜੱਦੀ ਪਿੰਡ ਬਿੰਜੌਲ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਪਾਣੀਪਤ ਵਿਚਲੇ ਉਨ੍ਹਾਂ ਦੇ ਘਰ ਵਿਚ ਸ਼ਹੀਦ ਦੀ ਦੇਹ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਜਿਥੋਂ ਫੌਜ ਦੇ ਵਾਹਨ ਵਿਚ ਸ਼ਹੀਦ ਦੀ ਮ੍ਰਿਤਕ ਦੇਹ ਜੱਦੀ ਪਿੰਡ ਪਹੁੰਚਾਈ ਗਈ। ਪਾਣੀਪਤ ਤੋਂ ਸ਼ਹੀਦ ਦਾ ਜੱਦੀ ਘਰ ਅੱਠ ਕਿਲੋਮੀਟਰ ਦੂਰ ਹੈ ਤੇ ਰਾਹ ਵਿਚ ਕਈ ਥਾਈਂ ਲੋਕਾਂ ਨੇ ਸ਼ਹੀਦ ਨੂੰ ਸਲੂਟ ਮਾਰ ਕੇ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਵੱਡੀ ਗਿਣਤੀ ਨੌਜਵਾਨ ਤੇ ਖੇਤਰ ਵਾਸੀ ਉਨ੍ਹਾਂ ਦੇ ਕਾਫਲੇ ਦੇ ਅੱਗੇ ਨਾਅਰੇ ਲਾਉਂਦੇ ਹੋਏ ਗਏ। ਇਥੇ ਫੌਜੀ ਜਵਾਨਾਂ ਵੱਲੋਂ ਸਲਾਮੀ ਦੇਣ ਤੋਂ ਬਾਅਦ ਸ਼ਹੀਦ ਦਾ ਸਸਕਾਰ ਕੀਤਾ ਗਿਆ। ਇਸ ਮੌਕੇ ਫੌਜ ਦੇ ਸੀਨੀਅਰ ਅਧਿਕਾਰੀ, ਪਿੰਡ ਵਾਸੀ ਅਤੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਜਾਣਕਾਰੀ ਅਨੁਸਾਰ ਮੇਜਰ ਆਸ਼ੀਸ਼ ਦਾ ਪਰਿਵਾਰ ਪਾਣੀਪਤ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਤੇ ਉਨ੍ਹਾਂ ਅਕਤੂਬਰ ਵਿੱਚ ਪਾਣੀਪਤ ਵਿੱਚ ਇੱਕ ਨਵੇਂ ਘਰ ਵਿੱਚ ਸ਼ਿਫਟ ਹੋਣ ਦੀ ਯੋਜਨਾ ਬਣਾਈ ਸੀ। ਗੁਆਂਢੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਦੇਸ਼ ਦਾ ਮਹਾਨ ਸਪੂਤ ਤਿਰੰਗੇ ਵਿੱਚ ਲਿਪਟਿਆ ਹੋਇਆ ਤਾਬੂਤ ਵਿੱਚ ਵਾਪਸ ਆਵੇਗਾ।

Radio Mirchi