ਨਿੱਝਰ ਹੱਤਿਆ: ਦੁਵੱਲੀ ਕੁੜੱਤਣ ਘਟਾਉਣ ਲਈ ਸੰਵਾਦ ਜ਼ਰੂਰੀ: ਮਿਲੇਨੀ ਜੌਲੀ
ਨਿੱਝਰ ਹੱਤਿਆ: ਦੁਵੱਲੀ ਕੁੜੱਤਣ ਘਟਾਉਣ ਲਈ ਸੰਵਾਦ ਜ਼ਰੂਰੀ: ਮਿਲੇਨੀ ਜੌਲੀ
ਵੈਨਕੂਵਰ-ਭਾਰਤ ਵੱਲੋਂ ਕੈਨੇਡਾ ਤੋਂ ਆਪਣੇ 41 ਸਫ਼ੀਰ ਵਾਪਸ ਬੁਲਾਏ ਜਾਣ ਦੀਆਂ ਰਿਪੋਰਟਾਂ ਨੂੰ ਅਫਸੋਸਨਾਕ ਆਖਦਿਆਂ ਵਿਦੇਸ਼ ਮੰਤਰੀ ਬੀਬੀ ਮਿਲੇਨੀ ਜੌਲੀ ਨੇ ਕਿਹਾ ਕਿ ਚੁਣੌਤੀਆਂ ਤੇ ਕੁੜੱਤਣ ਭਰੇ ਮਾਹੌਲ ਨੂੰ ਠੰਢਾ ਕਰਨ ਲਈ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸੰਵਾਦ ਹੋਣਾ ਬਹੁਤ ਜ਼ਰੂਰੀ ਹੈ। ਪ੍ਰਧਾਨ ਮੰਤਰੀ ਜਸਟਨਿ ਟਰੂਡੋ ਨੇ ਬਾਅਦ ਵਿੱਚ ਜੌਲੀ ਦੇ ਇਸ ਬਿਆਨ ਦਾ ਸਮਰਥਨ ਕੀਤਾ ਹੈ।
ਹਾਲਾਂਕਿ, ਕੈਨੇਡਾ ਸਰਕਾਰ ਨੇ ਦੋ-ਤਿਹਾਈ ਸਫ਼ੀਰਾਂ ਦੀ ਅਗਲੇ ਹਫ਼ਤੇ ਤੱਕ ਵਾਪਸੀ ਵਾਲੇ ਭਾਰਤੀ ਆਦੇਸ਼ ਮਿਲਣ ਤੋਂ ਪੱਲਾ ਝਾੜ ਲਿਆ ਅਤੇ ਪ੍ਰਮੁੱਖ ਅਖਬਾਰ ਵਿਚ ਛਪੀ ਇਸ ਸਬੰਧੀ ਖ਼ਬਰ ਬਾਰੇ ਹਾਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ। ਜਸਟਨਿ ਟਰੂਡੋ ਨੇ ਪਿਛਲੇ ਮਹੀਨੇ ਸੰਸਦ ਨੂੰ ਸੰਬੋਧਨ ਕਰਦਿਆਂ ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਲਈ ਭਾਰਤੀ ਖੁਫ਼ੀਆ ਤੰਤਰ ਦੀ ਸਾਜਿਸ਼ ਦੇ ਪੱਕੇ ਸਬੂਤ ਹੋਣ ਦਾ ਦੋਸ਼ ਲਾਇਆ ਸੀ। ਕੈਨੇਡਾ ਵੱਲੋਂ ਭਾਰਤੀ ਖੁਫ਼ੀਆ ਏਜੰਸੀ ‘ਰਾਅ’ ਦੇ ਉੱਚ ਅਧਿਕਾਰੀ ਪਵਨ ਕੁਮਾਰ ਰਾਏ ਨੂੰ ਵਾਪਸ ਭੇਜੇ ਜਾਣ ਮਗਰੋਂ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧ ’ਚ ਤਣਾਅ ਹੈ। ਉਧਰ, ਅਮਰੀਕਾ ਨੇ ਵੀ ਨਿੱਝਰ ਹੱਤਿਆ ਮਾਮਲੇ ਦੀ ਜਾਂਚ ਵਿੱਚ ਭਾਰਤ ਨੂੰ ਸਹਿਯੋਗ ਕਰਨ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਸਰੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ 18 ਜੂਨ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੁਰਦੁਆਰਾ ਪਾਰਕਿੰਗ ਵਿੱਚ ਹੱਤਿਆ ਕਰ ਦਿੱਤੀ ਸੀ।