ਸਰਕਾਰ ਸੰਸਦੀ ਲੋਕਤੰਤਰ ਦੇ ਸਿਧਾਂਤਾਂ ਦੀ ਕਰ ਰਹੀ ਹੈ ਉਲੰਘਣਾ: ਵਿਰੋਧੀ ਧਿਰ

ਸਰਕਾਰ ਸੰਸਦੀ ਲੋਕਤੰਤਰ ਦੇ ਸਿਧਾਂਤਾਂ ਦੀ ਕਰ ਰਹੀ ਹੈ ਉਲੰਘਣਾ: ਵਿਰੋਧੀ ਧਿਰ

ਸਰਕਾਰ ਸੰਸਦੀ ਲੋਕਤੰਤਰ ਦੇ ਸਿਧਾਂਤਾਂ ਦੀ ਕਰ ਰਹੀ ਹੈ ਉਲੰਘਣਾ: ਵਿਰੋਧੀ ਧਿਰ
ਨਵੀਂ ਦਿੱਲੀ-ਵਿਰੋਧੀ ਧਿਰ ਦੇ ਮੈਂਬਰਾਂ ਨੇ ਰਾਜ ਸਭਾ ’ਚ ਚਰਚਾ ਦੌਰਾਨ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਬਹੁਗਿਣਤੀਵਾਦ ਨੂੰ ਸ਼ਹਿ ਦਿੰਦੀ ਹੈ ਅਤੇ ਸੰਸਦੀ ਲੋਕਤੰਤਰ ਦੇ ਸਿਧਾਂਤਾਂ ਦੀ ਉਲੰਘਣਾ ਕਰ ਰਹੀ ਹੈ। ਵਿਰੋਧੀ ਧਿਰ ਨੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ‘ਬੁਲਡੋਜ਼ਰ’ ਵਾਲੇ ਇਨਸਾਫ਼ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਬੇਰੁਜ਼ਗਾਰੀ ਦੇ ਗੰਭੀਰ ਸਿੱਟੇ ਨਿਕਲਣ ਦੀ ਚਿਤਾਵਨੀ ਵੀ ਦਿੱਤੀ। ਰਾਜ ਸਭਾ ’ਚ ਅੱਜ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਅੜਿੱਕੇ ਡਾਹੁਣ ਅਤੇ ਰੌਲਾ-ਰੱਪਾ ਪਾਉਣ ਨੂੰ ਹਥਿਆਰ ਬਣਾਉਣ ਦੀ ਰਣਨੀਤੀ ਲੋਕਾਂ ਵੱਲੋਂ ਕਦੇ ਵੀ ਸਵੀਕਾਰ ਨਹੀਂ ਕੀਤੀ ਜਾਵੇਗੀ। ਉਨ੍ਹਾਂ ਰਾਜ ਸਭਾ ਮੈਂਬਰਾਂ ਨੂੰ ਕਿਹਾ ਕਿ ਟਕਰਾਅ ਵਾਲੇ ਰੁਖ ਤੋਂ ਬਚਿਆ ਜਾਵੇ। ਸੰਸਦ ਦੇ ਪੰਜ ਰੋਜ਼ਾ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਰਾਜ ਸਭਾ ’ਚ ਧਨਖੜ ਨੇ ਕਿਹਾ ਕਿ ਸੰਵਿਧਾਨ ਸਭਾ ਤੋਂ ਮੌਜੂਦਾ ਅੰਮ੍ਰਿਤ ਕਾਲ ਦੇ ਸੱਤ ਦਹਾਕਿਆਂ ਦੇ ਸਫ਼ਰ ਦੌਰਾਨ ਸੰਸਦ ਨੇ ਕਈ ਮੀਲਪੱਥਰ ਦੇਖੇ ਹਨ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਨੂੰ ਲੋਕਾਂ ਦੇ ਭਰੋਸੇ ਨੂੰ ਕਾਇਮ ਰੱਖਣਾ ਚਾਹੀਦਾ ਹੈ। ਧਨਖੜ ਨੇ ਕਿਹਾ ਕਿ ਇਹ ਮੌਕਾ ਭਾਰਤ ਦੇ ਆਜ਼ਾਦੀ ਘੁਲਾਟੀਆਂ ਅਤੇ ਸੰਵਿਧਾਨ ਨਿਰਮਾਤਾਵਾਂ ਨੂੰ ਯਾਦ ਕਰਨ ਦਾ ਹੈ। ਉਨ੍ਹਾਂ ਮੈਂਬਰਾਂ ਨੂੰ ਸੰਸਦ ਅੰਦਰ ਹਾਸੇ-ਠੱਠੇ ਦੀ ਵਰਤੋਂ ਕਰਨ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅੱਜ-ਕੱਲ ਅਜਿਹੇ ਹਲਕੇ-ਫੁਲਕੇ ਅੰਦਾਜ਼ ਦੇਖਣ ਨੂੰ ਘੱਟ ਹੀ ਮਿਲਦੇ ਹਨ। ਚੇਅਰਮੈਨ ਨੇ ਕਿਹਾ ਕਿ ਸੰਸਦ ਦੇ 75 ਸਾਲਾਂ ਦੇ ਸਫ਼ਰ ਬਾਰੇ ਛੇ ਘੰਟਿਆਂ ਦੀ ਚਰਚਾ ਕਰਵਾਈ ਜਾ ਰਹੀ ਹੈ ਜਿਸ ’ਚ ਸਾਰੇ ਮੈਂਬਰ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਨ। ਸਦਨ ਦੇ ਨੇਤਾ ਅਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਚਰਚਾ ਦੀ ਸ਼ੁਰੂਆਤ ਕਰਦਿਆਂ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਵਿਕਸਤ ਮੁਲਕ ਬਣਾਉਣ ਦਾ ਸੱਦਾ ਦਿੱਤਾ। ਚਰਚਾ ’ਚ ਹਿੱਸਾ ਲੈਂਦਿਆਂ ਆਰਜੇਡੀ ਦੇ ਮਨੋਜ ਕੁਮਾਰ ਝਾਅ ਨੇ ਸੰਵਿਧਾਨ ਨਿਰਮਾਤਾ ਬੀ ਆਰ ਅੰਬੇਦਕਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਤੰਤਰ ਦਾ ਮਤਲਬ ਬਹੁਮਤ ਨੂੰ ਢਾਹ ਲਾਉਣ ਤੋਂ ਰੋਕਣਾ ਵੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਚਲਾਉਣ ਲਈ ਬਹੁਮਤ ਦੀ ਲੋੜ ਹੁੰਦੀ ਹੈ ਪਰ ਬਹੁਮਤ ਅਤੇ ਬਹੁਗਿਣਤੀਵਾਦ ਵਿਚਕਾਰ ਬਹੁਤ ਵੱਡਾ ਫਰਕ ਹੈ। ‘ਜਦੋਂ ਸਾਡੀ ਸਰਕਾਰ ਇਹ ਫਰਕ ਭੁੱਲ ਜਾਂਦੀ ਹੈ ਅਤੇ ਜਦੋਂ ਅਸੀਂ ਛੋਟੀ ਜਿਹੀ ਆਲੋਚਨਾ ਕਰਦੇ ਹਾਂ ਜਿਹੜੀ ਨਿੱਜੀ ਨਹੀਂ ਹੁੰਦੀ ਹੈ ਤਾਂ ਸਾਨੂੰ ਪਾਕਿਸਤਾਨ ਜਾਣ ਲਈ ਆਖ ਦਿੱਤਾ ਜਾਂਦਾ ਹੈ।’ ਉਨ੍ਹਾਂ ਕਿਹਾ ਕਿ ਜੇਕਰ ਸਾਰੇ ਆਲੋਚਕ ਗੁਆਂਢੀ ਮੁਲਕ ’ਚ ਚਲੇ ਗਏ ਤਾਂ ਉਨ੍ਹਾਂ ਨੂੰ ਸਾਰਿਆਂ ਨੂੰ ਸਾਂਭਣਾ ਮੁਸ਼ਕਲ ਹੋ ਜਾਵੇਗਾ। ਡੀਐੱਮਕੇ ਦੇ ਤਿਰੁਚੀ ਸ਼ਿਵਾ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੀ ਭੂਮਿਕਾ ਘਟਾਈ ਜਾ ਰਹੀ ਹੈ। ਸੀਪੀਐੱਮ ਦੇ ਜੌਹਨ ਬ੍ਰਿਟਾਸ ਨੇ ਕਿਹਾ ਕਿ ਮੌਜੂਦਾ ਸਰਕਾਰ ਸੰਸਦੀ ਲੋਕਤੰਤਰ ਦੀਆਂ ਧੱਜੀਆਂ ਉਡਾ ਰਹੀ ਹੈ ਜੋ ਸੰਸਦ ਮੈਂਬਰਾਂ ਦੀ ਜਵਾਬਦੇਹੀ ਤੈਅ ਕਰਦੀ ਹੈ। ਐੱਮਡੀਐੱਮਕੇ ਦੇ ਵਾਇਕੋ ਨੇ ਕਿਹਾ ਕਿ ਸਰਕਾਰ ਦੇਸ਼ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੁਸਲਮਾਨ ਵਰਗੀਆਂ ਘੱਟ ਗਿਣਤੀਆਂ ਖ਼ਤਰੇ ’ਚ ਹਨ ਜਿਸ ਦੇ ਗੰਭੀਰ ਸਿੱਟੇ ਨਿਕਲਣਗੇ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ’ਚ ਮੁਲਕ ਸੋਵੀਅਤ ਯੂਨੀਅਨ ਬਣ ਜਾਵੇਗਾ। 

Radio Mirchi