ਕੈਨੇਡਾ ਵੱਲੋਂ ਭਾਰਤ ਖਿਲਾਫ਼ ਲਾਏ ਦੋਸ਼ ਗੰਭੀਰ: ਅਮਰੀਕਾ
ਕੈਨੇਡਾ ਵੱਲੋਂ ਭਾਰਤ ਖਿਲਾਫ਼ ਲਾਏ ਦੋਸ਼ ਗੰਭੀਰ: ਅਮਰੀਕਾ
ਵਾਸ਼ਿੰਗਟਨ-ਵ੍ਹਾਈਟ ਹਾਊਸ ਨੇ ਕਿਹਾ ਕਿ ਖਾਲਿਸਤਾਨ ਪੱਖੀ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਸ਼ਮੂਲੀਅਤ ਸਬੰਧੀ ਕੈਨੇਡਾ ਵੱਲੋਂ ਲਾਏ ਦੋਸ਼ ‘ਗੰਭੀਰ’ ਹਨ, ਜਨਿ੍ਹਾਂ ਦੀ ਮੁਕੰਮਲ ਜਾਂਚ ਕੀਤੇ ਜਾਣ ਦੀ ਲੋੜ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਨੇ ਦੇਸ਼ ਦੀ ਸੰਸਦ ਵਿੱਚ ਦਾਅਵਾ ਕੀਤਾ ਸੀ ਕਿ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੈ। ਟਰੂਡੋ ਦੇ ਇਸ ਦਾਅਵੇ ਮਗਰੋਂ ਦੋਵਾਂ ਮੁਲਕਾਂ ਵਿੱਚ ਕੂਟਨੀਤਕ ਟਕਰਾਅ ਸਿਖਰ ’ਤੇ ਹੈ।
ਵ੍ਹਾਈਟ ਹਾਊਸ ਵਿੱਚ ਨੈਸ਼ਨਲ ਸਕਿਓਰਿਟੀ ਕੌਂਸਲ ਵਿੱਚ ਰਣਨੀਤਕ ਸੰਚਾਰ ਬਾਰੇ ਕੋਆਰਡੀਨੇਟਰ ਜੌਹਨ ਕਿਰਬੀ ਨੇ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਦੀ ਅਮਰੀਕਾ ਫੇਰੀ ਦੌਰਾਨ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਤੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਇਹ ਮਸਲਾ ਉਨ੍ਹਾਂ ਨਾਲ ਵਿਚਾਰਿਆ ਸੀ। ਕਿਰਬੀ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਇਸ ਮਸਲੇ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਅਸੀਂ ਯਕੀਨੀ ਤੌਰ ’ਤੇ ਇਹ ਮਸਲਾ ਦੋਵਾਂ ਮੁਲਕਾਂ ’ਤੇ ਛੱਡ ਦਿੱਤਾ ਹੈ ਕਿ ਉਹ ਦੁਵੱਲੇ ਰਿਸ਼ਤਿਆਂ ਬਾਰੇ ਗੱਲਬਾਤ ਕਰਨ।’’ ਕਿਰਬੀ ਨੇ ਕਿਹਾ, ‘‘ਅਸੀਂ ਸਪਸ਼ਟ ਹਾਂ ਕਿ ਇਹ ਦੋਸ਼ ਬਹੁਤ ਗੰਭੀਰ ਹਨ। ਇਨ੍ਹਾਂ ਦੀ ਮੁਕੰਮਲ ਜਾਂਚ ਦੀ ਲੋੜ ਹੈ ਤੇ ਅਸੀਂ ਜਵਿੇਂ ਪਹਿਲਾਂ ਕਹਿ ਚੁੱਕੇ ਹਾਂ… ਅਸੀਂ ਭਾਰਤ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਜਾਂਚ ਵਿੱਚ ਸਰਗਰਮੀ ਨਾਲ ਸ਼ਾਮਲ ਹੋਵੇ।’’
ਵਿਦੇਸ਼ ਵਿਭਾਗ ਦੇ ਉਪ ਤਰਜਮਾਨ ਵੇਦਾਂਤ ਪਟੇਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੈਨੇਡਾ ਦੀ ਜਾਂਚ ਦਾ ਅੱਗੇ ਵਧਣਾ ਤੇ ਜਾਰੀ ਰਹਿਣਾ ਅਹਿਮ ਹੈ ਤੇ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾਇਆ ਜਾਵੇ।